ਯੂਕਰੇਨ: ਨੌਂ ਹਜ਼ਾਰ ਤੋਂ ਵੱਧ ਲੋਕਾਂ ਨੇ ਮਾਰੀਯੂਪੋਲ ਛੱਡ ਦਿੱਤਾ
ਕੀਵ (ਏਜੰਸੀ) ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ 9000 ਤੋਂ ਜ਼ਿਆਦਾ ਲੋਕ ਬੰਦਰਗਾਹ ਸ਼ਹਿਰ ਮਾਰੀਯੂਪੋਲ ਨੂੰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਚਲੇ ਗਏ ਹਨ। ਇਹ ਜਾਣਕਾਰੀ ਖਲੀਜ ਟਾਈਮਜ਼ ਦੀ ਰਿਪੋਰਟ ਵਿੱਚ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਹੁਣ ਤੱਕ ਮਾਨਵਤਾਵਾਦੀ ਗਲਿਆਰਿਆਂ ਰਾਹੀਂ ਕੱਲ੍ਹ 1,80,000 ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਜ਼ੇਲੇਂਸਕੀ ਨੇ ਦੋਸ਼ ਲਗਾਇਆ ਕਿ ਰੂਸੀ ਫੌਜ ਜਾਣ ਬੁੱਝ ਕੇ ਯੂਕਰੇਨ ਦੇ ਸਭ ਤੋਂ ਵੱਡੇ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਤਾਂ ਜੋ ਯੂਕਰੇਨ ਦੇ ਲੋਕਾਂ ਨੂੰ ਉਹਨਾਂ ਨਾਲ ਸਹਿਯੋਗ ਕਰਨ ਲਈ ਮਜਬੂਰ ਕੀਤਾ ਜਾ ਸਕੇ। ਉਹਨਾਂ ਨੇ ਰੂਸ ’ਤੇ ਦੇਸ਼ ਦੇ ਕੇਂਦਰ ਅਤੇ ਦੱਖਣ ਪੂਰਬ ਦੇ ਸ਼ਹਿਰਾਂ ਨੂੰ ਸਪਲਾਈ ਰੋਕਣ ਦਾ ਦੋਸ਼ ਲਗਾਇਆ ਹੈ।
ਰੂਸ ਦੀਆਂ ਕਈ ਪੀੜ੍ਹੀਆਂ ਨੁਕਸਾਨ ਤੋਂ ਉੱਭਰਨ ਦੇ ਯੋਗ ਨਹੀਂ ਹੋਣਗੀਆਂ: ਜ਼ੇਲੇਂਸਕੀ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ਨੀਵਾਰ ਨੂੰ ਕਿਹਾ ਕਿ ਰੂਸ ਨੂੰ ਆਪਣੀਆਂ ਗਲਤੀਆਂ ਨਾਲ ਹੋਏ ਨੁਕਸਾਨ ਨੂੰ ਘੱਟ ਕਰਨ ਦਾ ਇੱਕੋ ਇੱਕ ਤਰੀਕਾ ਹੈ ਗੱਲਬਾਤ ਕਰਨਾ, ਨਹੀਂ ਤਾਂ ਇਸ ਦੇ ਨਤੀਜੇ ਕਈ ਪੀੜ੍ਹੀਆਂ ਤੱਕ ਭੁਗਤਣੇ ਪੈਣਗੇ। ਜ਼ੇਲੇਂਸਕੀ ਨੇ ਸ਼ਨੀਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਇਹ ਬਿਨ੍ਹਾਂ ਦੇਰੀ ਕੀਤੇ ਗੱਲਬਾਤ ਕਰਨ ਦਾ ਸਮਾਂ ਹੈ। ਜ਼ੇਲੇਂਸਕੀ ਨੇ ਕਿਹਾ,‘‘ਮੈਂ ਚਾਹੁੰਦਾ ਹਾਂ ਕਿ ਇਸ ਸਮੇਂ ਹਰ ਕੋਈ ਮੇਰੀ ਗੱਲ ਸੁਣੇ, ਖਾਸ ਕਰਕੇ ਮਾਸਕੋ ਦੇ ਲੋਕ। ਇਹ ਮਿਲਣ ਦਾ ਸਮਾਂ ਹੈ, ਇਹ ਗੱਲ ਕਰਨ ਦਾ ਸਮਾਂ ਹੈ, ਇਹ ਯੂਕਰੇਨ ਲਈ ਖੇਤਰੀ ਅਖੰਡਤਾ ਅਤੇ ਨਿਆਂ ਨੂੰ ਬਹਾਲ ਕਰਨ ਦਾ ਸਮਾਂ ਹੈ, ਨਹੀਂ ਤਾਂ ਰੂਸ ਨੂੰ ਨੁਕਸਾਨ ਝੱਲਣਾ ਪਵੇਗਾ ਜੋ ਕਈ ਪੀੜ੍ਹੀਆਂ ਨੂੰ ਪ੍ਰਭਾਵਿਤ ਕਰੇਗਾ।
ਉਹਨਾਂ ਨੇ ਕਿਹਾ ਕਿ ਰੂਸ ਨਾਲ ਸ਼ਾਂਤੀ ’ਤੇ ਗੱਲਬਾਤ ਹੋਵੇ, ਸਾਡੀ ਸੁਰੱਖਿਆ ’ਤੇ ਗੱਲਬਾਤ ਹੋਵੇ, ਯੂਕਰੇਨ ਲਈ ਸਾਰਥਕ, ਨਿਰਪੱਖ ਅਤੇ ਬਿਨ੍ਹਾਂ ਦੇਰੀ ਕੀਤੇ ਗੱਲਬਾਤ ਹੋਣੀ ਚਾਹੀਦੀ ਹੈ। ਰੂਸ ਲਈ ਆਪਣੀਆਂ ਗਲਤੀਆਂ ਕਾਰਨ ਹੋਏ ਨੁਕਸਾਨ ਨੂੰ ਘਟਾਉਣ ਦਾ ਇੱਕੋਂ ਇੱਕ ਮੌਕਾ ਗੱਲਬਾਤ ਕਰਨਾ ਹੈ। ਨਹੀਂ ਤਾਂ ਉਸ ਦਾ ਅਜਿਹਾ ਨੁਕਸਾਨ ਹੋਵੇਗਾ ਕਿ ਕਈ ਪੀੜ੍ਹੀਆਂ ਭਰ ਨਹੀਂ ਸਕਣਗੀਆਂ।
ਰੂਸ ਨੇ ਕਈ ਸ਼ਹਿਰਾਂ ਨੂੰ ਮਨੁੱਖੀ ਸਹਾਇਤਾ ਦੀ ਸਪਲਾਈ ਰੋਕੀ
ਉਹਨਾਂ ਨੇ ਦੱਸਿਆ ਕਿ ਯੂਕਰੇਨ ਵਿੱਚ ਸੱਤ ਮਾਨਵਤਾਵਾਦੀ ਗਲਿਆਰੇ ਹਨ, ਛੇ ਸੁਮੀ ਵਿੱਚ ਅਤੇ ਇੱਕ ਡਨਿਟਸਕ ਵਿੱਚ। ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਹੁਣ ਤੱਕ 9000 ਤੋਂ ਵੱਧ ਲੋਕ ਮਾਰੀਯੂਪੋਲ ਬੰਦਰਗਾਹ ਸ਼ਹਿਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਚਲੇ ਗਏ ਹਨ। ਰੂਸ ਨੇ ਕਈ ਸ਼ਹਿਰਾਂ ਨੂੰ ਮਨੁੱਖੀ ਸਹਾਇਤਾ ਦੀ ਸਪਲਾਈ ਰੋਕ ਦਿੱਤੀ ਹੈ। ਇਹ ਪੂਰੀ ਤਰ੍ਹਾਂ ਸੋਚੀ ਸਮਝੀ ਰਣਨੀਤੀ ਹੈ। ਉਹਨਾਂ ਨੇ ਮਾਰੀਯੂਪੋਲ ਦੇ ਥੀਏਟਰ ’ਤੇ ਹੋਏ ਹਮਲੇ ਬਾਰੇ ਕਿਹਾ,‘‘ਉਹਨਾਂ ’ਚੋਂ ਕੁੱਝ ਗੰਭੀਰ ਜਖ਼ਮੀ ਹਨ। ਪਰ ਅਜੇ ਤੱਕ ਮਰਨ ਵਾਲਿਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ।’’ ਦ ਗਾਰਡੀਅਨ ਨੇ ਰਾਸ਼ਟਰਪਤੀ ਦੇ ਹਵਾਲੇ ਨਾਲ ਕਿਹਾ ਕਿ ਰੂਸੀ ਸੈਨਾ ਦੇਸ਼ ਦੇ ਕਈ ਇਲਾਕਿਆਂ ਵਿੱਚ ਮੌਜ਼ੂਦ ਹੈ, ਪਰ ਖਾਰਕਿਵ ਖੇਤਰ ਵਿੱਚ ਖਾਸ ਤੌਰ ’ਤੇ ਇਜ਼ਰਾਈਲ ਦੇ ਨੇੜੇ ਭਿਆਨਕ ਲੜਾਈ ਜਾਰੀ ਹੈ। ਉਹਨਾਂ ਨੇ ਕਿਹਾ ਕਿ ਉਹ ਸਵਿਟਜ਼ਰਲੈਂਡ, ਇਟਲੀ, ਇਜ਼ਰਾਈਲ ਅਤੇ ਜਪਾਨ ਸਮੇਤ ਵਿਸ਼ਵ ਨੇਤਾਵਾਂ ਤੋਂ ਯੂਕਰੇਨ ਵਿੱਚ ਸ਼ਾਂਤੀ ਦਾ ਬਣਾਏ ਰੱਖਣ ਦੀ ਅਪੀਲ ਕਰਨਾ ਜਾਰੀ ਰੱਖਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ