ਯੂ.ਪੀ. ਤੋਂ ਵਿਕਣ ਲਈ ਆਏ ਝੋਨੇ ਦੇ ਟਰੱਕ ਕਿਸਾਨਾਂ ਨੇ ਘੇਰੇ

ਬਾਹਰਲੇ ਰਾਜਾਂ ਤੋਂ ਆਇਆ ਝੋਨਾ ਪੰਜਾਬ ਦੀਆਂ ਮੰਡੀਆਂ ‘ਚ ਨਹੀਂ ਵਿਕਣ ਦਿੱਤਾ ਜਾਵੇਗਾ : ਕਿਸਾਨ ਆਗੂ

ਸ੍ਰੀ ਮੁਕਤਸਰ ਸਾਹਿਬ, (ਸੁਰੇਸ਼ ਗਰਗ) ਮੁਕਤਸਰ ਦੀਆਂ ਮੰਡੀਆਂ ਵਿੱਚ ਵਿਕਣ ਲਈ ਬਿਹਾਰ ਤੋਂ ਆ ਰਹੇ ਝੋਨੇ ਦੇ ਟਰੱਕ ਨੂੰ ਅੱਜ ਕਿਸਾਨਾਂ ਵੱਲੋਂ ਪਿੰਡ ਰੁਪਾਣਾ ਕੋਲ ਫੜ ਲਿਆ ਗਿਆ। ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਰੁਪਾਣਾ ਦੇ ਨੌਜਵਾਨਾਂ ਨੂੰ ਵੀਡੀਓ ਭੇਜ ਕੇ ਅਤੇ ਸੰਪਰਕ ਕਰਕੇ ਕਿਸੇ ਵੱਲੋਂ ਟਰੱਕ ਸੰਬੰਧੀ ਸੂਚਨਾ ਦਿੱਤੀ ਗਈ ਸੀ ਕਿ ਬਿਹਾਰ ਤੋਂ ਝੋਨੇ ਦਾ ਭਰਿਆ ਟਰੱਕ ਮੁਕਤਸਰ ਦੀਆਂ ਮੰਡੀਆਂ ਵਿੱਚ ਵਿਕਣ ਲਈ ਆ ਰਿਹਾ ਹੈ, ਜਿਸ ‘ਤੇ ਰੁਪਾਣਾ ਦੇ ਨੌਜਵਾਨਾਂ ਨੇ ਪਿੱਛਾ ਕਰਕੇ ਪਿੰਡ ਰੁਪਾਣਾ ਕੋਲ ਟਰੱਕ ਨੂੰ ਕਾਬੂ ਕਰ ਲਿਆ ਅਤੇ ਧਰਨੇ ‘ਤੇ ਬੈਠੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਇਹ ਟਰੱਕ ਬਰੀਵਾਲਾ ਮੰਡੀ ਵਿੱਚ ਉਤਰਨਾ ਸੀ। ਕਿਸਾਨਾਂ ਨੇ ਦੱਸਿਆ ਕਿ ਲਗਭਗ 25-30 ਪ੍ਰਤੀਸ਼ਤ ਅਨਾਜ ਪੰਜਾਬ ਦੀਆਂ ਮੰਡੀਆਂ ਵਿੱਚ ਬਾਹਰੋਂ ਯੂ.ਪੀ ਤੇ ਬਿਹਾਰ ਵਿੱਚੋਂ ਆ ਕੇ ਵਿਕਦਾ ਹੈ।

ਉਹਨਾਂ ਦੱਸਿਆ ਕਿ ਇਹ ਟਰੱਕ ਯੂਪੀ ਦੀ ਹਦੂਦ ਦਾ ਹੈ। ਉਹਨਾਂ ਕਿਹਾ ਕਿ ਪਹਿਲਾਂ ਤਾਂ ਇਸ ਤਰ੍ਹਾਂ ਯੂ.ਪੀ ਦੇ ਕਿਸਾਨ ਦੀ ਵੱਡੀ ਲੁੱਟ ਹੁੰਦੀ ਹੈ ਤੇ ਦੂਜਾ ਜਦੋਂ 30 ਪ੍ਰਤੀਸ਼ਤ ਝੋਨਾ ਪੰਜਾਬ ਦੀਆਂ ਮੰਡੀਆਂ ਵਿੱਚ ਆ ਕੇ ਵਿਕ ਜਾਂਦਾ ਹੈ ਤਾਂ ਪੰਜਾਬ ਦੇ ਕਿਸਾਨਾਂ ਦਾ ਇਹ ਰਿਕਾਰਡ ਬਣ ਜਾਂਦਾ ਹੈ ਕਿ ਸਭ ਤੋਂ ਵੱਧ ਮਾਲ ਕੇਂਦਰ ਸਰਕਾਰ ਨੂੰ ਪੰਜਾਬ ਦਾ ਕਿਸਾਨ ਦੇ ਰਿਹਾ ਹੈ, ਜਿਸ ਨਾਲ ਕੇਂਦਰ ਸਰਕਾਰ ਸੋਚਦੀ ਹੈ ਕਿ ਪੰਜਾਬ ਦੇ ਕਿਸਾਨ ਵੱਧ ਝੋਨਾ ਵੇਚ ਰਿਹਾ ਹੈ ਤਾਂ ਇਹਨਾਂ ਦਾ ਝਾੜ ਵੱਧ ਹੈ। ਉਹਨਾਂ ਦੱਸਿਆ ਕਿ ਜੇ ਸਾਡਾ ਝੋਨਾ 60 ਮਣ ਝੜਦਾ ਹੈ ਤਾਂ ਸਾਡਾ ਰਿਕਾਰਡ 80 ਦਾ ਬਣ ਜਾਂਦਾ ਹੈ। ਹਾਲਾਂਕਿ ਸਾਡਾ ਝੋਨਾ 60 ਮਣ ਝੜਿਆ ਹੁੰਦਾ ਹੈ।

ਫਿਰ ਉਸ ਹਿਸਾਬ ਨਾਲ ਹੀ ਸਾਡੀਆਂ ਸਬਸਿਡੀਆਂ ‘ਤੇ ਭਾਅ ਦੀ ਗੱਲ ਚੱਲਦੀ ਹੈ। ਬਾਹਰੋਂ ਆ ਰਿਹਾ ਝੋਨਾ ਸਾਡੀ ਆਮਦਨ ਵੱਧ ਸ਼ੋਅ ਕਰਦਾ ਹੈ। ਉਹਨਾਂ ਕਿਹਾ ਕਿ ਅਸੀਂ ਬਾਹਰ ਤੋਂ ਆਉਣ ਵਾਲੇ ਝੋਨੇ ਨੂੰ ਪੰਜਾਬ ਦੀਆਂ ਮੰਡੀਆਂ ਵਿੱਚ ਨਹੀਂ ਵਿਕਣ ਦੇਵਾਂਗੇ। ਉਹਨਾਂ ਕਿਹਾ ਕਿ ਅਸੀਂ ਇਹ ਟਰੱਕ ਕਿਸੇ ਨੂੰ ਸਪੁਰਦ ਨਹੀਂ ਕਰਾਂਗੇ ਤੇ ਇੱਥੇ ਜਾਮ ਕਰਕੇ ਰੱਖਾਂਗੇ ਤਾਂ ਜੋ ਅੱਗੇ ਤੋਂ ਕੋਈ ਅਜਿਹਾ ਟਰੱਕ ਬਾਹਰੋਂ ਨਾ ਆਵੇ। ਉਹਨਾਂ ਕਿਹਾ ਕਿ ਜਦ ਤੱਕ ਟਰੱਕ ਵਾਲੇ ‘ਤੇ, ਮਾਲਕ ਉਪਰ ਅਤੇ ਝੋਨੇ ਖਰੀਦਣ ਵਾਲੇ ਵਪਾਰੀ ‘ਤੇ ਪਰਚਾ ਦਰਜ ਨਹੀਂ ਹੁੰਦਾ, ਉਦੋਂ ਤੱਕ ਜਾਮ ਜਾਰੀ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਇਸ ਫੈਸਲੇ ਨਾਲ ਸਹਿਮਤ ਨਹੀਂ ਕਿ ਮਾਰਕਿਟ ਕਮੇਟੀ ਪਰਚਾ ਕਟਾਵੇਗੀ।

ਪਿੰਡ ਵੜਿੰਗ ‘ਚ ਵੀ ਫੜਿਆ ਝੋਨੇ ਦਾ ਟਰੱਕ

ਇਸੇ ਤਰ੍ਹਾਂ ਹੀ ਉਤਰ ਪ੍ਰਦੇਸ਼ ਤੋਂ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਵਿਕਣ ਲਈ ਆਏ ਝੋਨੇ ਦੇ ਟਰੱਕ ਨੂੰ ਪਿੰਡ ਵੜਿੰਗ ਨੇੜੇ ਟੋਲ ਪਲਾਜ਼ਾ ‘ਤੇ ਕਿਸਾਨਾਂ ਵੱਲੋਂ ਕਾਬੂ ਕਰ ਲਿਆ ਗਿਆ। ਕਿਸਾਨਾਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਪੰਜਾਬ ਦਾ ਝੋਨਾ ਹੀ ਸੰਭਾਲਿਆ ਜਾਵੇ ਨਾ ਕਿ ਬਾਹਰੋਂ ਆ ਰਹੇ ਝੋਨੇ ਨੂੰ ਖਰੀਦਿਆ ਜਾਵੇ।

ਟਰੱਕ ਫੜਨ ਵਾਲੇ ਰੁਪਾਣਾ ਪਿੰਡ ਦੇ ਨੌਜਵਾਨਾਂ ਨੇ ਕਿਹਾ ਕਿ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਸਾਨੂੰ ਪਤਾ ਲੱਗਾ ਕਿ ਕਿਸ ਤਰ੍ਹਾਂ ਯੂਪੀ ਦੇ ਹਰਦੂਈ ਸ਼ਹਿਰ ਤੋਂ ਝੋਨਾ ਆਇਆ ਤਾਂ ਅਸੀਂ ਟਰੱਕ ਦਾ ਪਿੱਛਾ ਕੀਤਾ ਤੇ ਟਰੱਕ ਨੂੰ ਰੋਕ ਕੇ ਡਰਾਇਵਰ ਤੋਂ ਪੁੱਛ ਪੜਤਾਲ ਕੀਤੀ। ਜਿਸ ਤੋਂ ਬਾਅਦ ਅਸੀਂ ਕਿਸਾਨ ਜੱਥੇਬੰਦੀਆਂ ਨੂੰ ਸੂਚਿਤ ਕਰ ਦਿੱਤਾ।

ਇਸ ਸਬੰਧੀ ਜਦੋਂ ਪਿੰਡ ਚੱਕ ਦੂਹੇਵਾਲਾ ਦੇ ਚੌਂਕੀ ਇੰਚਾਰਜ਼ ਹਰਜੋਤ ਸਿੰਘ ਮਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ ਦੇ ਲੋਕਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਝੋਨੇ ਨਾਲ ਭਰਿਆ ਹੋਇਆ ਟਰੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਵਿਕਣ ਲਈ ਆਇਆ, ਪਰ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਕੋਲ ਲਿਖਤੀ ਰੂਪ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਨਹੀਂ ਪਹੁੰਚੀ।

ਜਦੋਂ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਸੂਬਾ ਸਕੱਤਰ ਜਨਰਲ ਜਗਦੇਵ ਸਿੰਘ ਕਾਨਿਆਂਵਾਲੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਬਾਹਰਲੇ ਰਾਜਾਂ ਤੋਂ ਪੰਜਾਬ ਦੀਆਂ ਮੰਡੀਆਂ ਵਿੱਚ ਝੋਨਾ ਆ ਕੇ ਵਿਕੇਗਾ ਤਾਂ ਸ਼ੈਲਰਾਂ ਦੇ ਕੋਟੇ ਪੂਰੇ ਹੋ ਜਾਣਗੇ ਤੇ ਪੰਜਾਬ ਦੇ ਕਿਸਾਨਾਂ ਦਾ ਝੋਨਾ ਮੰਡੀਆਂ ਵਿੱਚ ਰੁਲ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਕੁਝ ਵਿਅਕਤੀਆਂ ਵੱਲੋਂ ਸ਼ੈਲਰਾਂ ‘ਚ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ, ਜੋ ਕਿ ਕਿਸਾਨ ਜਥੇਬੰਦੀ ਦੇ ਵਿਅਕਤੀ ਨਹੀਂ ਹਨ। ਇਸ ਤੋਂ ਇਲਾਵਾ ਉਨ੍ਹਾਂ ਮਾਰਕੀਟ ਕਮੇਟੀ ਦੇ ਸੈਕਟਰੀ ਨੂੰ ਅਪੀਲ ਕੀਤੀ ਕਿ ਬਿਨਾਂ ਸੈਸ ਦੇ ਟਰੱਕਾਂ ਦਾ ਸੈਸ ਕੱਟਿਆ ਜਾਵੇ ਤੇ ਜੇਕਰ ਕਿਸੇ ਕੋਲ ਕਾਗ਼ਜਾਂ ਦੀ ਘਾਟ ਪਾਈ ਜਾਂਦੀ ਹੈ ਤਾਂ ਉਸ ਖਿਲਾਫ਼ ਬਣਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਸਾਸ਼ਨ ਵੱਲੋਂ ਉਨ੍ਹਾਂ ਨੂੰ ਵਿਸ਼ਵਾਸ਼ ਦੁਆਇਆ ਗਿਆ ਕਿ ਬਿਨਾਂ ਕਾਗਜ਼ੀ ਟਰਾਲੀਆਂ ਤੇ ਟਰੱਕਾਂ ਵਾਲਿਆਂ ਦੇ ਵਾਹਨ ਬੰਦ ਕੀਤੇ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.