ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ਦੌਰਾਨ ਵਿਛੇ ਸੱਥਰ | Road Accident
Road Accident: (ਪ੍ਰਵੀਨ ਗਰਗ) ਦਿੜ੍ਹਬਾ। ਦਿੜ੍ਹਬਾ ਨੇੜੇ ਪਿੰਡ ਰੋਗਲਾ ਵਿਖੇ ਦਿੜਬਾ ਕੌਹਰੀਆਂ ਰੋਡ ’ਤੇ ਡਰੇਨ ਉਤੇ ਬਣ ਰਹੇ ਪੁਲ ਦੇ ਨੇੜੇ ਇੱਕ ਗੱਡੀ ਦੇ ਹਾਦਸਾਗ੍ਰਸਤ ਹੋਣ ਕਾਰਨ ਪਿੰਡ ਰੋਗਲਾ ਦੇ ਦੋ ਨੌਜਵਾਨਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਮ੍ਰਿਤਕਾਂ ਦੀ ਪਛਾਣ ਪਿੰਡ ਰੋਗਲਾ ਵਾਸੀ ਲਾਡੀ ਸਿੰਘ ਪੁੱਤਰ ਮਿੱਠੂ ਸਿੰਘ (20) ਅਤੇ ਜਤਿੰਦਰ ਸਿੰਘ ਪੁੱਤਰ ਸਵ. ਗੁਰਤੇਜ ਸਿੰਘ (24) ਵਜੋਂ ਹੋਈ ਹੈ। ਮ੍ਰਿਤਕ ਲਾਡੀ ਸਿੰਘ ਦੇ ਪਿਤਾ ਮਿੱਠੂ ਸਿੰਘ ਨੇ ਦੱਸਿਆ ਕਿ ਦੋਨੋ ਨੌਜਵਾਨ ਉਸਦੇ ਵਿਦੇਸ਼ ਗਏ ਪੁੱਤਰ ਦਾ ਜਨਮ ਦਿਨ ਮਨਾ ਰਹੇ ਸੀ ਅਤੇ ਘਰ ਅੰਦਰ ਖੁਸ਼ੀ ਦਾ ਮਾਹੌਲ ਸੀ।
ਇਹ ਵੀ ਪੜ੍ਹੋ: New Medical Colleges Punjab: ਬਜਟ ਤੱਕ ਹੀ ਸੀਮਤ ਰਹਿ ’ਗੇ 4 ਨਵੇਂ ਮੈਡੀਕਲ ਕਾਲਜ
ਅਚਾਨਕ ਲਾਡੀ ਸਿੰਘ ਅਤੇ ਜਤਿੰਦਰ ਸਿੰਘ ਦਿੜ੍ਹਬਾ ਸ਼ਹਿਰ ਵਿਖੇ ਕੋਈ ਸਮਾਨ ਲੈਣ ਆਏ ਸੀ। ਦਿੜ੍ਹਬਾ ਤੋਂ ਵਾਪਸ ਜਾਂਦੇ ਸਮੇਂ ਪਿੰਡ ਰੋਗਲਾ ਦੇ ਨੇੜੇ ਬਣ ਰਹੇ ਡਰੇਨ ਦੋ ਪੁੱਲ ਉਤੇ ਉਨ੍ਹਾਂ ਦੀ ਕਾਰ ਵਰਨਾ ਹਾਦਸਾਗ੍ਰਸ਼ਤ ਹੋਣ ਕਾਰਨ ਖਤਾਨਾ ਵਿੱਚ ਖੜੇ ਦਰੱਖਤਾਂ ਨਾਲ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਦੋਵਾਂ ਨੌਜਵਾਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਨੌਜਵਾਨ ਲਾਡੀ ਸਿੰਘ ਵੀ ਜਲਦੀ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਕੋਈ ਪੁਲਿਸ ਕਾਰਵਾਈ ਨਹੀਂ ਕਰਵਾਈ ਅਤੇ ਦੋਵਾਂ ਦਾ ਨਮ ਅੱਖਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਦੋਵੇਂ ਨੌਜਵਾਨਾਂ ਦੀ ਮੌਤ ਕਾਰਨ ਪਿੰਡ ਅੰਦਰ ਸੋਗ ਦੀ ਲਹਿਰ ਹੈ।