ਮੁੱਢਲੀ ਜਾਂਚ ’ਚ ਆਪਸੀ ਤਕਰਾਰ ਕਾਰਨ ਇੱਕ-ਦੂਜੇ ਨੂੰ ਗੋਲੀ ਮਾਰਨ ਦੀ ਗੱਲ ਆਈ ਸਾਹਮਣੇ
- ਟੈਕਨੀਕਲ ਅਤੇ ਫੋਰੈਂਸਿਕ ਟੀਮਾਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਵਿੱਚ ਜੁੱਟੀਆਂ
Gurdaspur News: (ਸਰਬਜੀਤ ਸਾਗਰ) ਗੁਰਦਾਸਪੁਰ। ਵਿਧਾਨ ਸਭਾ ਹਲਕਾ ਦੀਨਾਨਗਰ ਦੇ ਬਲਾਕ ਦੋਰਾਂਗਲਾ ਅਧੀਨ ਆਉਂਦੀ ਪੁਲਿਸ ਦੀ ਇੱਕ ਚੈੱਕ ਪੋਸਟ ’ਤੇ ਅੱਜ ਤੜਕਸਾਰ ਸਵੇਰੇ ਦੋ ਪੁਲਿਸ ਮੁਲਾਜ਼ਮਾਂ ਦੀਆਂ ਲਾਸ਼ਾਂ ਮਿਲਣ ਕਾਰਨ ਸਨਸਨੀ ਫੈਲ ਗਈ। ਮ੍ਰਿਤਕਾਂ ਦੀ ਪਛਾਣ ਏਐਸਆਈ ਗੁਰਨਾਮ ਸਿੰਘ ਅਤੇ ਹੋਮ ਗਾਰਡ ਜਵਾਨ ਅਸ਼ੋਕ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਭੇਜਿਆ ਹੈ। ਮੁੱਢਲੀ ਜਾਂਚ ਵਿੱਚ ਇਹ ਮਾਮਲਾ ਆਪਸੀ ਤਕਰਾਰ ਦਾ ਦੱਸਿਆ ਜਾ ਰਿਹਾ ਹੈ ਪਰ ਹਾਲੇ ਤੱਕ ਕਿਸੇ ਸੀਨੀਅਰ ਪੁਲਿਸ ਅਧਿਕਾਰੀ ਨੇ ਇਸਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ: Punjab Weather: 27 ਫਰਵਰੀ ਤੱਕ ਜਾਣੋ ਕਿਵੇਂ ਰਹੇਗਾ ਮੌਸਮ, ਵਿਭਾਗ ਵੱਲੋਂ ਅਪਡੇਟ ਜਾਰੀ
ਜਾਣਕਾਰੀ ਅਨੁਸਾਰ ਪਿੰਡ ਆਦੀਆ ਵਿਖੇ ਬਣੀ ਚੈੱਕ ਪੋਸਟ ’ਤੇ ਇਹ ਦੋਨੋਂ ਮੁਲਾਜ਼ਮ ਤਾਇਨਾਤ ਸਨ ਅਤੇ ਇਹ ਮੰਨਿਆਂ ਜਾ ਰਿਹਾ ਹੈ ਕਿ ਦੋਨਾਂ ਦੇ ਵਿਚਾਲੇ ਬੀਤੀ ਰਾਤ ਨੂੰ ਝਗੜਾ ਹੋਣ ਕਾਰਨ ਦੋਨਾਂ ਨੇ ਇੱਕ ਦੂਜੇ ਨੂੰ ਗੋਲੀਆਂ ਮਾਰ ਕੇ ਮਾਰ ਮੁਕਾਇਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੇ ਐਸਐਸਪੀ ਗੁਰਦਾਸਪੁਰ ਨੇ ਦੱਸਿਆ ਕਿ ਪੁਲਿਸ ਦੀਆਂ ਟੈਕਨੀਕਲ ਅਤੇ ਫੋਰੈਂਸਿਕ ਟੀਮਾਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਵਿੱਚ ਲੱਗੀਆਂ ਹੋਈਆਂ ਹਨ ਅਤੇ ਹਰ ਪਹਿਲੂ ਨੂੰ ਜਾਂਚਿਆ ਜਾ ਰਿਹਾ ਹੈ। ਉਨ੍ਹਾਂ ਨੇ ਮੁਲਾਜ਼ਮਾਂ ਦੇ ਆਪਸੀ ਝਗੜੇ ਦੀ ਪੁਸ਼ਟੀ ਨਹੀਂ ਕੀਤੀ ਅਤੇ ਹਰ ਪਹਿਲੂ ਨੂੰ ਜਾਂਚ ਦਾ ਵਿਸ਼ਾ ਕਰਾਰ ਦਿੱਤਾ।
ਜ਼ਿਕਰਯੋਗ ਹੈ ਕਿ ਇਹ ਚੈੱਕ ਪੋਸਟ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪੈਂਦੀ ਹੈ ਅਤੇ ਇਸੇ ਕਰਕੇ ਪੁਲਿਸ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਮੀਡੀਆ ਨੂੰ ਵੀ ਇਸ ਸਬੰਧੀ ਕਿਸੇ ਤਰ੍ਹਾਂ ਦੀ ਡਿਟੇਲ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਪਿੰਡਾਂ ਦੇ ਲੋਕਾਂ ਅਨੁਸਾਰ ਇਹ ਇੱਕ ਵੱਡੀ ਵਾਰਦਾਤ ਹੈ ਅਤੇ ਲੋਕ ਇਸ ਗੱਲ ਨੂੰ ਲੈ ਕੇ ਡਰੇ ਹੋਏ ਹਨ ਕਿ ਜੇਕਰ ਜਾਂਚ ਵਿੱਚ ਮੁਲਾਜ਼ਮਾਂ ਦੀ ਆਪਸੀ ਤਕਰਾਰਬਾਜ਼ੀ ਸਾਹਮਣੇ ਨਾ ਆਈ ਤਾਂ ਉਹ ਇਸਨੂੰ ਬਾਹਰੀ ਹਮਲਾ ਹੀ ਮੰਨਣਗੇ। ਜਿਸ ਨਾਲ ਸਥਿਤੀ ਚਿੰਤਾ ਵਾਲੀ ਹੋਵੇਗੀ। Gurdaspur News













