ਮਾਮਲੇ ਨਾਲ ਸਬੰਧਤ ਇੱਕ ਮੁਲਜ਼ਮ ਦੀ ਜ਼ੇਲ੍ਹ ’ਚੋਂ ਲਿਆ ਕੇ ਕੀਤੀ ਜਾ ਰਹੀ ਹੈ ਪੁੱੱਛ-ਪੜਤਾਲ | Fatehgarh Sahib News
ਫ਼ਤਹਿਗੜ੍ਹ ਸਾਹਿਬ (ਅਨਿਲ ਲੁਟਾਵਾ)। ਜ਼ਿਲ੍ਹਾ ਪੁਲਿਸ ਫ਼ਤਹਿਗੜ੍ਹ ਸਾਹਿਬ ਨੇ ਗੈਂਗਸਟਰ ਅਰਸ਼ ਡੱਲਾ ਗੈਂਗ ਦੇ 2 ਮੈਂਬਰ ਅਸਲੇ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਇੰਸਪੈਕਟਰ ਅਮਰਬੀਰ ਸਿੰਘ ਇੰਚਾਰਜ ਸੀਆਈਏ ਸਰਹਿੰਦ ਦੀ ਨਿਗਰਾਨੀ ’ਚ ਪੁਲਿਸ ਟੀਮ ਨੇ ਗੈਂਗਸਟਰ ਅਰਸ਼ ਡੱਲਾ ਗੈਂਗ ਦੇ 2 ਮੈਂਬਰਾਂ ਸਾਹਿਲ ਤੇ ਗੁਰਕੀਰਤ ਸਿੰਘ ਵਾਸੀਆਨ ਅੰਮ੍ਰਿਤਸਰ ਨੂੰ ਸਰਹਿੰਦ ਤੋਂ ਕਾਬੂ ਕਰ ਕੇ ਅਸਲਾ ਬਰਾਮਦ ਕੀਤਾ ਹੈ, ਮੁਲਜ਼ਮਾਂ ਤੋਂ 5 ਕੰਟਰੀ ਮੇਡ ਪਿਸਟਲ (.32) ਬੋਰ ਸਮੇਤ 5 ਰੌਂਦ, 1 ਐਕਟਿਵਾ ਤੇ 2 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।
ਇਹ ਖਬਰ ਵੀ ਪੜ੍ਹੋ : Vande Bharat Express: ਇਸ ਤਰੀਕ ਤੋਂ ਸ਼ੁਰੂ ਹੋਵੇਗੀ ਵੰਦੇ ਭਾਰਤ ਐਕਸਪ੍ਰੈੱਸ, ਜਾਣੋ ਕਿਰਾਏ ਤੇ ਰੁਕਣ ਦੇ ਵੇਰਵੇ
ਮੁਲਜ਼ਮਾਂ ਖਿਲਾਫ ਥਾਣਾ ਸਰਹਿੰਦ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਲਜ਼ਮ ਗੁਰਕੀਰਤ ਸਿੰਘ ਇੱਕ ਸਾਲ ਮਲੇਸ਼ੀਆ ਲਾ ਕੇ ਮਈ 2024 ’ਚ ਵਾਪਸ ਆਇਆ ਹੈ। ਇਹ ਦੋਵੇ ਮੁਲਜ਼ਮ ਗੈਂਗਸਟਰ ਅਰਸ਼ ਡੱਲਾ ਲਈ ਪਟਿਆਲਾ ਜ਼ੇਲ੍ਹ ’ਚ ਬੰਦ ਮੁਲਜ਼ਮ ਤੇਜਬੀਰ ਸਿੰਘ ਉਰਫ ਸਾਬੂ ਵਾਸੀ ਅੰਮ੍ਰਿਤਸਰ ਰਾਹੀਂ ਕੰਮ ਕਰਦੇ ਸਨ, ਜੋ ਕਿ ਕਤਲ ਤੇ ਨਜ਼ਾਇਜ਼ ਅਸਲਿਆਂ ਦੇ ਕੇਸਾਂ ’ਚ ਜ਼ੇਲ੍ਹ ’ਚ ਬੰਦ ਹੈ। ਮੁਲਜ਼ਮ ਸਾਹਿਲ ਤੇ ਤੇਜਬੀਰ ਸਿੰਘ ਅੰਮ੍ਰਿਤਸਰ ਦੇ ਮੁਹੱਲਾ ਸ਼ਰੀਫਪੁਰਾ ਦੇ ਰਹਿਣ ਵਾਲੇ ਹਨ, ਜਿਸ ਕਰਕੇ ਇਹ ਇੱਕ-ਦੂਜੇ ਦੇ ਦੋਸਤ ਹਨ। ਤੇਜਬੀਰ ਸਿੰਘ ਉਰਫ ਸਾਬੂ ਗੈਂਗਸਟਰ ਅਰਸ਼ ਡੱਲੇ ਦਾ ਐਸੋਸੀਏਟ ਹੈ। Fatehgarh Sahib News
ਜਿਸ ਨੇ ਕਥਿਤ ਤੌਰ ’ਤੇ ਅੰਮ੍ਰਿਤਸਰ ’ਚ ਇੱਕ ਕਤਲ ਦੀ ਵਾਰਦਾਤ ਤੇ ਹੋਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਇਹਨਾਂ ਮੁਲਜ਼ਮਾਂ ਨੂੰ ਇਹ ਅਸਲੇ ਮੁਹੱਈਆ ਕਰਵਾਏ ਸਨ, ਜਿਨ੍ਹਾਂ ਨੂੰ ਸਮਾਂ ਰਹਿੰਦਿਆ ਹੀ ਕਾਬੂ ਕਰ ਕੇ ਕਿਸੇ ਵੱਡੀ ਵਾਰਦਾਤ ਨੂੰ ਹੋਣ ਤੋਂ ਰੋਕਿਆ ਗਿਆ ਹੈ। ਪਟਿਆਲਾ ਜ਼ੇਲ੍ਹ ’ਚ ਬੰਦ ਮੁਲਜ਼ਮ ਤੇਜਬੀਰ ਸਿੰਘ ਨੂੰ ਜ਼ੇਲ੍ਹ ’ਚੋਂ ਲਿਆ ਕੇ ਡੂੰਘਾਈ ਨਾਲ ਪੁੱਛਗਿੱਛ ਕਰ ਕੇ ਤਫਤੀਸ਼ ਕੀਤੀ ਜਾ ਰਹੀ ਹੈ, ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਫਿਲਹਾਲ ਤਿੰਨੋ ਮੁਲਜ਼ਮ ਪੁਲਿਸ ਰਿਮਾਂਡ ’ਤੇ ਹਨ।