ਮੁਲਜ਼ਮ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਰਦੇ ਸਨ ਅਫ਼ੀਮ ਦੀ ਸਪਲਾਈ
ਮੁਲਜ਼ਮਾਂ ‘ਚ ਤ੍ਰਿਪੁਰਾ ਦੀ ਔਰਤ ਵੀ ਸ਼ਾਮਲ
ਫ਼ਤਹਿਗੜ੍ਹ ਸਾਹਿਬ, ਅਨਿਲ ਲੁਟਾਵਾ
ਮੰਡੀ ਗੋਬਿੰਦਗੜ੍ਹ ਪੁਲਿਸ ਨੇ 15 ਕਿਲੋ ਅਫੀਮ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਲਕਾ ਮੀਨਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੇ ਥਾਣਾ ਮੁਖੀ ਕੁਲਜੀਤ ਸਿੰਘ ਨੇ ਆਪਣੀ ਟੀਮ ਨਾਲ ਮੰਡੀ ਗੋਬਿੰਦਗੜ੍ਹ ਦੇ ਯੈਸ ਬੈਂਕ ਦੇ ਸਾਹਮਣੇ ਨਾਕਾਬੰਦੀ ਕੀਤੀ ਹੋਈ ਸੀ।
ਪੁਲਿਸ ਟੀਮ ਵੱਲੋਂ ਕੀਤੀ ਜਾ ਰਹੀ ਚੈਕਿੰਗ ਦੌਰਾਨ ਮਸਟਡ ਰੰਗ ਦਾ ਅਸ਼ੋਕਾ ਲੇਲੈਂਡ, ਜਿਸ ਦਾ ਨੰਬਰ ਪੀ.ਬੀ 11 ਬੀ.ਵੀ 7979 ਜੋ ਕਿ ਸਰਹਿੰਦ ਸਾਈਡ ਤਂੋ ਆ ਰਿਹਾ ਸੀ ਨੂੰ ਚੈਕਿੰਗ ਦੌਰਾਨ ਰੋਕਿਆ ਤਾਂ ਡਰਾਈਵਰ ਦੇ ਨਾਲ ਬੈਠੀ ਔਰਤ ‘ਤੇ ਸ਼ੱਕ ਪੈਣ ‘ਤੇ ਡੀ.ਐਸ.ਪੀ ਮਨਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਜਦੋਂ ਟੈਂਕਰ ਦੀ ਤਲਾਸ਼ੀ ਲਈ ਗਈ ਤਾਂ ਡਰਾਈਵਰ ਸੀਟ ਦੇ ਪਿਛਲੇ ਪਾਸੇ ਇੱਕ ਕਾਲੇ ਰੰਗ ਦੇ ਬੈਗ ‘ਚ ਪਏ ਲਿਫਾਫੇ ਵਿਚੋਂ 7 ਕਿਲੋ ਅਫੀਮ ਬਰਾਮਦ ਹੋਈ ਅਤੇ ਉਸ ਔਰਤ ਦੀਆਂ ਲੱਤਾਂ ਵਿਚਕਾਰ ਰੱਖੇ ਲਾਲ ਰੰਗ ਦੇ ਅਟੈਚੀ ‘ਚੋਂ 8 ਕਿਲੋ ਅਫੀਮ ਬਰਾਮਦ ਹੋਈ।
ਉਨ੍ਹਾਂ ਦੱਸਿਆ ਕਿ ਕਿ ਦੋਵੇਂ ਮੁਲਜ਼ਮਾਂ ਤੋਂ 15 ਕਿਲੋ ਅਫੀਮ ਬਰਾਮਦ ਹੋਈ ਅਤੇ ਪੁਲਿਸ ਟੀਮ ਨੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਵਿਰੁੱਧ ਐਨ.ਡੀ.ਪੀ.ਐਸ ਦੀ ਧਾਰਾ ਤਹਿਤ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਮੁਕੱਦਮਾ ਦਰਜ ਕੀਤਾ ਹੈ।
ਇਨ੍ਹਾਂ ਦੋਵਾਂ ਦੀ ਪਹਿਚਾਣ ਡਰਾਈਵਰ ਬਬਲੀ ਸਿੰਘ ਪੁੱਤਰ ਮਹਿਤਾਬ ਸਿੰਘ ਵਾਸੀ ਸਰਹਿੰਦ ਅਤੇ ਉਸ ਦੇ ਨਾਲ ਦੀ ਔਰਤ ਰੀਨਾ ਦਾਸ ਪਤਨੀ ਸੁਨੀਲ ਪੰਡਿਤ ਵਾਸੀ ਜਾਰੂਲਡੋਰਾ ਤ੍ਰਿਪੁਰਾ ਵਜੋਂ ਹੋਈ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮੁੱਢਲੀ ਪੁੱਛਗਿਛ ਦੌਰਾਨ ਇਹਨਾਂ ਮੰਨਿਆ ਹੈ ਕਿ ਉਹ ਅਸਾਮ ਤੋਂ ਅਫੀਮ ਲਿਆ ਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਪਲਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਹਨਾਂ ਤੋਂ ਹੋਰ ਵੀ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ ਅਤੇ ਇਨ੍ਹਾਂ ਤੋਂ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।