ਅੰਮ੍ਰਿਤਸਰ ਪੁਲਿਸ ਨੇ ਕੀਤੀਆਂ ਬਰਾਮਦ
ਰਾਜਨ ਮਾਨ ,ਅੰਮ੍ਰਿਤਸਰ: ਇਕ ਮਹੀਨਾ ਪਹਿਲਾਂ ਗੁਰਦਾਸਪੁਰ ਵਿਚ ਕਾਹਨੂੰਵਾਨ ਨੇੜੇ ਨਹਿਰ ਵਿਚ ਡੁੱਬ ਜਾਣ ਦੀ ‘ਡਰਾਮਾ’ ਰਚ ਕੇ ਘਰੋਂ ਫ਼ਰਾਰ ਹੋਈਆਂ ਦੋ ਨੌਜਵਾਨ ਕੁੜੀਆਂ ਨੂੰ ਪੁਲਿਸ ਵੱਲੋਂ ਅੰਮ੍ਰਿਤਸਰ ਤੋਂ ਬਰਾਮਦ ਕਰ ਲਿਆ ਗਿਆ ਹੈ।
ਇਹ ਦੋਵੇਂ ਕੁੜੀਆਂ ਸਠਿਆਲਾ ਨਹਿਰ ਵਿਚ ਡਿੱਗਣ ਦਾ ਡਰਾਮਾ ਰਚ ਕੇ ਅਸਲ ਵਿਚ ਘਰੋਂ ਫ਼ਰਾਰ ਹੋ ਗਈਆਂ ਸਨ। ਪੁਲਿਸ ਅਨੁਸਾਰ ਇਹ ਦੋਵੇਂ ਕੁੜੀਆਂ ਪਹਿਲਾਂ ਕਿਸੇ ਗੱਡੀ ਵਿਚ ਮੌਕੇ ’ਤੋਂ ਨਿਕਲੀਆਂ ਅਤੇ ਫ਼ਿਰ ਕਿਸੇ ਟਰੱਕ ਵਿਚ ਸਵਾਰ ਹੋ ਕੇ ਚੰਡੀਗੜ੍ਹ ਪਹੁੰਚੀਆਂ ਜਿੱਥੋਂ ਉਹ ਦਿੱਲੀ ਚਲੀਆਂ ਗਈਆਂ। ਉੱਥੇ ਉਹਨਾਂ ਦੇ ਪੈਸੇ ਖ਼ਤਮ ਹੋ ਗਏ ਤਾਂ ਉਹਨਾਂ 3 ਹਜ਼ਾਰ ਰੁਪਏ ਵਿਚ ਆਪਣਾ ਮੋਬਾਇਲ ਵੇਚ ਦਿੱਤਾ ਅਤੇ ਅੰਮ੍ਰਿਤਸਰ ਆ ਗਈਆਂ ਜਿੱਥੋਂ ਅੱਜ ਉਨ੍ਹਾਂ ਨੂੰ ਬਰਾਮਦ ਕਰ ਲਿਆ ਗਿਆ।
ਟੀ.ਵੀ. ਨਾਟਕਾਂ ਆਦਿ ਵਿਚ ਕੰਮ ਕਰਨ ਦੀਆਂ ਚਾਹਵਾਨ ਸਨ ਦੋਵੇਂ ਕੁੜੀਆਂ
ਐਸ.ਪੀ. ਗੁਰਦਾਸਪੁਰ ਸ: ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਦੋਵੇਂ ਕੁੜੀਆਂ ਟੀ.ਵੀ. ਨਾਟਕਾਂ ਆਦਿ ਵਿਚ ਕੰਮ ਕਰਨ ਦੀਆਂ ਚਾਹਵਾਨ ਸਨ ਅਤੇ ਇਸੇ ਮਨਸ਼ੇ ਨਾਲ ਘਰੋਂ ਗਈਆਂ ਸਨ। ਉਹਨਾਂ ਕਿਹਾ ਕਿ ਕਿਸੇ ਹੋਰ ਵਿਅਕਤੀ ਦੀ ਇਸ ਕੇਸ ਵਿਚ ਭੂਮਿਕਾ ਅਜੇ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਕੁੜੀਆਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਨਿਸ਼ਾ ਅਤੇ ਲਵਪ੍ਰੀਤ ਨਾਂਅ ਦੀਆਂ ਇਹ ਕੁੜੀਆਂ ਸੋਫ਼ੀਆ ਨਾਂਅ ਦੀ ਇਕ ਹੋਰ ਕੁੜੀ ਨਾਲ ਸਵੇਰੇ ਸੈਰ ਕਰਨ ਲਈ ਨਹਿਰ ਕੰਢੇ ਗਈਆਂ ਸਨ ਜਿਸ ਮਗਰੋਂ ਸੋਫ਼ੀਆ ਨੇ ਪਰਿਵਾਰਾਂ ਨੂੰ ਇਹ ਸੂਚਿਤ ਕੀਤਾ ਸੀ ਕਿ ਨਿਸ਼ਾ ਅਤੇ ਲਵਪ੍ਰੀਤ ਉਸਦੇ ਸਾਹਮਣੇ ਹੀ ਨਹਿਰ ਵਿਚ ਡੁੱਬ ਗਈਆਂ ਸਨ। ਉਸਨੇ ਦੱਸਿਆ ਸੀ ਕਿ ਦੋਵੇਂ ਸੈਲਫ਼ੀ ਲੈ ਰਹੀਆਂ ਸਨ ਤਾਂ ਮੋਬਾਇਲ ਨਹਿਰ ਵਿਚ ਜਾ ਡਿੱਗਾ ਜਿਸ ਮਗਰ ਪਹਿਲਾਂ ਇਕ ਕੁੜੀ ਤੇ ਫ਼ਿਰ ਦੂਜੀ ਕੁੜੀ ਵੀ ਨਹਿਰ ਵਿਚ ਜਾ ਡਿੱਗੀਆਂ।
ਇਸ ਗੱਲ ਨਾਲ ਪਰਿਵਾਰਾਂ ਵਿਚ ਸੋਗ ਪੈ ਗਿਆ ਸੀ ਪਰ ਪੁਲਿਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੇ ਜਾਣ ’ਤੇ ਕਹਾਣੀ ਸ਼ੱਕੀ ਜਾਪੀ ਤਾਂ ਸੋਫ਼ੀਆ ਤੋਂ ਕੁਝ ਸਖ਼ਤੀ ਨਾਲ ਪੁੱਛ ਗਿੱਛ ਕੀਤੀ ਗਈ ਜਿਸਨੇ ਦੱਸਿਆ ਕਿ ਦੋਵੇਂ ਕੁੜੀਆਂ ਆਪਣੀ ਮਰਜ਼ੀ ਨਾਲ ਘਰੋਂ ਗਈਆਂ ਸਨ ਅਤੇ ਉਸਨੂੰ ਉਸਦੇ ਪਿਤਾ ਦੀ ਸਹੁੰ ਦੇ ਕੇ ਬਣਾਈ ਹੋਈ ਕਹਾਣੀ ਦੁਹਰਾ ਦੇਣ ਲਈ ਕਿਹਾ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।