ਜ਼ਿਲ੍ਹਾ ਮਾਨਸਾ ’ਚ ਦੋ ਕਿਸਾਨ-ਮਜ਼ਦੂਰਾਂ ਨੇ ਕੀਤੀ ਖੁਦਕੁਸ਼ੀ
ਮਾਨਸਾ, (ਸੁਖਜੀਤ ਮਾਨ) | ਜ਼ਿਲ੍ਹਾ ਮਾਨਸਾ ’ਚ ਇੱਕ ਕਿਸਾਨ ਤੇ ਇੱਕ ਮਜ਼ਦੂਰ ਨੇ ਖੁਦਕੁਸ਼ੀ ਕਰ ਲਈ ਮਜ਼ਦੂਰ ਪਿੰਡ ਮੂਸਾ ਦਾ ਅਤੇ ਕਿਸਾਨ ਭੰਮੇ ਖੁਰਦ ਦਾ ਰਹਿਣ ਵਾਲਾ ਸੀ ਹਾਸਿਲ ਹੋਏ ਵੇਰਵਿਆਂ ਮੁਤਾਬਿਕ ਮਾਨਸਾ ਨੇੜਲੇ ਪਿੰਡ ਮੂਸਾ ਦੇ ਮਜਦੂਰ ਜਗਸੀਰ ਸਿੰਘ (39) ਪੁੱਤਰ ਮੁਖਤਿਆਰ ਸਿੰਘ ਵੱਲੋਂ ਕੀਟਨਾਸ਼ਕ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਆਗੂ ਜਗਸੀਰ ਸਿੰਘ ਜਵਾਹਰਕੇ ਨੇ ਦੱਸਿਆ ਕਿ ਪੀੜਤ ਮਜਦੂਰ ਸਿਰ 4 ਲੱਖ ਰੁਪਏ ਦਾ ਕਰਜਾ ਸੀ।
ਲੱਖ ਕੋਸ਼ਿਸ਼ਾਂ ਦੇ ਬਾਵਜੂਦ ਕਰਜਾ ਸਿਰ ਉੱਪਰੋਂ ਨਾ ਲਹਿਣ ਕਾਰਨ ਮਜਦੂਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਉਸਨੇ ਖੁਦਕੁਸ਼ੀ ਕਰ ਲਈ । ਮਜਦੂਰ ਆਪਣੇ ਪਿੱਛੇ ਬਿਰਧ ਮਾਤਾ, ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਕਿਸਾਨ ਆਗੂਆਂ ਵੱਲੋਂ ਸਰਕਾਰ ਤੋਂ ਮਜਦੂਰ ਪਰਿਵਾਰ ਸਿਰ ਚੜਿ੍ਹਆ ਕਰਜਾ ਖਤਮ ਕਰਨ ਅਤੇ ਪਰਿਵਾਰ ਨੂੰ 10 ਲੱਖ ਰੁਪਏ ਦੀ ਮਾਲੀ ਮੱਦਦ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ।
ਸਰਦੂਲਗੜ੍ਹ ਤੋਂ ਗੁਰਜੀਤ ਸ਼ੀਂਹ ਅਨੁਸਾਰ : ਪਿੰਡ ਭੰਮੇ ਖੁਰਦ ਦੇ ਕਿਸਾਨ ਜਸਵੀਰ ਸਿੰਘ ਜੱਸੀ (35) ਨੇ ਕੀਟਨਾਸ਼ਕ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਕਿਸਾਨ ਜਸਵੀਰ ਸਿੰਘ ਦੇ ਸਿਰ ’ਤੇ ਪੰਜ ਲੱਖ ਦਾ ਬੈਂਕ ਦਾ ਕਰਜਾ ਅਤੇ ਤਿੰਨ ਲੱਖ ਆੜ੍ਹਤੀਆਂ ਦਾ ਕਰਜ਼ਾ ਸੀ । ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪਿੰਡ ਇਕਾਈ ਦੇ ਪ੍ਰਧਾਨ ਸਰਬਜੀਤ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਕਰਜੇ ਕਾਰਨ ਪ੍ਰੇਸ਼ਾਨ ਰਹਿੰਦਾ ਸੀ
ਜਿਸ ਕਾਰਨ ਉਸ ਨੇ ਕੀਟਨਾਸ਼ਕ ਦਵਾਈ ਪੀ ਲਈ । ਉਸ ਨੂੰ ਇਲਾਜ ਲਈ ਪਹਿਲਾਂ ਮਾਨਸਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਰੱਖਿਆ ਗਿਆ ਅਤੇ ਬਾਅਦ ਵਿੱਚ ਉਸਨੂੰ ਫਰੀਦਕੋਟ ਦੇ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ ਸੀ ਜਿੱਥੇ ਉਸਦੀ ਮੌਤ ਹੋ ਗਈ ਜਸਵੀਰ ਸਿੰਘ ਆਪਣੇ ਪਿੱਛੇ ਪਿਤਾ ਗੁਰਜੰਟ ਸਿੰਘ, ਮਾਤਾ, ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਭਾਕਿਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਕੋਟ ਧਰਮੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਿ੍ਰਤਕ ਕਿਸਾਨ ਜਸਵੀਰ ਸਿੰਘ ਦੇ ਸਿਰ ਚੜਿ੍ਹਆ ਕਰਜ਼ਾ ਮੁਆਫ ਕੀਤਾ ਜਾਵੇ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਉਨ੍ਹਾਂ ਖਰਾਬ ਫਸਲਾਂ ਦੇ ਛੇਤੀ ਮੁਆਵਜ਼ੇ ਦੀ ਮੰਗ ਵੀ ਕੀਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ