ਕੇਂਦਰੀ ਜ਼ੇਲ੍ਹ ’ਚ ਬੰਦ ਦੋ ਹਵਾਲਾਤੀ ਮੋਬਾਇਲ ਜ਼ਰੀਏ ਕਰਵਾਉਂਦੇ ਨੇ ਨਸ਼ਾ ਸਪਲਾਈ

Ludiana News
ਐਸਟੀਐੱਫ਼ ਲੁਧਿਆਣਾ ਰੇਂਜ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਹੈਰੋਇਨ ਮਾਮਲੇ ’ਚ ਕਾਬੂ ਵਿਅਕਤੀ ਸਬੰਧੀ ਜਾਣਕਾਰੀ ਦੇਣ ਸਮੇਂ।

ਸਾਢੇ 4 ਕਿਲੋ ਹੈਰੋਇਨ ਤੇ ਡਰੱਗ ਮਨੀ ਸਮੇਤ ਐੱਸਟੀਐਫ ਵੱਲੋਂ ਕਾਬੂ ਵਿਅਕਤੀ ਦਾ ਦਾਅਵਾ | Ludiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਪੈਸ਼ਲ ਟਾਸਕ ਫੋਰਸ ਲੁਧਿਆਣਾ ਵੱਲੋਂ ਸਾਢੇ ਚਾਰ ਕਿੱਲੋ ਹੈਰੋਇਨ ਸਮੇਤ ਕਾਬੂ ਕੀਤੇ ਗਏ ਇੱਕ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਕੇਂਦਰੀ ਜ਼ੇਲ੍ਹ ’ਚ ਬੈਠੇ ਦੋ ਹਵਾਲਾਤੀ ਫੋਨ ’ਤੇ ਤਾਲਮੇਲ ਜ਼ਰੀਏ ਉਸ ਨੂੰ ਹੈਰੋਇਨ ਸਪਲਾਈ ਕਰਵਾਉਂਦੇ ਹਨ। ਜਿਸ ਨੂੰ ਉਹ ਅੱਗੇ ਸਪਲਾਈ ਕਰਨ ਤੋਂ ਬਾਅਦ ਡਰੱਗ ਮਨੀ ’ਚੋਂ ਬਣਦਾ ਹਿੱਸਾ ਹਵਾਲਾਤੀਆਂ ਵੱਲੋਂ ਭੇਜੇ ਵਿਅਕਤੀਆਂ ਨੂੰ ਦਿੰਦਾ ਹੈ। ਇੰਸਪੈਕਟਰ ਹਰਬੰਸ ਸਿੰਘ ਇੰਚਾਰਜ ਐਸਟੀਐੱਫ਼ ਲੁਧਿਆਣਾ ਰੇਂਜ ਨੇ ਦੱਸਆ ਕਿ ਉਨਾਂ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਸਰੀਂਹ ਦਾ ਵਸਨੀਕ ਹਰਮਨਦੀਪ ਸਿੰਘ ਉਰਫ਼ ਦੀਪ ਪਿਛਲੇ ਕਾਫ਼ੀ ਸਮੇਂ ਤੋਂ ਹੈਰੋਇਨ ਵੇਚਣ ਦਾ ਧੰਦਾ ਕਰਦਾ ਆ ਰਿਹਾ ਹੈ। (Ludiana News)

ਅੱਜ ਉਸ ਨੇ ਆਪਣੀ ਹੌਂਡਾ ਸਿਟੀ ਕਾਰ ’ਤੇ ਭਾਰਤ ਨਗਰ ਚੌਂਕ ਵੱਲ ਨੂੰ ਹੈਰੋਇਨ ਦੀ ਸਪਲਾਈ ਦੇਣ ਜਾਣਾ ਹੈ। ਇੰਚਾਰਜ ਐਸਟੀਐੱਫ਼ ਦੱਸਿਆ ਕਿ ਮੁਖ਼ਬਰੀ ਦੇ ਅਧਾਰ ’ਤੇ ਕਾਰਵਾਈ ਕਰਦਿਆਂ ਉਕਤ ਖਿਲਾਫ਼ ਰੁੱਕਾ ਭੇਜ ਕੇ ਐਸਟੀਐੱਫ਼ ਮੋਹਾਲੀ ਵਿਖੇ ਮੁਕੱਦਮਾ ਦਰਜ ਕਰਵਾਇਆ ਗਿਆ ਅਤੇ ਇਤਲਾਹ ਮੁਤਾਬਕ ਉਕਤ ਨੂੰ ਥਾਣਾ ਮਾਡਲ ਟਾਊਨ ਤੋਂ ਹੌਂਡਾ ਸਿਟੀ ਕਾਰ ਸਮੇਤ ਕਾਬੂ ਕੀਤਾ ਗਿਆ ਅਤੇ ਦੇਵਿੰਦਰ ਕੁਮਾਰ ਉਪ ਕਪਤਨਾ ਪੁਲਿਸ ਸਪੈਸ਼ਲ ਟਾਸਕ ਫੋਰਸ ਦੀ ਹਾਜ਼ਰੀ ’ਚ ਹੌਂਡਾ ਸਿਟੀ ਕਾਰ ਦੀ ਡਿੱਗੀ ’ਚੋਂ 4 ਕਿੱਲੋ 500 ਗ੍ਰਾਮ ਹੈਰੋਇਨ ਤੇ ਡੈਸ ਬੋਰਡ ’ਚੋਂ 1.40 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਜੋ ਇਸ ਵੱਲੋਂ ਹੈਰੋਇਨ ਵੇਚ ਕੇ ਇਕੱਤਰ ਕੀਤੀ ਗਈ ਸੀ।

ਇਹ ਵੀ ਪੜ੍ਹੋ : ਜਲਵਾਯੂ ਤਬਦੀਲੀ ਖੇਤੀ ’ਤੇ ਮਾਰ

ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਹਰਮਨਦੀਪ ਸਿੰਘ ਉਰਫ਼ ਦੀਪ ਨੇ ਮੰਨਿਆ ਕਿ ਉਹ ਕਾਰਾਂ ਨੂੰ ਆਨਲਾਇਨ ਖਰੀਦਣ-ਵੇਚਣ ਦਾ ਕੰਮ ਕਰਦਾ ਹੈ ਅਤੇ ਉਸ ਨੇ ਬਰਾਮਦ ਹੋਈ ਉਕਤ ਹੈਰੋਇਨ ਕੇਂਦਰੀ ਜ਼ੇਲ੍ਹ ’ਚ ਬੰਦ ਹਵਾਲਾਤੀ ਗੋਲਡੀ ਅਤੇ ਅਮਨਦੀਪ ਜੇਠੀ ਵੱਲੋਂ ਭੇਜੇ ਗਏ ਵਿਅਕਤੀਆਂ ਤੋਂ ਹਾਸਲ ਕੀਤੀ ਹੈ। ਜਿਸ ਨੂੰ ਉਕਤ ਹਵਾਲਾਤੀ ਜ਼ੇਲ੍ਹ ’ਚੋਂ ਚੱਲ ਰਹੇ ਮੋਬਾਇਲ ਫੋਨਾਂ ਰਾਹੀਂ ਆਪਣੇ ਬੰਦਿਆਂ ਤੋਂ ਇੱਧਰ-ਉੱਧਰ ਸਪਲਾਈ ਕਰਵਾਉਂਦੇ ਹਨ। (Ludiana News)

ਇੰਸਪੈਕਟਰ ਹਰਬੰਸ ਸਿੰਘ ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਮੁਤਾਬਕ ਉਹ ਹੈਰੋਇਨ ਵੇਚਣ ਤੋਂ ਬਾਅਦ ਬਣਦਾ ਹਿੱਸਾ ਜ਼ੇਲ੍ਹ ’ਚ ਬੈਠੇ ਉਕਤਾਨ ਹਵਾਲਾਤੀਆਂ ਦੇ ਬੰਦਿਆਂ ਨੂੰ ਵੀ ਦਿੰਦਾ ਹੈ ਅਤੇ ਪਿਛਲੇ 3 ਸਾਲ ਤੋਂ ਹੈਰੋਇਨ ਦੀ ਸਪਲਾਈ ਦਾ ਧੰਦਾ ਕਰ ਰਿਹਾ ਹੈ। ਇੰਚਾਰਜ਼ ਐਸਟੀਐੱਫ਼ ਨੇ ਦੱਸਿਆ ਕਿ ਹਰਮਨਦੀਪ ਸਿੰਘ ਉਰਫ਼ ਦੀਪ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਉਸ ਤੋਂ ਹੈਰੋਇਨ ਸਪਲਾਈ ਦੇ ਮਾਮਲੇ ’ਚ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਹੈਰੋਇਨ ਸਪਲਾਈ ਦੀਆਂ ਤੰਦਾਂ ਨੂੰ ਤੋੜ ਨਸ਼ੇ ਦਾ ਸਮਾਜ ’ਚੋਂ ਖਾਤਮਾ ਕੀਤਾ ਜਾ ਸਕੇ। (Ludiana News)