ਅੰਮ੍ਰਿਤਸਰ ਵਿੱਚ ਕੋਰੋਨਾ ਵਾਇਰਸ ਦੇ ਦੋ ਕੇਸ ਆਏ ਸਾਹਮਣੇ
ਅੰਮ੍ਰਿਤਸਰ, (ਰਾਜਨ ਮਾਨ) ਦੇਸ਼ ਦੇ ਦੂਜੇ ਹਿੱਸਿਆਂ ਦੇ ਨਾਲ-ਨਾਲ ਹੁਣ ਕੋਰੋਨਾ ਵਾਇਰਸ (Corona virus) ਨੇ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖਲ ਕੋਰੋਨਾ ਵਾਇਰਸ ਦੇ ਦੋ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸੰਬੰਧਿਤ ਦੋ ਵਿਅਕਤੀ ਇਟਲੀ ਤੋਂ ਵਾਪਸ ਆਏ ਸਨ ਤੇ ਉਨ੍ਹਾਂ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ , ਜਿਨ੍ਹਾਂ ਨੂੰ ਆਈਸੋਲੇਸ਼ਨ ਵਾਰਡ ‘ਚ ਰੱਖਿਆ ਗਿਆ ਹੈ
ਹਸਪਤਾਲ ਦੇ ਐਮਐਸ ਰਮਨ ਸ਼ਰਮਾ ਦਾ ਕਹਿਣਾ ਹੈ ਕਿ ਦਿੱਲੀ ਤੋਂ ਆਈ ਮੁੱਢਲੀ ਰਿਪੋਰਟ ‘ਚ ਦੋਵੇਂ ਪਾਜੀਟਿਵ ਹਨ, ਜਦਕਿ ਬਾਕੀ ਰਿਪੋਰਟ ਦਾ ਇੰਤਜ਼ਾਰ ਹੈ ਉਨ੍ਹਾਂ ਦੀ ਜਾਂਚ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ ਉਨ੍ਹਾਂ ਦੇ ਸੈਂਪਲ ਹੁਣ ਸਿਹਤ ਵਿਭਾਗ ਵੱਲੋਂ ਜਾਂਚ ਲਈ ਦਿੱਲੀ ਭੇਜੇ ਗਏ ਹਨ
ਉਧਰ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਪੰਜਾਬ ਵਾਸੀਆਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ, ਪਰ ਇਸ ਲਈ ਲੋਕਾਂ ਦੇ ਵੱਡੇ ਸਾਥ ਦੀ ਲੋੜ ਹੈ, ਕਿਉਂਕਿ ਇਸ ਦਾ ਇਸ ਵੇਲੇ ਕੋਈ ਇਲਾਜ ਨਹੀਂ, ਸਿਰਫ ਪਰਹੇਜ ਅਤੇ ਸਾਵਧਾਨੀ ਹੀ ਇਸ ਤੋਂ ਸਾਨੂੰ ਬਚਾਅ ਸਕਦੀ ਹੈ ਇਸ ਸਬੰਧੀ ਜਾਣਕਾਰੀ ਅਤੇ ਪੀੜਤ ਵਿਅਕਤੀਆਂ ਨੂੰ ਵੱਖਰਾ ਰੱਖਣਾ ਇਹੀ ਸਭ ਤੋਂ ਵੱਡਾ ਬਚਾਅ ਹੈ ਸ਼੍ਰੀ ਸੋਨੀ ਨੇ ਦੱਸਿਆ ਕਿ ਹੁਣ ਤੱਕ ਅੰਮ੍ਰਿਤਸਰ ਵਿੱਚ 2 ਵਿਅਕਤੀ ਇਸ ਬਿਮਾਰੀ ਤੋਂ ਪੀੜਤ ਪਾਏ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਵੱਖਰਾ ਰੱਖਿਆ ਗਿਆ ਹੈ, ਦੋਵਾਂ ਦੀ ਹਾਲਤ ਵੀ ਠੀਕ ਹੈ
ਉਨ੍ਹਾਂ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਕੋਰੋਨਾ ਦੇ ਨਾਮ ‘ਤੇ ਕੀਤੀ ਜਾ ਰਹੀ ਲੁੱਟ, ਜਿਸ ਵਿੱਚ ਮਹਿੰਗੇ ਮੁੱਲ ਦੇ ਮਾਸਕ, ਸੈਨੇਟਾਈਜ਼ਰ ਆਦਿ ਵੇਚਣਾ ਸ਼ਾਮਿਲ ਹੈ, ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੂੰ ਹਦਾਇਤ ਕੀਤੀ ਕਿ ਉਹ ਅਜਿਹੇ ਦੁਕਾਨਦਾਰਾਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਉਣ ਸ੍ਰੀ ਸੋਨੀ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਡਰਨ ਨਹੀਂ, ਬਲਕਿ ਸਿਹਤ ਵਿਭਾਗ ਵੱਲੋਂ ਦਿੱਤੀ ਜਾ ਰਹੀ ਜਾਣਕਾਰੀ ‘ਤੇ ਅਮਲ ਕਰਨ
ਇਸ ਮੌਕੇ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਹਿਸ਼ਤ ਵਿੱਚ ਆਕੇ ਬਿਨਾਂ ਲੋੜ ਤੋਂ ਮਾਸਕ ਆਦਿ ਨਾ ਖਰੀਦਣ, ਕਿਉਂਕਿ ਉਹ ਆਦਮੀ, ਜਿਸ ਨੇ ਪੀੜਤ ਵਿਅਕਤੀਆਂ ਦੇ ਸੰਪਰਕ ਵਿੱਚ ਨਹੀਂ ਜਾਣਾ ਜਾਂ ਕਿਸੇ ਭੀੜ-ਭੜੱਕੇ ਵਾਲੀ ਥਾਂ ‘ਤੇ ਨਹੀਂ ਜਾਣਾ, ਉਸ ਨੂੰ ਮਾਸਕ ਦੀ ਕੋਈ ਲੋੜ ਨਹੀਂ ਇਸ ਮੌਕੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਹਵਾਈ ਅੱਡੇ ‘ਤੇ ਲਗਾਤਾਰ ਚੌਕਸੀ ਰੱਖੀ ਜਾ ਰਹੀ ਹੈ ਅਤੇ ਵਿਦੇਸ਼ਾਂ ‘ਚੋਂ ਆਉਣ ਵਾਲੇ ਯਾਤਰੀਆਂ ਦੀ ਸਕੈਨਿੰਗ ਹੋ ਰਹੀ ਹੈ
ਜੋ ਵੀ ਸ਼ੱਕੀ ਮਹਿਸੂਸ ਹੁੰਦਾ ਹੈ, ਉਸ ਨੂੰ ਹਸਪਤਾਲ ਵਿਚ ਰੱਖਕੇ ਉਸਦੇ ਖੂਨ ਦੀ ਜਾਂਚ ਕਰਵਾਈ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਇਹ ਦੋ ਵਿਅਕਤੀ, ਜਿੰਨ੍ਹਾ ਦੇ ਸੰਪਰਕ ਵਿੱਚ ਆਏ ਹਨ, ਉਨ੍ਹਾਂ ਸਾਰਿਆਂ ਨੂੰ ਵੀ ਲੱਭਿਆ ਜਾ ਚੁੱਕਾ ਹੈ ਅਤੇ ਉਨਾਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਵਿੱਚ ਆ ਕੇ ਘਬਰਾਉਣ ਨਾ, ਬਲਕਿ ਸਾਡੇ ਵੱਲੋਂ ਦਿੱਤੇ ਜਾ ਰਹੇ ਸੁਝਾਅ ਆਪਣੀ ਜਿੰਦਗੀ ਵਿੱਚ ਅਪਨਾਉਣ, ਤਾਂ ਇਸ ਬਿਮਾਰੀ ਤੋਂ ਅਸਾਨੀ ਨਾਲ ਬਚਿਆ ਜਾ ਸਕਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।