ਸਾਡੇ ਨਾਲ ਸ਼ਾਮਲ

Follow us

13.6 C
Chandigarh
Saturday, February 7, 2026
More
    Home ਸੂਬੇ ਪੰਜਾਬ ਦੋ ਭਰਾਵਾਂ ਨੇ ...

    ਦੋ ਭਰਾਵਾਂ ਨੇ ‘ਪੁੰਨ ਦੇ ਕੰਮ’ ਦਾ ਫੜ੍ਹਿਆ ਰਾਹ

    Two, Brothers, Took, Path, Charity, Work, Way

    ਭਰਾ ਗੁਆਉਣ ਦੇ ਬਾਵਜ਼ੂਦ ਸਮਾਜ ਸੇਵਾ ਦਾ ਜਜ਼ਬਾ ਬਰਕਰਾਰ | Bathinda News

    ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਸਹਾਰਾ ਜਨ ਸੇਵਾ ਬਠਿੰਡਾ ਦੇ ਦੋ ਵਲੰਟੀਅਰ ਟੇਕ ਚੰਦ ਅਤੇ ਜੱਗਾ ਸਿੰਘ ਕਿਸੇ ਜਾਣ-ਪਛਾਣ ਦੇ ਮੋਹਤਾਜ ਨਹੀਂ ਹਨ। ਸਮਾਜ ਸੇਵਾ ਦੇ ਕਾਰਜ ਕਰਦਿਆਂ ਆਪਣਾ ਸਕਾ ਭਰਾ ਗੁਆ ਲੈਣ ਦੇ ਬਾਵਜ਼ੂਦ ਦੋਵਾਂ ਭਰਾਵਾਂ ‘ਚ ਮਨੁੱਖਤਾ ਪ੍ਰਤੀ ਦਰਦ ਰਤਾ ਵੀ ਨਹੀਂ ਘਟਿਆ ਹੈ। ਦੋਵਾਂ ਨੇ ‘ਪੁੰਨ ਦੇ ਕੰਮ’ ਦਾ ਜਿਹੜਾ ਰਾਹ ਫੜ੍ਹਿਆ ਹੈ, ਉਸ ‘ਤੇ ਕਿਸੇ ਸਾਧਾਰਨ ਬੰਦੇ ਦੀ ਪੈਰ ਧਰਨ ਦੀ ਜੁੱਰਅਤ ਨਹੀਂ ਪੈਂਦੀ ਹੈ। ਸਹਾਰਾ ਜਨ ਸੇਵਾ ਦੇ ਵਰਕਰ ਵਜੋਂ ਪਿਛਲੇ ਲੰਮੇ ਸਮੇਂ ਤੋਂ ਸੜਕ ਹਾਦਸਿਆਂ ‘ਚ ਪੀੜਤ ਲੋਕਾਂ ਨੂੰ ਹਸਪਤਾਲ ‘ਚ ਦਾਖਲ ਕਰਵਾਉਣਾ ਦੋਵਾਂ ਭਰਾਵਾਂ ਦੀ ਜਿੰਦਗੀ ਦਾ ਇੱਕ ਅੰਗ ਬਣ ਗਿਆ ਹੈ। (Bathinda News)

    ਇਵੇਂ ਹੀ ਉਨ੍ਹਾਂ ਵੱਲੋਂ ਬੇਸਹਾਰਾ ਲੋਕਾਂ ਦੀਆਂ ਸੈਂਕੜੇ ਲਾਸ਼ਾਂ ਦਾ ਸਨਮਾਨਪੂਰਵਕ ਅੰਤਮ ਸਸਕਾਰ ਕੀਤਾ ਜਾ ਚੁੱਕਾ ਹੈ। ਹੈਰਾਨਕੁੰਨ ਪਹਿਲੂ ਹੈ ਕਿ ਜਦੋਂ ਲੋਕ ਕਿਸੇ ਆਪਣੇ ਦੀ ਮੌਤ ‘ਤੇ ਲਾਸ਼ ਦੇ ਨੇੜੇ ਨਹੀਂ ਢੁੱਕਦੇ ਪਰ ਇਨ੍ਹਾਂ ਨੇ ਗਲੀਆਂ-ਸੜੀਆਂ  ਤੇ ਲਾਵਾਰਸ ਲਾਸ਼ਾਂ ਦਾ ਸਸਕਾਰ ਕਰਕੇ ਦੁਨੀਆਂ ਵਿਚ ਨਿਵੇਕਲੀ ਮਿਸਾਲ ਕਾਇਮ ਕੀਤੀ ਹੈ। ਹੁਣ ਤਾਂ ਸ਼ਹਿਰ ਵਾਸੀ ਵੀ ਆਖਣ ਲੱਗੇ ਹਨ ਕਿ ਇਨ੍ਹਾਂ ਦਾ ਜਨਮ ਹੀ ਲੋਕ ਸੇਵਾ ਲਈ ਹੋਇਆ ਹੈ। ਟੇਕ ਚੰਦ ਅਤੇ ਜੱਗਾ ਸਿੰਘ ਦਾ ਤੀਸਰਾ ਭਾਈ ਰਾਮ ਸਿੰਘ ਵੀ ਸਹਾਰਾ ਜਨ ਸੇਵਾ ਨਾਲ ਜੁੜਿਆ ਹੋਇਆ ਸੀ।

    ਇਹ ਵੀ ਪੜ੍ਹੋ : ਰੇਲਵੇ ਸਟੇਸ਼ਨ ‘ਤੇ ਬਣੇ ਬਾਥਰੂਮ ‘ਚ ਮਿਲੀ ਨੌਜਵਾਨ ਦੀ ਲਾਸ਼

    ਆਪਣੇ ਸੇਵਾ ਕਾਰਜ ਦੌਰਾਨ 14 ਦਸੰਬਰ 2016 ਨੂੰ ਰਾਮ ਸਿੰਘ ਨੂੰ ਮੌਤ ਨੇ ਉਸ ਵਕਤ ਕਲਾਵੇ ‘ਚ ਲੈ ਲਿਆ ਜਦੋਂ ਉਹ ਮਾਨਸਾ ਰੋਡ ‘ਤੇ ਵਾਪਰੇ ਇੱਕ ਸੜਕ ਹਾਦਸੇ ਦੇ ਜਖਮੀਆਂ ਨੂੰ ਹਸਪਤਾਲ ਲਿਜਾਣ ਲਈ ਚੁੱਕ ਰਿਹਾ ਸੀ। ਉਸ ਰਾਤ ਕੜਾਕੇ ਦੀ ਠੰਢ ਦੀ ਪ੍ਰਵਾਹ ਨਾ ਕਰਦਿਆਂ ਰਾਮ ਸਿੰਘ ਨੇ ਦੋ ਜ਼ਖ਼ਮੀ ਐਂਬੂਲੈਂਸ ‘ਚ ਪਾ ਲਏ ਪਰ ਜਦ ਉਹ ਤੀਸਰੇ ਨੂੰ ਹਾਲੇ ਚੁੱਕਣ ਹੀ ਲੱਗਾ ਸੀ ਤਾਂ ਤੇਜ ਰਫਤਾਰ ਵਾਹਨ ਨੇ ਰਾਮ ਸਿੰਘ ਨੂੰ ਲਪੇਟ ‘ਚ ਲੈ ਲਿਆ। ਕੋਸ਼ਿਸ਼ਾਂ ਦੇ ਬਾਵਜ਼ੂਦ ਰਾਮ ਸਿੰਘ ਨੂੰ ਬਚਾਇਆ ਨਾ ਜਾ ਸਕਿਆ ਤੇ ਉਸ ਦੀ ਮੌਤ ਵੀ ਸਮਾਜਸੇਵਾ ਨੂੰ ਸਮਰਪਿਤ ਹੋ ਗਈ। (Bathinda News)

    ਸਹਾਰਾ ਜਨ ਸੇਵਾ ਅਤੇ ਬਠਿੰਡਾ ਵਾਸੀਆਂ ਵੱਲੋਂ ਰਾਮ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਹੋਇਆ ਹੈ ਤੇ ਉਸ ਦੀ ਯਾਦ ‘ਚ ਸਹਾਰਾ ਵਰਕਰ ਹਰ ਵਰ੍ਹੇ ਖੂਨਦਾਨ ਕੈਂਪ ਲਾ ਕੇ ਸਮਾਜਿਕ ਕਾਰਜਾਂ ਨੂੰ ਹੋਰ ਵੀ ਤਨਦੇਹੀ ਨਾਲ ਕਰਨ ਦਾ ਪ੍ਰਣ ਕਰਦੇ ਹਨ। ਭਰਾ ਤੁਰ ਜਾਣ ਉਪਰੰਤ ਵੀ ਉਹ ਡੋਲੇ ਨਹੀਂ ਅਤੇ ਸੇਵਾ ਕਾਰਜਾਂ ਨੂੰ ਜਾਰੀ ਰੱਖਿਆ ਹੋਇਆ ਹੈ। ਇਸ ਪਰਿਵਾਰ ਦਾ ਇਸ ਰਾਹ ‘ਤੇ ਤੁਰਨ ਦਾ ਪਿਛੋਕੜ ਵੀ ਬੜਾ ਦਿਲਚਸਪ ਹੈ। ਟੇਕ ਚੰਦ ਦੇ ਪਿਤਾ ਬਠਿੰਡਾ ਦੇ ਸ਼ਮਸ਼ਾਨਘਾਟ ‘ਚ ਰਹਿੰਦੇ ਸਨ ਤੇ ਉੱਥੋਂ ਦੀ ਬਗੀਚੀ ‘ਚ ਸਬਜ਼ੀਆਂ ਵਗੈਰਾ ਲਾਉਣ ਦਾ ਕੰਮ ਕਰਦੇ ਸਨ।

    ਸਹਾਰਾ ਜਨ ਸੇਵਾ ਦੇ ਪ੍ਰਧਾਨ ਵਿਜੈ ਗੋਇਲ ਨੇ ਦੱਸਿਆ ਕਿ ਉਹ ਅਕਸਰ ਕਿਸੇ ਨਾ ਕਿਸੇ ਲਾਸ਼ ਦੇ ਸਸਕਾਰ ਲਈ ਸ਼ਮਸ਼ਾਨਘਾਟ ਜਾਂਦੇ ਰਹਿੰਦੇ ਸਨ। ਇਸੇ ਦੌਰਾਨ ਤਿੰਨਾਂ ਭਰਾਵਾਂ ਦੀ ਉਨ੍ਹਾਂ ਨਾਲ ਕਾਫੀ ਨਜ਼ਦੀਕੀ ਬਣ ਗਈ ਅਤੇ ਉਨ੍ਹਾਂ ਨੇ ਸਹਾਰਾ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੀ ਜ਼ਿੰਦਗੀ ਮਨੁੱਖਤਾ ਦੇ ਲੇਖੇ ਲਾ ਦਿੱਤੀ ਹੈ। ਸ੍ਰੀ ਗੋਇਲ ਨੇ ਦੱਸਿਆ ਕਿ ਉਦੋਂ ਤੋਂ ਹੁਣ ਤੱਕ ਇਹ ਸਫਰ ਜਾਰੀ ਹੈ ਤੇ ਹੁਣ ਤਾਂ ਇੰਜ ਜਾਪਣ ਲੱਗਾ ਹੈ ਕਿ ਇਹ ਲੋਕਾਂ ਦੀ ਸੇਵਾ ਲਈ ਹੀ ਜਨਮੇ ਹਨ। (Bathinda News)

    ਲੋਕਾਂ ਦੀ ਸੇਵਾ ਮਿਸ਼ਨ ਬਣਿਆ : ਟੇਕ ਚੰਦ | Bathinda News

    ਸਹਾਰਾ ਜਨ ਸੇਵਾ ਦੇ ਵਰਕਰ ਟੇਕ ਚੰਦ ਦਾ ਕਹਿਣਾ ਸੀ ਕਿ ਸਹਾਰਾ ਦੇ ਪ੍ਰਧਾਨ ਵਿਜੈ ਗੋਇਲ ਨੂੰ ਦੇਖਦਿਆਂ ਉਨ੍ਹਾਂ ਨੇ ਪੀੜਤ ਅਤੇ ਦੀਨ-ਦੁਖੀਆਂ ਦੀ ਮੱਦਦ ਕਰਨ ਦਾ ਮਨ ਬਣਾ ਲਿਆ ਸੀ। ਇਸ ਮਗਰੋਂ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਹੀ ਬਦਲ ਗਿਆ ਤੇ ਆਮ ਲੋਕਾਂ, ਹਾਦਸਾ ਪੀੜਤਾਂ ਤੇ ਬੇਸਹਾਰਾ ਲੋਕਾਂ ਦੀ ਸੇਵਾ ਕਰਨਾ ਮਿਸ਼ਨ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਸਹਾਰਾ ਵਲੰਟੀਅਰ ਸ਼ਹਿਰ ‘ਚ ਨਜ਼ਰ ਰੱਖਦੇ ਹਨ ਤੇ ਜਿੱਥੇ ਜਰੂਰਤ ਹੁੰਦੀ ਹੈ ਫੌਰੀ ਤੌਰ ‘ਤੇ ਪੁੱਜਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਤੇ ਪੁਲਿਸ ਵੀ ਸਹਾਰਾ ਵਲੰਟੀਅਰਾਂ ਨਾਲ ਸੰਪਰਕ ਕਰਦੇ ਹਨ ਤਾਂ ਜੋ ਪੀੜਤਾਂ ਦੀ ਸਹਾਇਤਾ ਕੀਤੀ ਜਾ ਸਕੇ।

    ਲੋਕ ਪੱਖੀ ਕਾਰਜਾਂ ਤੋਂ ਕਾਇਲ ਹਾਂ : ਮੇਅਰ | Bathinda News

    ਮੇਅਰ ਬਲਵੰਤ ਰਾਏ ਨਾਥ ਦਾ ਕਹਿਣਾ ਸੀ ਕਿ ਸਹਾਰਾ ਜਨ ਸੇਵਾ ਦੀ ਅਗਵਾਈ ਹੇਠ ਇੰਨ੍ਹਾਂ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਲੋਕ ਪੱਖੀ ਕਾਰਜਾਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਹ ਘੱਟ ਹੈ। ਉਨ੍ਹਾਂ ਦੱਸਿਆ ਕਿ ਅਵਾਰਾ ਪਸ਼ੂਆਂ ਨੂੰ ਕਾਬੂ ਕਰਨ ਦੀ ਮੁਹਿੰਮ ਦੌਰਾਨ ਤਾਂ ਇਨ੍ਹਾਂ ਨੇ ਲਾਮਿਸਾਲ ਦਲੇਰੀ ਦਿਖਾਉਂਦਿਆਂ ਖਤਰਨਾਕ ਕਿਸਮ ਦੇ ਢੱਠਿਆਂ ਨੂੰ ਕਾਬੂ ਕੀਤਾ ਸੀ, ਜਿਸ ਤੋਂ ਉਹ ਇਨ੍ਹਾਂ ਦੇ ਬਹੁਤ ਕਾਇਲ ਹੋਏ ਸਨ।

    ਸ਼ਰਾਬ ਪੀ ਕੇ ਡਰਾਈਵਿੰਗ ਮੌਤ ਨੂੰ ਸੱਦਾ | Bathinda News

    ਸਹਾਰਾ ਵਲੰਟੀਅਰ ਜੱਗਾ ਸਿੰਘ ਦਾ ਕਹਿਣਾ ਸੀ ਕਿ ਉਹ ਕਿਸੇ ‘ਤੇ ਅਹਿਸਾਨ ਨਹੀਂ ਸਿਰਫ ਸਮਾਜ ਪ੍ਰਤੀ ਆਪਣਾ ਫਰਜ਼ ਅਦਾ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਲੋਕ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਤਾਂ ਹਾਦਸਿਆਂ ਦੌਰਾਨ ਮੌਤਾਂ ਦੀ ਦਰ ਘਟਾਈ ਜਾ ਸਕਦੀ ਹੈ। ਉਨ੍ਹਾਂ ਆਮ ਲੋਕਾਂ ਨੂੰ ਨਸ਼ਾ ਕਰਕੇ ਵਾਹਨ ਨਾ ਚਲਾਉਣ ਦੀ ਅਪੀਲ ਵੀ ਕੀਤੀ।

    LEAVE A REPLY

    Please enter your comment!
    Please enter your name here