ਗ੍ਰਿਫ਼ਤਾਰ ਵਿਅਕਤੀਆਂ ਦਾ ਦਾਅਵਾ: ਉਨ੍ਹਾਂ ਨੂੰ ਸਪਲਾਈ ਦੇਣ ਵਾਲੇ ਦੇ ਲਿੰਕ ਪਾਕਿਸਤਾਨ ਨਾਲ ਜੁੜੇ ਹੋ ਸਕਦੇ ਨੇ (Heroin)
(ਜਸਵੀਰ ਸਿੰਘ ਗਹਿਲ) ਲੁਧਿਆਣਾ। ਪੁਲਿਸ ਵਿਭਾਗ ਦੇ ਐੱਸਟੀਐੱਫ਼ ਲੁਧਿਆਣਾ ਰੇਂਜ ਦੀ ਟੀਮ ਨੇ ਨਸ਼ਿਆਂ ਖਿਲਾਫ਼ ਵੱਡਾ ਮਾਅਰਕਾ ਮਾਰਦਿਆਂ ਦੋ ਵਿਅਕਤੀਆਂ ਨੂੰ 5 ਕਿੱਲੋ 50 ਗ੍ਰਾਮ ਹੈਰੋਇਨ ਦੀ ਖੇਪ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸਟੀਐੱਫ਼ ਰੇਂਜ ਲੁਧਿਆਣਾ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਦੋ ਅਜਿਹੇ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਹੜੇ ਲੰਮੇ ਸਮੇਂ ਤੋਂ ਹੈਰੋਇਨ ਦੀ ਤਸਕਰੀ ਕਰਦੇ ਆ ਰਹੇ ਹਨ। Ludhiana News
ਉਨ੍ਹਾਂ ਦੱਸਿਆ ਕਿ ਮੁਖ਼ਬਰ ਖਾਸ ਪਾਸੋਂ ਮਿਲੀ ਇਤਲਾਹ ’ਤੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਅੰਮ੍ਰਿਤਪਾਲ ਸਿੰਘ ਉਰਫ਼ ਮੱਤੀ ਤੇ ਸੰਨੀ ਕੁਮਾਰ ਉਰਫ਼ ਸੰਨੀ ਵਾਸੀਆਨ ਮੁਹੱਲਾ ਮੋਹਕਮਪੁਰਾ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਜਿੰਨ੍ਹਾਂ ਨੂੰ ਥਾਣਾ ਐੱਸਟੀਐੱਫ਼ ਥਾਣਾ ਮੋਹਾਲੀ ਵਿਖੇ ਮਾਮਲਾ ਦਰਜ਼ ਕੀਤੇ ਜਾਣ ਤੋਂ ਬਾਅਦ ਪੁਲਿਸ ਪਾਰਟੀ ਨੇ ਇੱਕ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਇਕਲ ’ਤੇ ਸਵਾਰ ਹੋ ਕੇ ਜੰਡਿਆਲਾ ਗੁਰੂ ਵੱਲ ਨੂੰ ਆਉਂਦਿਆਂ ਨੂੰ ਜੀਟੀ ਰੋਡ ਤੋਂ ਕਾਬੂ ਕੀਤਾ। ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਅਜੇ ਕੁਮਾਰ ਐੱਸਟੀਐੱਫ਼ ਉਪ ਕਪਤਾਨ ਲੁਧਿਆਣਾ ਰੇਂਜ ਦੀ ਮੌਜੂਦਗੀ ਵਿੱਚ ਲਈ ਗਈ ਤਲਾਸ਼ੀ ਦੌਰਾਨ ਪੁਲਿਸ ਪਾਰਟੀ ਨੂੰ ਉਕਤਾਨ ਅਰੋਪੀਆਂ ਦੇ ਕਬਜ਼ੇ ਵਿੱਚੋਂ 5 ਕਿੱਲੋ 50 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਤੋਂ ਬਾਅਦ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਸ ਖਿਲਾਫ਼ ਪਹਿਲਾਂ ਵੀ ਹੈਰੋਇਨ ਦੀ ਤਸਕਰੀ ਦੇ ਤਿੰਨ ਮਾਮਲੇ ਦਰਜ਼ ਹਨ, ਜਿੰਨ੍ਹਾਂ ਵਿੱਚੋਂ ਉਹ ਕਰੀਬ ਇੱਕ ਮਹੀਨਾਂ ਪਹਿਲਾਂ ਹੀ ਕੇਂਦਰੀ ਜ਼ੇਲ੍ਹ ਅੰਮ੍ਰਿਤਸਰ ਵਿੱਚੋਂ ਜ਼ਮਾਨਤ ’ਤੇ ਬਾਹਰ ਆਇਆ ਸੀ। ਇਸ ਤੋਂ ਇਲਾਵਾ ਉਹ ਖੁਦ ਵੀ ਨਸ਼ੇ ਦਾ ਆਦੀ ਹੈ। ਇਸੇ ਤਰ੍ਹਾਂ ਸੰਨੀ ਕੁਮਾਰ ਨੇ ਮੰਨਿਆ ਕਿ ਉਹ ਵੀ ਵਿਹਲਾ ਰਹਿੰਦਾ ਹੈ ਤੇ ਹੈਰੋਇਨ ਦੀ ਤਸਕਰੀ ਦਾ ਧੰਦਾ ਕਰਦਾ ਹੈ। Heroin
ਇਹ ਵੀ ਪੜ੍ਹੋ: Crime News: ਗ੍ਰਿਫ਼ਤਾਰ ਵਿਅਕਤੀ ਅਦਾਲਤ ਦੀ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਕੇ ਹੋਇਆ ਫਰਾਰ
ਇੰਸਪੈਕਟਰ ਹਰਬੰਸ ਸਿੰਘ ਨੇ ਅਗਲੇਰੀ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਲੀ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਵਿਅਕਤੀਆਂ ਵੱਲੋਂ ਹੈਰੋਇਨ ਦੀ ਤਸਕਰੀ ਜ਼ਰੀਏ ਬਣਾਈ ਗਈ ਜਾਇਦਾਦ ਤੋਂ ਇਲਾਵਾ ਇਹ ਹੈਰੋਇਨ ਕਿੱਥੋਂ ਤੇ ਕਿਸ ਕੋਲੋਂ ਲਿਆਉਂਦੇ ਅਤੇ ਅੱਗੇ ਕਿਸ-ਕਿਸ ਨੂੰ ਸਪਲਾਈ ਕਰਦੇ ਸਨ, ਬਾਰੇ ਵੀ ਪੜਤਾਲ ਕੀਤੀ ਜਾਵੇਗੀ। ਫ਼ਿਲਹਾਲ ਮੁੱਢਲੀ ਪੁੱਛਗਿੱਛ ਦੌਰਾਨ ਦੋਵੇਂ ਅਰੋਪੀਆਂ ਨੇ ਦੱਸਿਆ ਕਿ ਉਹ ਜਿਸ ਵਿਅਕਤੀ ਪਾਸੋਂ ਹੈਰੋਇਨ ਦੀ ਸਪਲਾਈ ਪ੍ਰਾਪਤ ਕਰਦੇ ਹਨ, ਦੇ ਲਿੰਕ ਅੱਗੇ ਪਾਕਿਸਤਾਨ ਤੇ ਨਸ਼ਾ ਸਮੱਗਲਰਾਂ ਨਾਲ ਹੋ ਸਕਦੇ ਹਨ। Ludhiana News