ਨੌਕਰੀ ਦਿਵਾਉਣ ਬਦਲੇ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਦੋ ਕਾਬੂ

Bribe

ਈਐਸਆਈਸੀ ਹਸਪਤਾਲ ਦਾ ਮੁਲਾਜ਼ਮ ਤੇ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਵੱਲੋਂ ਕਾਬੂ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਵਿਜੀਲੈਂਸ ਬਿਊਰੋ ਨੇ ਨੌਕਰੀ ਦਿਵਾਉਣ ਬਦਲੇ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਵਿੱਚ ਈਐਸਆਈਸੀ ਹਸਪਤਾਲ ਲੁਧਿਆਣਾ ਦੇ ਇੱਕ ਮੁਲਾਜ਼ਮ ਤੇ ਇੱਕ ਪ੍ਰਾਈਵੇਟ ਵਿਅਕਤੀ ਨੂੰ ਕਾਬੂ ਕੀਤਾ ਹੈ। ਜਿੰਨ੍ਹਾਂ ਦੀ ਪਹਿਚਾਣ ਈਐਸਆਈਸੀ ਹਸਪਤਾਲ ਲੁਧਿਆਣਾ ਵਿੱਚ ਤਾਇਨਾਤ ਸੁਖਬੀਰ ਸਿੰਘ ਅਤੇ ਉਸਦੇ ਸਾਥੀ ਨਵਨੀਤ ਕੁਮਾਰ, ਵਾਸੀ ਗੁਰੂ ਅਰਜਨ ਦੇਵ ਨਗਰ ਲੁਧਿਆਣਾ ਵਜੋਂ ਹੋਈ ਹੈ। Bribe

ਇਸ ਸਬੰਧੀ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਦਿਨੇਸ਼ ਕੁਮਾਰ ਵਾਸੀ ਪਿੰਡ ਫੁੱਲਾਂਵਾਲ (ਜ਼ਿਲ੍ਹਾ ਲੁਧਿਆਣਾ) ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਉਕਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਨੂੰ ਪਤਾ ਲੱਗਾ ਸੀ ਕਿ ਭਾਰਤ ਨਗਰ ਚੌਂਕ ਲੁਧਿਆਣਾ ਵਿਖੇ ਸਥਿਤ ਈਐਸਆਈਸੀ ਹਸਪਤਾਲ ਵਿੱਚ ਠੇਕੇ ਦੇ ਆਧਾਰ ’ਤੇ ਲੈਬਾਰਟਰੀ ਟੈਕਨੀਸ਼ੀਅਨ ਦੀਆਂ ਅਸਾਮੀਆਂ ਭਰੀਆਂ ਜਾਣੀਆਂ ਹਨ। ਇਸ ਸਬੰਧੀ ਉਹ ਈਐਸਆਈਸੀ ਹਸਪਤਾਲ ਦੀ ਐਚਆਰ ਸ਼ਾਖਾ ਦੇ ਸੁਖਬੀਰ ਸਿੰਘ ਨੂੰ ਮਿਲਿਆ, ਜਿਸ ਨੇ ਉਸ ਨੂੰ ਆਪਣੇ ਵਟਸਐਪ ਨੰਬਰ ’ਤੇ ਵਿੱਦਿਅਕ ਯੋਗਤਾ ਦੇ ਦਸਤਾਵੇਜ਼ ਭੇਜਣ ਲਈ ਕਿਹਾ। Bribe

Bribe

ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਕੁਝ ਦਿਨਾਂ ਬਾਅਦ ਕਿਸੇ ਅਣਪਛਾਤੇ ਵਿਅਕਤੀ ਨੇ ਉਸਨੂੰ ਸਮਰਾਲਾ ਚੌਂਕ ਲੁਧਿਆਣਾ ਵਿਖੇ ਮਿਲਣ ਲਈ ਬੁਲਾਇਆ ਅਤੇ ਹਸਪਤਾਲ ਵਿੱਚ ਨੌਕਰੀ ਦਿਵਾਉਣ ਲਈ 1.10 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਇਸ ਤੋਂ ਬਾਅਦ ਸੁਖਬੀਰ ਸਿੰਘ ਨੇ ਵੀ ਉਸ ਨੂੰ ਕੰਮ ਕਰਵਾਉਣ ਲਈ 1 ਲੱਖ ਰੁਪਏ ਦਾ ਪ੍ਰਬੰਧ ਕਰਨ ਦੀ ਗੱਲ ਵੀ ਆਖੀ।

ਇਹ ਵੀ ਪੜ੍ਹੋ: ਔਰਤਾਂ ਨੂੰ ਹਜ਼ਾਰ ਨਹੀਂ, 1100 ਰੁਪਏ ਦੇਵਾਂਗੇ ਛੇਤੀ : ਭਗਵੰਤ ਮਾਨ

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਉਕਤ ਮੁਲਜ਼ਮ ਸੁਖਬੀਰ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਤੋਂ ਬਾਅਦ ਮੁੱਖ ਮੁਲਜ਼ਮ ਸੁਖਬੀਰ ਸਿੰਘ ਦੇ ਇੱਕ ਸਾਥੀ ਨਵਨੀਤ ਕੁਮਾਰ ਨੂੰ ਵੀ ਸਮਰਾਲਾ ਚੌਕ ਲੁਧਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ। ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਦੋਵਾਂ ਮੁਲਜ਼ਮਾਂ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈਪੀਸੀ ਦੀ 120-ਬੀ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਪੁੱਛਗਿੱਛ ਦੌਰਾਨ ਹੋਰ ਕਰਮਚਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।