ਬੈੱਸਟੈੱਕ ਮੌਲ ਦੇ ਬਾਹਰ ਗੋਲ਼ੀਬਾਰੀ ਦੇ ਦੋਸ਼ ’ਚ ਦੋ ਜਣੇ ਗਿ੍ਰਫਤਾਰ
(ਸੱਚ ਕਹੂੰ ਨਿਊਜ਼) ਮੋਹਾਲੀ। ਸਥਾਨਕ ਫੇਜ਼-11 ਅਧੀਨ ਪੈਂਦੇ ਖੇਤਰ ਬੈੱਸਟੈੱਕ ਮੌਲ ਦੇ ਬਾਹਰ ਗੋਲ਼ੀਬਾਰੀ ਕਰਨ ਦੇ ਦੋਸ਼ ’ਚ ਦੋ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਲੜਾਈ ਦੌਰਾਨ ਇੱਕ ਵਿਅਕਤੀ ਦੇ ਪੱਟ ’ਚ ਗੋਲ਼ੀ ਲੱਗ ਗਈ ਸੀ ਜਿਸ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਆਪਣੇ ਬਿਆਨਾਂ ’ਚ ਬਿਕਰਮਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਪਿੰਡ ਪੱਤੜਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ 6 ਨਵੰਬਰ ਨੂੰ ਰਾਤ 10.50 ਮਿੰਟ ’ਤੇ ਫ਼ਿਲਮ ਦੇਖਣ ਲਈ ਬੈੱਸਟੈੱਕ ਮਾਲ ’ਚ ਗਿਆ ਸੀ। ਉਸ ਨੇ ਦੱਸਿਆ ਕਿ ਜਦੋਂ ਫ਼ਿਲਮ ਸ਼ੁਰੂ ਹੋਈ ਤਾਂ ਉਸ ਦੇ ਸਾਥੀਆਂ ਨੇ ਹਾਸਾ-ਮਜ਼ਾਕ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਉਨ੍ਹਾਂ ਦੀਆਂ ਪਿੱਛੇ ਵਾਲੀਆਂ ਸੀਟਾਂ ’ਤੇ ਦੋ ਲੜਕੇ ਬੈਠੇ ਸਨ ਜਿਨ੍ਹਾਂ ਨੇ, ਸਾਡੇ ’ਤੇ (ਬਿਕਰਮਜੀਤ ਸਿੰਘ) ਔਰਤਾਂ ਨੂੰ ਛੇੜਨ ਦਾ ਦੋਸ਼ ਲਗਾ ਕੇ ਗਾਲ਼ੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ।
ਮਾਮਲਾ ਵਧਦਾ ਦੇਖ ਕੇ ਬਿਕਰਮਜੀਤ ਤੇ ਉਸ ਦੇ ਸਾਥੀਆਂ ਨੇ ਮਾਫ਼ੀ ਮੰਗ ਕੇ ਆਪਣੀਆਂ ਸੀਟਾਂ ਬਦਲ ਲਈਆਂ। ਜਦੋਂ ਫ਼ਿਲਮ ਖ਼ਤਮ ਹੋਈ ਤਾਂ ਇਨ੍ਹਾਂ ਵਿਅਕਤੀਆਂ ਨੇ ਰਾਤ 1.25 ’ਤੇ ਇਨ੍ਹਾਂ ਨੂੰ ਘੇਰ ਲਿਆ ਤੇ ਮਾਰ-ਕੁਟਾਈ ਕਰਨੀ ਸ਼ੁਰੂ ਕਰ ਦਿੱਤੀ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਕੋਲ ਰਿਵਾਲਵਰ ਸੀ ਜਿਸ ਨੇ ਇੱਥੇ ਗੋਲ਼ੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਤੇ ਬਚਣ ਦੇ ਬਾਵਜੂਦ ਇੱਕ ਫਾਇਰ ਬਿਕਰਮਜੀਤ ਸਿੰਘ ਦੇ ਪੱਟ ’ਚ ਲੱਗ ਗਿਆ। ਇਸ ਤੋਂ ਬਾਅਦ ਇਸ ਥਾਂ ’ਤੇ ਕਾਫ਼ੀ ਲੋਕ ਇਕੱਠੇ ਹੋਏ ਗਏ ਤੇ ਮਾਮਲਾ ਸ਼ਾਂਤ ਹੋ ਗਿਆ। ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਸੋਹਨ ਸਿੰਘ ਦੱਸਿਆ ਕਿ ਇਸ ਮਾਮਲੇ ’ਚ ਮੁਲਜ਼ਮ ਜਸਮੇਰ ਸਿੰਘ ਤੇ ਰਵਿੰਦਰ ਪਾਲ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ ਜਦ ਕਿ ਹਾਲੇ ਇੱਕ ਵਿਅਕਤੀ ਦੀ ਭਾਲ਼ ਹੈ। ਉਸ ਨੇ ਦੱਸਿਆ ਕਿ ਜਸਮੇਰ ਸਿੰਘ ਦਾ ਲਾਇਸੰਸੀ ਰਿਵਾਲਰ ਵੀ ਬਰਾਮਦ ਕੀਤਾ ਗਿਆ ਹੈ ਤੇ ਇਨ੍ਹਾਂ ਨੂੰ ਅਦਾਲਤ ’ਚ ਹਾਲੇ ਪੇਸ਼ ਕਰਨਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ