ਗੈਂਗਸਟਰ ਰਾਜਨ ਭੱਟੀ ਦੇ ਦੋ ਸਾਥੀ ਬਠਿੰਡਾ ਤੋਂ ਕਾਬੂ, ਦੋ ਨਾਜਾਇਜ਼ ਹਥਿਆਰ ਬਰਾਮਦ

Gangster Rajan Bhatti

 ਪੁਲਿਸ ਟੀਮਾਂ ਗੈਂਗਸਟਰ ਰਾਜਨ ਭੱਟੀ ਦੀ ਗਿ੍ਰਫ਼ਤਾਰੀ ਲਈ ਕਰ ਰਹੀਆਂ ਹਨ ਛਾਪੇਮਾਰੀ : ਏਆਈਜੀ ਅਸ਼ਵਨੀ ਕਪੂਰ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਪੁਲਿਸ ਨੇ ਬਠਿੰਡਾ ਦੇ ਸੁਸ਼ਾਂਤ ਸਿਟੀ ਵਿਖੇ ਛਾਪੇਮਾਰੀ ਦੌਰਾਨ ਗੈਂਗਸਟਰ ਰਾਜਨ ਭੱਟੀ (Gangster Rajan Bhatti) ਦੇ ਦੋ ਸਾਥੀਆਂ ਨੂੰ ਗਿ੍ਰਫਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਗੁਰਦਾਸਪੁਰ ਦੇ ਪਿੰਡ ਮੁਸਤਫਾਬਾਦ ਜੱਟਾਂ ਦਾ ਰਹਿਣ ਵਾਲਾ ਰਾਜਨ ਭੱਟੀ ਕੈਨੇਡਾ ਸਥਿਤ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਦਾ ਕਰੀਬੀ ਹੈ।

ਪੰਜਾਬ ਪੁਲਿਸ ਵੱਲੋਂ ਫੜੇ ਗਏ ਵਿਅਕਤੀਆਂ ਦੀ ਪਛਾਣ ਹਰਜਸਨੀਤ ਸਿੰਘ (32) ਵਾਸੀ ਪਿੰਡ ਕੋਟ ਸ਼ਮੀਰ ਬਠਿੰਡਾ ਅਤੇ ਕਮਲਜੀਤ ਸਿੰਘ (26) ਵਾਸੀ ਪਿੰਡ ਗੁਲਾਬਗੜ ਵਜੋਂ ਹੋਈ ਹੈ। ਪੁਲਿਸ ਨੇ ਇਨਾਂ ਦੇ ਕਬਜ਼ੇ ’ਚੋ 315 ਬੋਰ ਦੀ ਰਾਈਫਲ ਅਤੇ 30 ਬੋਰ ਦੀ ਸਟਾਰ ਮੇਕ ਪਿਸਤੌਲ ਸਮੇਤ ਦੋ ਨਾਜਾਇਜ਼ ਹਥਿਆਰ ਵੀ ਬਰਾਮਦ ਕੀਤੇ ਹਨ।

ਵੇਰਵਿਆਂ ਦਾ ਖੁਲਾਸਾ ਕਰਦਿਆਂ ਏਆਈਜੀ ਐਸਐਸਓਸੀ ਐਸਏਐਸ ਅਸ਼ਵਨੀ ਕਪੂਰ ਨੇ ਦੱਸਿਆ ਕਿ ਸੂਬੇ ਵਿੱਚ ਅਮਨ-ਸ਼ਾਂਤੀ ਨੂੰ ਭੰਗ ਕਰਨ ਦੇ ਦੋਸ਼ ਵਿੱਚ ਲਖਬੀਰ ਲੰਡਾ ਖ਼ਿਲਾਫ਼ ਦਰਜ ਕੀਤੇ ਕੇਸ ਦੀ ਜਾਂਚ ਦੌਰਾਨ ਇੱਕ ਮੁਲਜ਼ਮ ਰਾਜਨ ਭੱਟੀ ਸਿੱਧੇ ਤੌਰ ’ਤੇ ਲਖਬੀਰ ਲੰਡਾ ਦੇ ਸੰਪਰਕ ਵਿੱਚ ਸੀ ਅਤੇ ਉਸ ਦੇ ਇਸ਼ਾਰੇ ’ਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਸੀ।

ਮੁਹਾਲੀ ਵਿਖੇ ਹੀ 23 ਅਗਸਤ 2022 ਨੂੰ ਐਫਆਈਆਰ ਨੰਬਰ 06 ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 153, 153-ਏ, 120-ਬੀ ਅਤੇ ਆਰਮਜ਼ ਐਕਟ ਦੀ ਧਾਰਾ 25 ਤਹਿਤ ਲਖਬੀਰ ਸਿੰਘ ਲੰਡਾ ਅਤੇ ਉਸ ਦੇ ਹੋਰ ਸਾਥੀਆਂ ਵਿਰੁੱਧ ਪੁਲਿਸ ਵਿਖੇ ਦਰਜ ਕੀਤੀ ਗਈ ਸੀ। ਜਿਸ ਦੇ ਤਹਿਤ ਹੀ ਪੁਲਿਸ ਵਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।

ਏਆਈਜੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਮੁਲਜ਼ਮ ਰਾਜਨ ਭੱਟੀ, ਜਿਸ ਦਾ ਪਿਛੋਕੜ ਕਾਫ਼ੀ ਜਿਆਦਾ ਮਾੜਾ ਅਤੇ ਬਦਨਾਮ ਹੈ। ਉਹ ਇਸ ਸਮੇਂ ਚੰਡੀਗੜ ਅਤੇ ਪੰਜਾਬ ਵਿੱਚ ਐਨਡੀਪੀਐਸ ਐਕਟ ਅਤੇ ਅਸਲਾ ਐਕਟ ਤਹਿਤ ਕਤਲ ਦੀ ਕੋਸ਼ਿਸ਼ ਸਮੇਤ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਪੰਜਾਬ ਪੁਲੀਸ ਦੀਆਂ ਟੀਮਾਂ ਲਗਾਤਾਰ ਉਸ ਦੀ ਨਿਗਰਾਨੀ ਕਰ ਰਹੀਆਂ ਹਨ ਅਤੇ ਉਸ ਦੇ ਟਿਕਾਣਿਆਂ ’ਤੇ ਵਾਰ-ਵਾਰ ਛਾਪੇਮਾਰੀ ਕੀਤੀ ਗਈ ਹੈ। ਉਨਾਂ ਦੱਸਿਆ ਕਿ ਰਾਜਨ ਭੱਟੀ ਲਗਾਤਾਰ ਲਖਬੀਰ ਸਿੰਘ ਲੰਡਾ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹਥਿਆਰਾਂ ਦੀ ਸਪਲਾਈ ਵਿੱਚ ਮਦਦ ਕਰਦਾ ਰਿਹਾ ਹੈ।

ਦੋਵਾਂ ਮੁਲਜ਼ਮਾਂ ਨੂੰ ਰਾਜਨ ਭੱਟੀ ਨੂੰ ਪਨਾਹ ਦੇਣ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ ਹੇਠ ਗਿ੍ਰਫ਼ਤਾਰ ਕੀਤਾ

ਏਆਈਜੀ ਨੇ ਦੱਸਿਆ ਕਿ ਬੁੱਧਵਾਰ ਨੂੰ ਪੁਲਿਸ ਪਾਰਟੀ ਨੇ ਸੁਸ਼ਾਂਤ ਸਿਟੀ ਬਠਿੰਡਾ ਵਿਖੇ ਛਾਪੇਮਾਰੀ ਕੀਤੀ, ਜਿੱਥੋਂ ਰਾਜਨ ਭੱਟੀ ਦੇ ਦੋ ਸਾਥੀਆਂ ਨੂੰ ਦੋ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਇਨਾਂ ਦੋਵਾਂ ਮੁਲਜ਼ਮਾਂ ਨੂੰ ਰਾਜਨ ਭੱਟੀ ਨੂੰ ਪਨਾਹ ਦੇਣ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ ਹੇਠ ਗਿ੍ਰਫ਼ਤਾਰ ਕੀਤਾ ਗਿਆ। ਇਸ ਦੌਰਾਨ ਏਆਈਜੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਰਾਜਨ ਭੱਟੀ ਨੂੰ ਗਿ੍ਰਫ਼ਤਾਰ ਕਰਨ ਲਈ ਪੁਲੀਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ ਅਤੇ ਜਲਦੀ ਹੀ ਉਹ ਸਲਾਖਾਂ ਪਿੱਛੇ ਪਹੁੰਚ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ