– ਮੁੱਖ ਮੰਤਰੀ ਤੋਂ ਕਰਨ ਅਵਤਾਰ ਖ਼ਿਲਾਫ਼ ਕਾਰਵਾਈ ਦੀ ਮੰਗ
– ਮੁੱਖ ਮੰਤਰੀ ਨੂੰ ਮਿਲ ਕੇ ਗੱਲਬਾਤ ਦੀ ਥਾਂ ਚੁਣਿਆ ਸੋਸ਼ਲ ਮੀਡੀਆ
ਚੰਡੀਗੜ, ਅਸ਼ਵਨੀ ਚਾਵਲਾ। ਪੰਜਾਬ ਦੇ ਕਾਂਗਰਸੀ ਵਿਧਾਇਕਾਂ ਵਲੋਂ ਆਪਣੀ ਹੀ ਸਰਕਾਰ ਦੇ ਮੁੱਖ ਸਕੱਤਰ ਖ਼ਿਲਾਫ਼ ਟਵਿੱਟਰ ਰਾਹੀਂ ਜੰਗ ਦੂਜੇ ਦਿਨ ਵੀ ਜਾਰੀ ਰੱਖੀ ਜਾ ਰਹੀਂ ਹੈ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਖ਼ਿਲਾਫ਼ ਕਾਰਵਾਈ ਮੰਗ ਕੀਤੀ ਜਾ ਰਹੀਂ ਹੈ।ਇਸ ਤਰਾਂ ਦੀ ਮੰਗ ਕਰਨ ਵਾਲੇ 8 ਤੋਂ ਜਿਆਦਾ ਵਿਧਾਇਕ ਅਤੇ ਇੱਕ ਮੰਤਰੀ ਇਹੋ ਜਿਹਾ ਰੁਤਬਾ ਰੱਖਦੇ ਹਨ ਕਿ ਉਹ ਜਦੋਂ ਮਰਜ਼ੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲ ਕੇ ਜਾਂ ਫਿਰ ਫੋਨ ਰਾਹੀਂ ਇਸ ਤਰਾਂ ਦੀ ਮੰਗ ਰੱਖ ਸਕਦੇ ਹਨ ਪਰ ਫਿਰ ਵੀ ਇਨਾਂ ਵਲੋਂ ਜਨਤਕ ਤੌਰ ‘ਤੇ ਸੋਸ਼ਲ ਮੀਡੀਆ ਰਾਹੀਂ ਇਹ ਮੰਗ ਕੀਤੀ ਜਾ ਰਹੀਂ ਹੈ।
ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ ਸਰਕਾਰ ਤੋਂ ਕਾਰਵਾਈ ਕਰਵਾਉਣ ਦੇ ਨਾਲ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਜਨਤਕ ਤੌਰ ‘ਤੇ ਦਬਾਅ ਬਣਾਇਆ ਜਾ ਰਿਹਾ ਹੈ ਤਾਂ ਕਿ ਭਲਕੇ ਜਨਤਾ ਦੀ ਕਚਹਿਰੀ ਵਿੱਚ ਜਾ ਕੇ ਉਹ ਕਹਿ ਸਕਣ ਕਿ ਉਨਾਂ ਨੇ ਤਾਂ ਆਪਣਾ ਫਰਜ਼ ਨਿਭਾ ਦਿੱਤਾ ਪਰ ਉਪਰਲੇ ਅਹੁਦਿਆਂ ‘ਤੇ ਬੈਠੇ ਲੋਕਾਂ ਵਲੋਂ ਹੀ ਕਾਰਵਾਈ ਨਹੀਂ ਕੀਤੀ ਗਈ ਹੈ। ਪੰਜਾਬ ਦੇ 8 ਕਾਂਗਰਸੀ ਵਿਧਾਇਕਾਂ ਅਤੇ ਇੱਕ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਜਾ ਰਹੇ ਦੋਸ਼ਾਂ ਸਣੇ ਜਾਂਚ ਕਰਵਾਉਣ ਦੀ ਮੰਗ ‘ਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਲੋਂ ਕੋਈ ਮੋੜਵਾਂ ਜੁਆਬ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਉਨਾਂ ਵਲੋਂ ਹਰ ਤਰਾਂ ਦੇ ਦੋਸ਼ ‘ਤੇ ਫਿਲਹਾਲ ਚੁੱਪ ਹੀ ਵੱਟੀ ਹੋਈ ਹੈ।
600 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਦੀ ਜਾਂਚ ਦੀ ਮੰਗ
ਗਿਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਬੁੱਧਵਾਰ ਨੂੰ ਟਵੀਟ ਕਰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਗਈ ਕਿ ਪੰਜਾਬ ਵਿੱਚ 600 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਇਆ ਹੈ, ਇਸ ਲਈ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਖ਼ਿਲਾਫ਼ ਜਾਂਚ ਬਿਠਾਈ ਜਾਵੇ ਅਤੇ ਉਨਾਂ ਨੂੰ ਤੁਰੰਤ ਆਪਣੇ ਅਹੁਦੇ ਦਾ ਨਾਜਾਇਜ਼ ਫਾਇਦਾ ਲੈਣ ਦੇ ਦੋਸ਼ ਹੇਠ ਮੁੱਖ ਸਕੱਤਰ ਦੇ ਅਹੁਦੇ ਤੋਂ ਹਟਾਇਆ ਜਾਵੇ। ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਟਵੀਟ ਆਉਣ ਤੋਂ ਬਾਅਦ ਸਾਰਿਆਂ ਤੋਂ ਪਹਿਲਾਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਟਵੀਟ ਕਰਦੇ ਹੋਏ ਕਿਹਾ ਗਿਆ ਕਿ ਉਹ ਵਿਧਾਇਕ ਰਾਜਾ ਵੜਿੰਗ ਦੀ ਮੰਗ ਨਾਲ ਸਹਿਮਤ ਹਨ ਅਤੇ ਪਿਛਲੇ 3 ਸਾਲਾਂ ਦੌਰਾਨ ਆਬਕਾਰੀ ਵਿਭਾਗ ਵਿੱਚ ਹੋਏ ਨੁਕਸਾਨ ਦੀ ਤੁਰੰਤ ਜਾਂਚ ਬਿਠਾਈ ਜਾਵੇ।
ਪਹਿਲਾਂ ਨਹੀਂ ਛਿੜੀ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਇਸ ਤਰਾਂ ਦੀ ਜੰਗ
ਰਾਜਾ ਵੜਿੰਗ ਦੇ ਟਵੀਟ ‘ਤੇ ਮੰਤਰੀ ਦਾ ਸਾਥ ਮਿਲਣ ਤੋਂ ਬਾਅਦ ਇੱਕ ਤੋਂ ਬਾਅਦ ਇੱਕ 7 ਵਿਧਾਇਕਾਂ ਨੇ ਟਵੀਟ ਕਰਦੇ ਹੋਏ ਇਸ ਮੰਗ ‘ਤੇ ਆਪਣੀ ਵੀ ਹਮਾਇਤਾ ਦੇ ਦਿੱਤਾ ਹੈ। ਜਿਸ ਨਾਲ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਦਬਾਅ ਵੀ ਬਣ ਰਿਹਾ ਹੈ, ਕਿਉਂਕਿ ਇਸ ਤਰਾਂ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪਹਿਲਾਂ ਕਿਸੇ ਅਧਿਕਾਰੀ ਖ਼ਿਲਾਫ਼ ਸੱਤਾਧਾਰੀ ਧਿਰ ਦੇ ਹੀ ਵਿਧਾਇਕਾਂ ਵਲੋਂ ਜੰਗ ਛੇੜਕੇ ਹੋਏ ਹਟਾਉਣ ਦੀ ਮੰਗ ਨਹੀਂ ਕੀਤੀ ਗਈ ਸੀ।
ਮੁੱਖ ਮੰਤਰੀ ਸਣੇ ਮੁੱਖ ਮੰੰਤਰੀ ਦਫ਼ਤਰ ਨੇ ਵੱਟੀ ਚੁੱਪ
8 ਕਾਂਗਰਸੀ ਵਿਧਾਇਕ ਅਤੇ ਇੱਕ ਮੰਤਰੀ ਵੱਲੋਂ ਵਾਰ ਵਾਰ ਮੰਗ ਦੁਹਰਾਉਣ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਕੋਈ ਜੁਆਬ ਨਹੀਂ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਵਿੱਚ ਮੁੱਖ ਮੰਤਰੀ ਦਫ਼ਤਰ ਨੇ ਵੀ ਚੁੱਪ ਵੱਟ ਲਈ ਹੈ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਵੀ ਇਸ ਮਾਮਲੇ ਵਿੱਚ ਕੋਈ ਜਾਣਕਾਰੀ ਨਹੀਂ ਦੇਣਾ ਚਾਹੁੰਦੇ । ਇਸ ਮਾਮਲੇ ਵਿੱਚ ਹਰ ਕੋਈ ਵਿਵਾਦ ਤੋਂ ਬਚਣਾ ਚਾਹੁੰਦਾ ਹੈ।
ਕਿਹੜੇ ਕਿਹੜੇ ਵਿਧਾਇਕ ਅਤੇ ਮੰਤਰੀ ਉੱਤਰੇ ਟਵਿੱਟਰ ਵਾਰ ‘ਤੇ
- ਮੰਤਰੀ ਸੁਖਜਿੰਦਰ ਰੰਧਾਵਾ
- ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ
- ਵਿਧਾਇਕ ਸੰਗਤ ਗਿਲਜੀਆਂ
- ਵਿਧਾਇਕ ਰਾਜ ਕੁਮਾਰ ਵੇਰਕਾ
- ਵਿਧਾਇਕ ਬਰਿੰਦਰ ਸਿੰਘ ਪਾਹੜਾ
- ਵਿਧਾਇਕ ਫਤਿਹਜੰਗ ਸਿੰਘ ਬਾਜਵਾ
- ਵਿਧਾਇਕ ਬਲਵਿੰਦਰ ਸਿੰਘ ਲਾਡੀ
- ਵਿਧਾਇਕ ਜੋਗਿੰਦਰ ਪਾਲ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।