ਟਰੰਪ ਦੀ ਨਿਵੇਕਲੀ ਹਮਲਾਵਰ ਰਾਸ਼ਟਰਵਾਦੀ ਸ਼ੁਰੂਆਤ

Corona

ਗਲੋਬਲ ਪੱਧਰ ‘ਤੇ ਭਾਰੀ ਅਲੋਚਨਾ ਤੇ ਵਿਰੋਧ–ਵਿਖਾਵਿਆਂ ਦੇ ਮਾਹੌਲ ‘ਚ ਕਾਰੋਬਾਰੀ ਜਗਤ ਸਬੰਧਤ ਰਾਜਨੀਤਕ–ਰਾਜਕੀ ਪ੍ਰਸ਼ਾਸਨਿਕ ਤਜ਼ਰਬੇ ਤੋਂ ਕੋਰੇ ਡੋਨਾਲਡ ਟਰੰਪ ਨੇ 20 ਜਨਵਰੀ, 2017 ਨੂੰ ਵਿਸ਼ਵ ਮਹਾਂਸ਼ਕਤੀ ਵਜੋਂ ਜਾਣੇ ਜਾਂਦੇ ਦੇਸ਼ ਅਮਰੀਕਾ ਦੇ 45ਵੇਂ ਪ੍ਰਧਾਨ ਵਜੋਂ ਸਹੁੰ ਚੁੱਕ ਕੇ ਕਾਰਜਭਾਰ ਸੰਭਾਲ ਲਿਆ ਹੈ। Donald Trump

ਸਹੁੰ ਚੁੱਕ ਸਮਾਗਮ ਜੋ ਕਰੀਬ 8 ਲੱਖ ਇਕੱਤਰ ਲੋਕਾਂ ਸਾਹਮਣੇ ਹੋਇਆ, ਦੇ ਇਤਿਹਾਸਕ ਮੌਕੇ ਪ੍ਰਧਾਨ ਟਰੰਪ ਨੇ ਆਪਣੇ ਪੂਰਵਧਿਕਾਰੀ ਪ੍ਰਸਿੱਧ ਪ੍ਰਧਾਨਾਂ ਜਿਵੇਂ ਆਬ੍ਰਾਹਮ ਲਿੰਕਨ, ਫਰੈਂਕਲਿਨ.ਡੀ.ਰੂਜ਼ਵੈਲਟ, ਜਾਹਨ ਐਫ ਕੈਨੇਡੀ, ਜਾਰਜ ਡਬਲਯੂ ਬੁਸ਼ ਤੇ ਬਾਰਾਕ ਓਬਾਮਾ ਆਦਿ ਨਾਲੋਂ ਅਮਰੀਕੀ ਸੰਵਿਧਾਨ, ਉੱਚ ਲੋਕਤੰਤਰੀ ਕਦਰਾਂ – ਕੀਮਤਾਂ, ਲਿਬਰਟੀ, ਵਿਦੇਸ਼ ਨੀਤੀ, ਗਲੋਬਲ ਪ੍ਰਭਾਵ ਆਦਿ ਦੇ ਗੁਣਗਾਨ, ਦੁਹਰਾਉ ਆਦਿ ਤੋਂ ਹੱਟ ਕੇ ਸਿੱਧੇ ਆਪਣੇ ਰਾਸ਼ਟਰ ਤੇ ਅਮਰੀਕੀ ਲੋਕਾਂ ਪ੍ਰਤੀ ਕੇਂਦਰਿਤ ਭਾਸ਼ਨ ਦਿੱਤਾ।

ਉਸ ਨੇ ਪ੍ਰਧਾਨ ਕੈਨੇਡੀ ਵੱਲੋਂ ਅਮਰੀਕਾ ਦੇ ਮਾਣ–ਸਨਮਾਨ ਲਈ ‘ਕੋਈ ਵੀ ਕੀਮਤ ਅਦਾ ਕਰਨ’, ਜਾਰਜ ਡਬਲਯੂ ਬੁਸ਼ ਵਾਂਗ 27 ਵਾਰ ‘ਲਿਬਰਟੀ’ ਦੀ ਵਰਤੋਂ ਕਰਨ ਦੀ ਥਾਂ ਗੱਲਾਂ ਨਹੀਂ ਕੰਮ, ਅਮਰੀਕਾ ਪਹਿਲਾਂ, ਜੋ ਗਵਾਇਆ, ਵਾਪਸ ਲਿਆਉਣ, ਹਰ ਅਮਰੀਕੀ ਆਪਣੇ ਹੱਥਾਂ ਨਾਲ ਦੇਸ਼ ਦਾ ਨਿਰਮਾਣ ਕਰੇ, ਲੋਕਾਂ ਹੱਥ ਸ਼ਾਸਨ ਸੌਂਪਣ ਅਤੇ ਕਟੱੜਵਾਦੀ ਇਸਲਾਮਿਕ ਅੱਤਵਾਦ ਨੂੰ ਇਸ ਧਰਤੀ ਤੋਂ ਨੇਸਤਨਾਬੂਦ ਕਰਨ ਆਦਿ ਦੀ ਹਮਾਲਵਰ ਢੰਗ ਨਾਲ ਗੱਲ ਕੀਤੀ।

ਟਰੰਪ ਦੀ ਨਿਵੇਕਲੀ ਹਮਲਾਵਰ ਰਾਸ਼ਟਰਵਾਦੀ ਸ਼ੁਰੂਆਤ

ਜਿਨ੍ਹਾਂ ਲੋਕਾਂ ਪ੍ਰਧਾਨ ਟਰੰਪ ਦੇ ਸਹੁੰ–ਚੁੱਕ ਸਮਾਗਮ ਦਾ ਬਾਈਕਾਟ ਕੀਤਾ, ਵਿਰੋਧ ਕੀਤਾ, ਹਿੰਸਾ ‘ਤੇ ਉਤਾਰੂ ਹੋਏ ਜਾਂ ਜੋ ਵਿਰੋਧ ਜਾਰੀ ਰੱਖ ਰਹੇ ਹਨ, ਉਨ੍ਹਾਂ ਦੇ ਆਪਣੇ ਮਸਲੇ ਹੋ ਸਕਦੇ ਹਨ । ਕੀ ਉਹ ਬਚਗਾਨੀ, ਨਿਰਾਸ਼ਾਜਨਕ ਤੇ ਨਕਾਰਾਤਮਿਕ ਸੋਚ ਦੇ ਸ਼ਿਕਾਰ ਹਨ ਜਾਂ ਵਿਰੋਧਾਤਮਕ ਰਾਜਨੀਤੀ ਕਰ ਰਹੇ ਹਨ, ਇਸ ਬਾਰੇ ਅਗਲੇ ਕੁਝ ਸਮੇਂ ‘ਚ ਸਥਿਤੀ ਸਪੱਸ਼ਟ ਹੋ ਜਾਵੇਗੀ। ਪਰ ਇਹ ਵਿਰੋਧਾਤਮਕ ਤੇ ਹਿੰਸਕ ਪ੍ਰਦਰਸ਼ਨ ਇਹ ਜ਼ਰੂਰ ਦਰਸਾ ਰਹੇ ਹਨ ਕਿ ਅਮਰੀਕੀ ਲੋਕਤੰਤਰ ਏਸ਼ੀਆਈ, ਯੂਰਪੀ, ਲਾਤੀਨੀ ਅਮਰੀਕੀ ਲੋਕਤੰਤਰਾਂ ਨਾਲੋਂ ਭਿੰਨ ਨਹੀਂ ਹੈ। ਇਸ ਦੇ ਬਾਵਜੂਦ ਪ੍ਰਧਾਨ ਡੋਨਾਲਡ ਟਰੰਪ ਦੇ ਕੁਝ ਕਦਮ ਅਜੋਕੇ ਅਮਰੀਕੀ ਅਤੇ ਗਲੋਬਲ ਸੰਦਰਭ ‘ਚ ਹਾਂ ਵਾਚਕ, ਪ੍ਰਭਾਵਸ਼ਾਲੀ ਅਤੇ ਸ਼ਲਾਘਾਯੋਗ ਵਿਖਾਈ ਦਿੰਦੇ ਹਨ।

ਅਵਿਵਹਾਰਕ ਨਾਟੋ : Donald Trump

ਸਰਮਾਏਦਾਰੀ ਪ੍ਰਸਾਰਵਾਦੀ ਨਿਜ਼ਾਮ ਨੇ ਵਾਰਸਾ ਪੈਕਟ ਅਧੀਨ ਸਾਬਕਾ ਸੋਵੀਅਤ ਯੂਨੀਅਨ ਤੋਂ ਯੂਰਪ ਤੇ ਆਪਣੇ ਨਿਜ਼ਾਮ ਦੀ ਰਾਖੀ ਲਈ ਰੱਖਿਆਤਮਕ ਕਾਰਵਾਈ ਵਜੋਂ ਨਾਟੋ ਸੰਗਠਨ ਗਠਤ ਕੀਤਾ ਸੀ। ਇਸ ਦਾ ਕਹਿਣਾ ਸੀ ਕਿ ਉਸ ਨੇ ਐਸਾ ਸੋਵੀਅਤ ਯੂਨੀਅਨ ਦੀ ਹਮਲਾਵਰ ਨੀਤੀ ਤੋਂ ਬਚਾਅ ਲਈ ਕੀਤਾ ਸੀ। ਜਦਕਿ ਇਤਿਹਾਸ ਗਵਾਹ ਹੈ ਐਸੀ ਸਥਿਤੀ ਕਦੇ ਨਜ਼ਰ ਨਹੀਂ ਆਈ। ਉਲਟਾ ਸੋਵੀਅਤ ਯੂਨੀਅਨ ਨੇ ਸਾਮਰਾਜ ਦੀ ਪ੍ਰਸਾਰਵਾਦ ਤੇ ਹਮਲਾਵਰ ਨੀਤੀ ਕਰਕੇ ਹਮੇਸ਼ਾ ਰੱਖਿਆਤਮਕ ਨੀਤੀ ਅਪਣਾਈ। ਸਭ ਜਾਣਦੇ ਹਨ ਕਿ ਪਿਛਲੀ ਸਦੀ ‘ਚ ਪਹਿਲੇ ਤੇ ਦੂਸਰੇ ਵਿਸ਼ਵ ਯੁੱਧ ਵੇਲੇ ਸਾਮਰਾਜਵਾਦੀ ਤੇ ਹਿਟਲਰੀ ਸ਼ਕਤੀਆਂ ਨੇ ਉਸ ‘ਤੇ ਹਮਲੇ ਕੀਤੇ ਜਿਸ ਵਿੱਚ ਉਸਦੇ 46 ਮਿਲੀਅਨ ਲੋਕ ਮਾਰੇ ਗਏ। ਇਹ ਵੀ ਹਕੀਕਤ ਹੈ ਕਿ ਸੋਵੀਅਤ ਯੂਨੀਅਨ ਨੇ ਯੂਰਪ ਨੂੰ ਫਾਸ਼ੀਵਾਦੀ ਵਿਨਾਸ਼ ਤੋਂ ਬਚਾਉਣ ਲਈ ਬਹੁਤ ਵੱਡਾ ਯੋਗਦਾਨ ਪਾਇਆ ਸੀ।

ਨਾਟੋ ਸੰਗਠਨ ਦਾ ਘੇਰਾ ਫੌਜੀ ਸੰਗਠਨ ਤੇ ਸੁਰਖਿਆ ਤੋਂ ਅੱਗੇ ਬੈਂਕਿੰਗ, ਊਰਜਾ, ਵਿੱਤ, ਖੁਰਾਕੀ, ਦਵਾਈਆਂ ਆਦਿ ਖੇਤਰਾਂ ਤੱਕ ਪਸਰਿਆ ਹੋਇਆ ਹੈ। ਅਮਰੀਕਾ ਵਿਸ਼ਵ ਥਾਣੇਦਾਰੀ ਇਸ ਦੇ ਮਾਧਿਅਮ ਨਾਲ ਹੀ ਕਰਦਾ ਰਿਹਾ ਹੈ। ‘ਅਰਬ ਬਹਾਰ’, ਲਿਬੀਆ, ਅਫਗਾਨਿਸਤਾਨ, ਇਰਾਕ, ਸਰਬੀਆ, ਯਮਨ ਅੰਦਰ ਰੈਡੀਕਲ ਤੇ ਅੱਤਵਾਦੀ ਮਾਰੂ ਤੇ ਹਿੰਸਕ ਸੰਗਠਨਾਂ ਨੂੰ ਮੁਨੱਜ਼ਮ ਕਰਨ, ਅਣਮਨੁੱਖੀ ਤਾਂਡਵ–ਨਾਚ ਰਾਹੀਂ ਮਾਨਵਤਾ ਦਾ ਘਾਣ ਕਰਨ ਪਿੱਛੇ ਇਸੇ ਦਾ ਹੱਥ ਹੈ।

Donald Trump

ਤੱਥ ਬੋਲਦੇ ਹਨ ਕਿ ਆਈ.ਐੱਸ.ਆਈ.ਐੱਸ., ਅੱਲ– ਕਾਇਦਾ, ਬੋਕੋ ਹਰਮ ਜਿਹੇ ਇਸਲਾਮਿਕ ਕਟੱੜਵਾਦੀ ਸੰਗਠਨਾਂ ਪਿੱਛੇ ਇਸੇ ਦਾ ਹੱਥ ਹੈ। ਪਰ ਅੱਜ ਜੇ ਪ੍ਰਧਾਨ ਟਰੰਪ ਇਸ ਸੰਗਠਨ ਨੂੰ ਅਵਿਵਹਾਰਿਕ ਠਹਿਰਾ ਰਿਹਾ ਹੈ ਤੇ ਇਹ ਕਹਿੰਦਾ ਹੈ ਕਿ ਇਸ ਦੀ ਅਜੋਕੇ ਕੌਮਾਂਤਰੀ ਮਾਹੌਲ ‘ਚ ਕੋਈ ਲੋੜ ਨਹੀਂ ਤਾਂ ਇਹ ਸੌ ਫ਼ੀਸਦੀ ਸੱਚ ਹੈ। ਇਹ ਵੀ ਸੱਚ ਹੈ ਕਿ ਇਸ ਸੰਗਠਨ ਦੇ ਖ਼ਰਚਿਆਂ ਲਈ ਮੈਂਬਰ ਰਾਸ਼ਟਰਾਂ ਨੇ ਲੰਬੇ ਸਮੇਂ ਤੋਂ ਆਪਣਾ ਹਿੱਸਾ ਪਾਉਣਾ ਬੰਦ ਕੀਤਾ ਹੋਇਆ ਹੈ। ਇਸ ਲਈ ਇਹ ਦੇਸ਼ ਅਮਰੀਕਾ ‘ਤੇ ਉਵੇਂ ਹੀ ਭਾਰ ਬਣੇ ਹੋਏ ਹਨ ਜਿਵੇਂ ਵਾਰਸਾ ਪੈਕਟ ਵਾਲੇ ਦੇਸ਼ ਅਤੇ ਸੋਵੀਅਤ ਯੂਨੀਅਨ ਟੁੱਟਣ ਤੋਂ ਪਹਿਲਾਂ ਇਸ ਨਾਲੋਂ ਵੱਖ ਹੋਏ ਦੇਸ਼ ਇਲਾਕੇ ਉਸ ‘ਤੇ ਭਾਰ ਬਣੇ ਹੋਏ ਸਨ। ਅਮਰੀਕੀ ਟੈਕਸਦਾਤਾ ਯੂਰਪ ਦੀ ਸੁਰੱਖਿਆ ਲਈ ਟੈਕਸ ਕਿਉਂ ਦੇਣ?

ਪ੍ਰਧਾਨ ਟਰੰਪ ਦੇ ਇਸ ਬਿਆਨ ਕਰਕੇ ਯੂਰਪੀਨ ਦੇਸ਼ਾਂ ਨੂੰ ਆਪੋ–ਆਪਣੀ ਸੁਰੱਖਿਆ ਦੇ ਲਾਲੇ ਪੈ ਗਏ ਹਨ। ਉਹ ਦੇਸ਼ ਹੁਣ ਆਪਣੀ ਸੁਰੱਖਿਆ ਦਾ ਪ੍ਰਬੰਧ ਕਰਨ ਲਈ ਮਜ਼ਬੂਰ ਹਨ। ਇਸ ਸੰਦਰਭ ‘ਚ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਦਾ ਬਿਆਨ ਆਇਆ ਹੈ ਜੋ ਅਮਰੀਕੀ ਪ੍ਰਧਾਨ ਨੂੰ ਲੁਭਾਉਣ ਦਾ ਯਤਨ ਹੈ ਕਿ ਪ੍ਰਧਾਨ ਟਰੰਪ ਨਾਟੋ ਦੀ ਮਹੱਤਤਾ ਤੋਂ ਜਾਣੂ ਹਨ ਤੇ ਉਹ ਜ਼ਰੂਰ ਇਸਦੀ ਮਜ਼ਬੂਤੀ ਲਈ ਸੋਚਣਗੇ। ਦਰਅਸਲ ਇਸ ਸੰਗਠਨ ਦਾ ਕੰਮ ਹੈ ਦੂਸਰੇ ਰਾਸ਼ਟਰਾਂ ਨੂੰ ਧਮਕਾਉਣਾ, ਗੈਰ–ਲੋੜੀਂਦੇ ਮਸਲੇ ਖੜ੍ਹੇ ਕਰਨਾ। ਵਿਰੋਧੀ ਰਾਸ਼ਟਰਾਂ ਨੇੜੇ ਸੁਰਖਿਆ ਦਸਤੇ ਤਾਇਨਾਤ ਕਰਨਾ। ਅਜੇ ਪਿੱਛੇ ਜਿਹੇ ਹੀ ਨਾਟੋ ਨੇ ਬਾਲਟਿਕ ਦੇਸ਼ਾਂ ਦੀ ਰਾਖੀ ਲਈ ਆਪਣੇ ਦਸਤੇ ਭੇਜੇ ਹਨ।

ਰੂਸ ਨਾਲ ਚੰਗੇ ਸਬੰਧ : Donald Trump

ਪ੍ਰਧਾਨ ਟਰੰਪ ਰੂਸ ਨਾਲ ਅਮਰੀਕੀ ਸਬੰਧਾਂ ਨੂੰ ਸੁਧਾਰਨਾ ਚਾਹੁੰਦੇ ਹਨ। ਉਹ ਅਮਰੀਕਾ ਵੱਲੋਂ ਉਸ ਵਿਰੁੱਧ ਲਾਈਆਂ ਆਰਥਿਕ ਪਾਬੰਦੀਆਂ ‘ਚ ਢਿੱਲ ਦੇਣਾ ਚਾਹੁੰਦੇ ਹਨ। ਕਿਸੇ ਵੀ ਤਰ੍ਹਾਂ ਦੀ ਭਵਿੱਖ ਠੰਡੀ ਜੰਗ ਪੈਦਾ ਨਹੀਂ ਹੋਣ ਦੇਣਾ ਚਾਹੁੰਦੇ। ਉਸ ਨਾਲ ਵਪਾਰਕ, ਯੁੱਧਨੀਤਕ, ਡਿਪਲੋਮੈਟਿਕ ਸਬੰਧ ਆਮ ਵਰਗੇ ਬਣਾਉਣ ਦੀ ਇੱਛਾ ਰੱਖਦੇ ਹਨ। ਇਸੇ ਕਰਕੇ ਅਮਰੀਕਾ ਅੰਦਰ ਰੂਸ ਵਿਰੋਧੀ ਲਾਬੀ ਪ੍ਰਧਾਨਗੀ ਚੋਣਾਂ ‘ਚ ਰੂਸ ਦੇ ਪ੍ਰਧਾਨ ਵਲਾਦੀਮੀਰ ਪੂਤਨ ਵੱਲੋਂ ਪ੍ਰਧਾਨ ਟਰੰਪ ਦੀ ਮੱਦਦ ਕਰਨ ਲਈ ਡੈਮੋਕ੍ਰੈਟਿਕ ਉਮੀਦਵਾਰ ਹਿਲੇਰੀ ਕਲਿੰਟਨ ਦੀਆਂ ਈ.ਮੇਲਾਂ ਹੈਕ ਕਰਨ, ਰੂਸ ਕੋਲ ਪ੍ਰਧਾਨ ਟਰੰਪ ਦੇ ਸੰਗੀਨ ਰਾਜ ਹੋਣ ਦਾ ਹਊਆ ਅਤੇ ਪ੍ਰਾਪੇਗੰਡਾ ਖੜ੍ਹਾ ਕਰ ਰਹੇ ਹਨ । ਦਰਅਸਲ ਅਮਰੀਕੀ ਪ੍ਰਧਾਨ ਟਰੰਪ ਉਸ ਨਾਲ ਮਿਲ ਕੇ ਇਸ ਧਰਤੀ ਤੋਂ ਕਟੱੜਵਾਦੀ ਇਸਲਾਮਿਕ ਤੇ ਹੋਰ ਐਸੇ ਅੱਤਵਾਦ ਦਾ ਖਾਤਮਾ ਕਰਨਾ ਚਾਹੁੰਦੇ ਹਨ। ਦੋਵਾਂ ਦੇਸ਼ਾਂ ਦਰਮਿਆਨ ਸਬੰਧ ਮਜ਼ਬੂਤ ਕਰਨਾ ਚਾਹੁੰਦੇ ਹਨ।

ਜਰਮਨ ਏਕਾਧਿਕਾਰ ਵਿਰੁੱਧ :

ਅਮਰੀਕੀ ਪ੍ਰਧਾਨ ਭਲੀਭਾਂਤ ਜਾਣਦੇ ਹਨ ਇੱਕ ਕਾਰੋਬਾਰੀ ਹੋਣ ਕਰਕੇ ਕਿ ਜਰਮਨ ਯੂਰਪੀ ਦੇਸ਼ਾਂ ‘ਤੇ ਵਿੱਤੀ ਤੇ ਆਰਥਿਕ ਏਕਾਧਿਕਾਰ ਲੱਦ ਰਿਹਾ ਹੈ। ਜੋ ਕਾਰਜ ਨਾਜ਼ੀ ਅਡੋਲਫ ਹਿਟਲਰ ਨਹੀਂ ਕਰ ਸਕਿਆ ਉਹ ਅਜੋਕੀ ਜਰਮਨ ਚਾਂਸਲਰ ਐਂਜਲਾ ਮਰਕਲ ਕਰਨ ‘ਚ ਸਫਲ ਹੋ ਗਈ ਹੈ। ਇਸ ਦੇ ਤਾਕਤਵਰ ਸਨਅਤੀ ਤੇ ਵਿੱਤੀ ਸਾਮਰਾਜ ਨੇ ਸਪੇਨ, ਇਟਲੀ, ਯੂਨਾਨ, ਆਇਰਲੈਂਡ ਆਦਿ ਨੂੰ ਬੁਰੀ ਤਰ੍ਹਾਂ ਮਧੋਲ ਕੇ ਰੱਖ ਦਿੱਤਾ ਜਿਸ ਕਰਕੇ ਇਨ੍ਹਾਂ ਦੇਸ਼ਾਂ ‘ਚ ਸਨਅਤ, ਵਪਾਰ, ਕਾਰੋਬਾਰ, ਉਤਪਾਦਨ ਠੱਪ ਹੋ ਗਿਆ ਹੈ। ਹੋਰ ਦੇਸ਼ ਵੀ ਪ੍ਰਭਾਵਿਤ ਹੋ ਰਹੇ ਹਨ। ਜਰਮਨ ਸਨਅੱਤ ਅਤੇ ਆਰਥਿਕਤਾ ਅਮਰੀਕਾ ‘ਤੇ ਵੀ ਹਮਲਾ ਕਰ ਰਹੀ ਹੈ।

ਇਸੇ ਕਰਕੇ ਅਮਰੀਕਾ ਨੇ ਜਰਮਨ ਅਯਾਤ ਤੇ ਟੈਰਿਫ ਲਾਉਣ ਦੀ ਧਮਕੀ ਦਿੱਤੀ ਹੈ। ਉਸ ਨੇ ਜਰਮਨ ਨੂੰ ਅਮਰੀਕਾ ਅੰਦਰ ਕਾਰ ਉਦਯੋਗ ਸਥਾਪਤ ਕਰਨ ਅਤੇ ਪੈਦਾਵਾਰ ਕਰਨ ਲਈ ਕਿਹਾ ਹੈ। ਪ੍ਰਧਾਨ ਟਰੰਪ ਨੇ ਜਰਮਨੀ ਦੇ ਨਾਲ–ਨਾਲ ਚੀਨ ਨੂੰ ਵੀ ਦਰਸਾ ਦਿੱਤਾ ਹੈ ਉਸ ਨਾਲ ਪੰਜ ਦਹਾਕੇ ਪਹਿਲਾਂ ਕੀਤਾ ਸਮਝੌਤਾ ‘ਮੁੜ ਵਿਚਾਰ ਅਧੀਨ’ ਹੈ। ਉਹ ਜਰਮਨ ਵੱਲੋਂ ਪ੍ਰਵਾਸੀਆਂ ਲਈ ਬਗੈਰ ਕਾਗਜ਼ਾਤ ਤੇ ਦਸਤਾਵੇਜ਼ਾਂ ਦੇ ਸਰਹੱਦਾਂ ਖੋਲ੍ਹਣ ਦੇ ਵੀ ਵਿਰੁੱਧ ਹਨ ਜੋ ਕਿਸੇ ਨਾ ਕਿਸੇ ਰੂਪ ‘ਚ ਕੱਟੜਵਾਦੀ ਇਸਲਾਮਿਕ ਅੱਤਵਾਦ ਪੈਦਾ ਕਰਨ ‘ਚ ਸਹਾਈ ਹੁੰਦੇ ਹਨ। ਉਹ ਤਾਈਵਾਨ ਦੀ ਆਜ਼ਾਦੀ ਦੇ ਹੱਕ ‘ਚ ਹੈ।

ਲੋਕ ਲੁਭਾਊ ਐਲਾਨਾਂ ਦੀ ਝੜੀ ਲਾਉਂਦਿਆਂ ਟਰੰਪ ਨੇ ਵਾਸ਼ਿੰਗਟਨ ਡੀ.ਸੀ. ਤੋਂ ਸੱਤਾ ਸ਼ਕਤੀ ਤਬਦੀਲ ਕਰਕੇ ਲੋਕਾਂ ਨੂੰ ਵਾਪਸ ਕਰਨ ਦਾ ਐਲਾਨ ਕੀਤਾ ਹੈ। ਅਮਰੀਕੀ ਡਰੇਨੇਜ਼ ਭਾਵ ਅਮਰੀਕੀ ਰੁਜ਼ਗਾਰ ਅਮਰੀਕੀਆਂ ਨੂੰ ਵਾਪਸ ਕਰਨ, ਅਮਰੀਕੀ ਸਰਹੱਦਾਂ ਤੇ ਦੌਲਤ ਅਮਰੀਕੀਆਂ ਨੂੰ ਵਾਪਸ ਕਰਨ ਦਾ ਐਲਾਨ ਕੀਤਾ ਹੈ। ਅਮਰੀਕੀਆਂ ਲਈ ਵਧੀਆ ਆਰਥਿਕ, ਵਿੱਦਿਅਕ ਮੂਲ ਢਾਂਚਾ ਖੜ੍ਹਾ ਕਰਨ, ਜਨਤਕ ਸੁਰੱਖਿਆ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਹੈ। ਅਮਰੀਕੀਆਂ ਦੇ ਸੁਪਨੇ ਸਾਕਾਰ ਕਰਨ ਦੀ ਗਰੰਟੀ ਦਿੱਤੀ ਹੈ।

ਅੱਤਵਾਦ : Donald Trump

ਜਿਵੇਂ ਕਿ ਪ੍ਰਧਾਨ ਟਰੰਪ ਚੋਣ ਪ੍ਰਚਾਰ ਵੇਲੇ ਕੱਟੜਵਾਦੀ ਇਸਲਾਮਿਕ ਅੱਤਵਾਦ ਦੇ ਖਾਤਮੇ ਦਾ ਵਾਅਦਾ ਕਰਦੇ ਰਹੇ ਹਨ ਹੁਣ ਉਨ੍ਹਾਂ ਇਸ ਨੂੰ ਸੱਤਾ ਸੰਭਾਲਣ ‘ਤੇ ਮੁੜ ਦੁਹਰਾਇਆ ਹੈ। ਇਸ ਅੱਤਵਾਦ ਨੇ ਅਮਰੀਕਾ ਨੂੰ ਹੋਰ ਦੇਸ਼ਾਂ ਸਮੇਤ ਬੜੇ ਵੱਡੇ ਪੀੜਾਜਨਕ ਜ਼ਖ਼ਮ ਦਿੱਤੇ ਹਨ । ਓਬਾਮਾ ਕੇਅਰ ਪ੍ਰੋਗਰਾਮ ਦਾ ਭੋਗ ਪਾਉਣ ਲਈ ਉਨ੍ਹਾਂ ਨੇ ਪਹਿਲੇ ਦਸਤਾਵੇਜ਼ ਵਜੋਂ ਦਸਤਖ਼ਤ ਕੀਤੇ ਹਨ। ਇਸ ਦਾ ਮੁੱਖ ਮੰਤਵ ਰਾਜਨੀਤਕ ਤੌਰ ‘ਤੇ ਰਿਪਬਲੀਕਨਾਂ ਨੂੰ ਆਪਣੇ ਨਾਲ ਜੋੜਨਾ ਵੀ ਹੈ ਜੋ ਇਸਦਾ ਵਿਰੋਧ ਕਰਦੇ ਆਏ ਹਨ। ਇਸ ਪ੍ਰੋਗਰਾਮ ਨੂੰ ਖਰਚੀਲਾ ਤੇ ਦੋਸ਼ਪੂਰਣ ਮੰਨਿਆ ਗਿਆ ਹੈ।ਜਿਵੇਂ ਭਾਰਤੀ ਰਾਜਨੀਤੀਵਾਨਾਂ ਵਾਂਗ ਜਿਵੇਂ ਪ੍ਰਧਾਨ ਟਰੰਪ ਨੇ ਲੋਕ ਲੁਭਾਊ ਨਾਅਰੇ ਦਿੱਤੇ ਹਨ ਕਿਵੇਂ ਪੂਰੇ ਕੀਤੇ ਜਾਣਗੇ? ਉਸ ਮੰਤਵ ਲਈ ਉਨ੍ਹਾਂ ਦੀ ਕੀ ਰਣਨੀਤੀ, ਸਰੋਤ, ਰੋਡ ਮੈਪ ਹੈ ਬਾਰੇ ਕੁਝ ਨਹੀਂ ਦੱਸਿਆ ਗਿਆ। ਅਮਰੀਕਾ ਅੰਦਰ ਫੈੱਡਰਲ ਢਾਂਚੇ ਅਧੀਨ ਰਾਜਾਂ ਕੋਲ ਬਹੁਤ ਵੱਡੇ ਅਧਿਕਾਰ ਹਨ ।

ਪ੍ਰਧਾਨ ਟਰੰਪ ਦੇ ਮੈਕਸੀਕੋ ਸਰਹੱਦ ‘ਤੇ ਕੰਧ ਉਸਾਰਨ ਦੇ ਪ੍ਰੋਗਰਾਮ ਨਾਲ ਕੈਲੇਫੋਰਨੀਆ ਵਰਗਾ ਤਾਕਤਵਰ ਰਾਜ ਮਿਸਾਲ ਵਜੋਂ ਸਹਿਮਤ ਨਹੀਂ। ਸੋ ਰਾਜਾਂ ਨੂੰ ਆਪਣੇ ਪਾਪੂਲਿਟ ਪ੍ਰੋਗਰਾਮਾਂ ਨਾਲ ਲੈ ਕੇ ਚੱਲਣਾ ਉਨ੍ਹਾਂ ਲਈ ਬਹੁਤ ਵੱਡੀ ਚੁਣੌਤੀ ਹੈ। ਅਮਰੀਕੀ ਸੰਵਿਧਾਨਕ, ਸੁਰੱਖਿਆ, ਖੁਫੀਆ ਸੰਸਥਾਵਾਂ ਆਦਿ ਬਹੁਤ ਤਾਕਤਵਰ ਹਨ। ‘ਰੋਕ ਅਤੇ ਸੰਤੁਲਨ’ ਸੰਵਿਧਾਨਕ ਪ੍ਰਕਿਰਿਆ ਬਹੁਤ ਸ਼ਕਤੀਸ਼ਾਲੀ ਹੈ। ਨਸਲਵਾਦ ਬਹੁਤ ਭਾਰੂ ਹੈ। ਅਮਰੀਕਾ ਇਸ ਸਮੇਂ ਟ੍ਰਿਲੀਅਨ ਡਾਲਰਾਂ ਦੇ ਕਰਜ਼ੇ ਹੇਠ ਦੱਬਿਆ ਪਿਆ ਹੈ। ਅਮਰੀਕੀ ਪ੍ਰਧਾਨ ਟਰੰਪ ਨੂੰ ਸਥਾਪਤ ਨਿਜ਼ਾਮ ਇਲਾਵਾ ਵੱਡੇ ਰਾਜਨੀਤਕ ਵਿਰੋਧ ਦਾ ਸਾਹਮਣਾ ਪਹਾੜ ਵਾਂਗ ਖੜ੍ਹਾ ਹੈ। ਐਸੀਆਂ ਚੁਣੌਤੀਆਂ ਸਨਮੁੱਖ ਉਹ ਕਿਵੇਂ ਆਪਣੇ ਨਿਸ਼ਾਨਿਆਂ ਦੀ ਪੂਰਤੀ ਕਰਦੇ ਹਨ, ਇਹ ਤਾਂ ਹੁਣ ਸਮਾਂ ਹੀ ਦੱਸੇਗਾ।
ਦਰਬਾਰਾ ਸਿੰਘ ਕਾਹਲੋਂ

ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ। ਮੋ. 94170–94034

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ