ਮਹਾਂਸ਼ਕਤੀ ਦਾ ਡਿੱਗਦਾ ਮਿਆਰ

 ਦੁਨੀਆਂ ਦੀ ਮਹਾਂਸ਼ਕਤੀ ਮੰਨਿਆ ਜਾਂਦਾ ਮੁਲਕ ਅਮਰੀਕਾ ਤਹਿਜ਼ੀਬੀ ਉਚਾਈਆਂ ਤੋਂ ਡਿੱਗਦਾ ਨਜ਼ਰ ਆ ਰਿਹਾ ਹੈ ਰਾਸ਼ਟਰਪਤੀ ਚੋਣ ਲਈ ਜੋਰ ਅਜ਼ਮਾਈ ਕਰ ਰਹੇ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਤੇ ਰਿਪਬਲਿਕਨ ਡੋਨਾਲਡ ਟਰੰਪ ਦੀ ਇੱਕ-ਦੂਜੇ ਖਿਲਾਫ਼ ਬੋਲੀ ਘਟੀਆ ਪੱਧਰ ਤੱਕ ਪਹੁੰਚ  ਗਈ ਹੈ ਟਰੰਪ ਹਿਲੇਰੀ ਲਈ ਡੈਣ ਤੇ ਝੂਠੀ ਵਰਗੇ ਵਿਸ਼ਲੇਸ਼ਣ ਵਰਤ ਰਿਹਾ ਹੈ ਟਰੰਪ ਨੇ ਹਿਲੇਰੀ ਨੂੰ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਮਾਨਸਿਕ ਤੌਰ ‘ਤੇ ਅਣਫਿੱਟ ਤੇ ਦਿਮਾਗੀ ਸ਼ਾਰਟ ਸਰਕਟ ਵਾਲੀ ਕਰਾਰ ਦਿੱਤਾ ਹੈ ਤਲਖ਼ ਤੇ ਮਾੜੀ ਸ਼ਬਦਾਵਲੀ ਕਾਰਨ ਹੀ ਮੌਜ਼ੂਦਾ ਰਾਸ਼ਟਰਪਤੀ  ਬਰਾਕ ਓਬਾਮਾ ਨੂੰ ਨਸੀਹਤ ਦੇਣੀ ਪਈ ਹੈ ਕਿ ਦੋਵੇਂ ਆਗੂ ਸੰਭਾਵੀ ਰਾਸ਼ਟਰਪਤੀ ਵਜੋਂ ਵਿਹਾਰ ਕਰਨ ਇਸ  ਘਟਨਾ ਚੱਕਰ ‘ਚ ਇੱਕ ਗੱਲ ਤਾਂ ਜਰੂਰ ਸਪੱਸ਼ਟ ਹੈ ਕਿ ਵਰਤਮਾਨ ਉਮੀਦਵਾਰਾਂ ‘ਚ ਕੁਰਸੀ ਦਾ ਮੋਹ ਹੱਦ ਦਰਜੇ ਦਾ ਹੋ ਗਿਆ ਹੈ ਕਿ ਉਹ ਕਿਸੇ ਵੀ ਆਦਰਸ਼ ਦੀ ਬਲੀ ਚਾੜ੍ਹਨ ਲਈ ਤਿਆਰ ਹਨ ਖਾਸ ਕਰਕੇ ਟਰੰਪ ਨੇ ਨਸਲੀ ਤੇ ਨਫ਼ਰਤ ਪੈਦਾ ਕਰਨ ਲਈ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ ਮੁਸਲਮਾਨ ਤੇ ਹੋਰ ਗੈਰ ਗੋਰਿਆਂ ਖਿਲਾਫ਼ ਉਨ੍ਹਾਂ ਨੇ ਅਜਿਹੀ ਮੁਹਿੰਮ ਚਲਾਈ ਹੈ ਕਿ  ਕੱਟੜ ਅਮਰੀਕੀ ਉਨ੍ਹਾਂ ਵੱਲ ਝੁਕਦੇ ਨਜ਼ਰ ਆ ਰਹੇ ਹਨ ਜਿਹੜੀ  ਗੱਲ ਦਾ ਡਰ ਸੀ ਉਹ  ਵਾਪਰ ਹੀ ਰਿਹਾ ਹੈ ਟਰੰਪ ਦੀ ਨਫ਼ਰਤ ਦੀ ਫਸਲ ਵੱਡੀ ਹੋ ਰਹੀ ਹੈ ਬੀਤੇ ਦਿਨੀਂ ਇੱਕ ਮੁਸਲਿਮ ਮੁਸਾਫ਼ਰ ਵੱਲੋਂ ਮੁੜ੍ਹਕਾ ਪੂੰਝਦਿਆਂ  ਅੱਲ੍ਹਾ ਕਹਿਣ ‘ਤੇ ਗੋਰੇ  ਕਰੂ ਮੈਂਬਰਾਂ ਨੇ ਮੁਸਾਫ਼ਰ ਨੂੰ ਜਹਾਜ ਤੋਂ ਲਾਹ ਦਿੱਤਾ ਅੱਗੇ ਜਾਂ ਕੇ ਇਸ ਦੇ ਹੋਰ ਕੀ ਨਤੀਜੇ ਨਿੱਕਲਦੇ ਹਨ  ਇਹ ਤਾਂ ਸਮਾਂ ਹੀ ਦੱਸੇਗਾ  ਪਰ ਟਰੰਪ ਦੇ ਨਫ਼ਰਤੀ ਬੋਲਾਂ  ਦੇ ਨਾਲ-ਨਾਲ ਆਪਣੀ ਮੁਕਾਬਲੇਬਾਜ ਪ੍ਰਤੀ ਜੋ ਸ਼ਬਦਾਵਲੀ ਵਰਤੀ ਜਾ ਰਹੀ ਹੈ ਉਹ ‘ਮੇਡ ਇਨ ਯੂਐੱਸਏ’ ਦਾ ਕੱਦ ਦੁਨੀਆਂ ‘ਚ ਬਹੁਤ ਛੋਟਾ ਕਰ ਦੇਵੇਗੀ ਟਰੰਪ ਅਮਰੀਕੀਆਂ ਦੀ ਤਰੱਕੀ ਦਾ ਮੁੱਦਾ ਉਠਾਉਣ ਦੀ ਬਜਾਇ  ਤਰੱਕੀ ‘ਚ ਵਿਘਨ ਕਿਉਂ ਪੈ ਰਿਹਾ ਹੈ ਇਸ ਨੂੰ ਜ਼ਿਆਦਾ ਗਾ ਰਿਹਾ ਹੈ ਰਾਜਗੱਦੀ ਦੇ ਲੋਭ ‘ਚ ਉਸ ਕੋਲ ਇਸਤਰੀ ਜਾਤੀ ਦਾ ਸਨਮਾਨ ਦਾ ਖਿਆਲ ਵੀ ਨਹੀਂ ਕੀਤਾ ਜਾ ਰਿਹਾ ਹੈ ਤੇ ਉਹ ਔਰਤਾਂ ਪ੍ਰਤੀ ਮੱਧਕਾਲੀ ਸੋਚ ਅਪਨਾਉਣ ਤੋਂ ਗੁਰੇਜ਼ ਨਹੀਂ ਕਰ ਰਿਹਾ ਹੈ ਸਿੱਧੇ ਸ਼ਬਦਾਂ ‘ਚ ਉਹ ਹਿਲੇਰੀ ਲਈ  ਔਰਤਾਂ ਦੀ ਖੁੱਤੀ ਪਿੱਛੇ ਮੱਤ ਵਾਲੀ ਧਾਰਨਾ  ਆਪਣਾ ਰਿਹਾ ਹੈ
ਅਮਰੀਕਾ ਸਿਆਸੀ ਤੌਰ ‘ਤੇ ਅਜਿਹੇ ਮੁਲਕਾਂ ‘ਚ ਗਿਣਿਆ ਗਿਆ ਹੈ ਜਿੱਥੇ ਕੋਈ ਆਗੂ ਆਪਣੀ ਮਿਹਨਤ  ਤੇ ਵਿਚਾਰਧਾਰਾ ਨਾਲ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚਦਾ ਹੈ ਅਮਰੀਕੀ ਰਾਸ਼ਟਰਪਤੀ ਦਾ ਲੋਹਾ ਦੁਨੀਆ ਮੰਨਦੀ ਰਹੀ ਹੈ ਤਾਜ਼ਾ ਚੋਣਾਂ ਦਾ ਪ੍ਰਚਾਰ ਰਾਸ਼ਟਰਪਤੀ ਦੇ ਅਹੁਦੇ ਨੂੰ ਹੀ ਫਿੱਕਾ ਕਰ ਰਿਹਾ ਹੈ  ਆਗੂਆਂ ਦਾ ਅੜੀਅਲ ਸੁਭਾਅ ਤੇ ਹੈਂਕੜੀ ਅਮਰੀਕੀ ਲੋਕਤੰਤਰ ਤੇ ਸ਼੍ਰਿਸ਼ਟਾਚਾਰ ਦਾ ਜਨਾਜਾ ਕੱਢ ਰਹੀ ਹੈ ਅਮਰੀਕਾ ਦੀ ਆਰਥਿਕ ਤੇ ਵਿਗਿਆਨਕ ਤਰੱਕੀ ਨੂੰ ਭੁਲਾ ਦਿੱਤਾ ਗਿਆ ਹੈ  ਨਿਆਣਿਆਂ ਵਾਂਗ ਲੜਨ ਵਾਲੇ ਇਨ੍ਹਾਂ ਕੌਮੀ ਆਗੂਆਂ ਲਈ ਅਬਰਾਹਮ ਲਿੰਕਨ ਵਰਗੇ ਆਗੂਆਂ ਦੇ ਰਾਜਨੀਤਿਕ ਸਿਧਾਂਤਾਂ ਨਾਲ  ਕੋਈ ਵਾਹ ਵਾਸਤਾ ਨਹੀਂ ਫ਼ਿਰ ਵੀ ਅਮਰੀਕੀਆਂ ਨੂੰ ਚਾਹੀਦਾ ਹੈ ਕਿ ਉਹ ਦੁਨੀਆ ‘ਚ ਆਪਣੀ ਬਣਾਈ ਹੋਈ ਪਛਾਣ ਨੂੰ ਕਾਇਮ ਰੱਖਣ ਲਈ ਧਰਮ ਨਿਰਪੱਖਤਾ ਤੇ ਸਦਭਾਵਨਾ ਨੂੰ ਜਿਤਾਉਣ ਅਤੇ ਕੱਟੜਵਾਦ ਨੂੰ ਹਰਾਉਣ