ਅਮਰੀਕੀ ਬਾਈਕ ਹਾਰਲੇ ਡੇਵਿਡਸਨ ‘ਤੇ 100 ਫੀਸਦੀ ਦਰ ਨਾਲ ਆਯਾਤ ਸ਼ੁਲਕ ਦਾ ਕੀਤਾ ਜਿਕਰ
ਵਾਸ਼ਿੰਗਟਨ, ਏਜੰਸੀ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਉਤਪਾਦਾਂ ‘ਤੇ ਕਥਿਤ ਤੌਰ ‘ਤੇ ਜ਼ਿਆਦਾ ਸ਼ੁਲਕ ਲਗਾਉਣ ਨੂੰ ਲੈ ਕੇ ਭਾਰਤ ਦੀ ਆਲੋਚਨਾ ਕੀਤੀ ਹੈ। ਸ੍ਰੀ ਟਰੰਪ ਨੇ ਭਾਰਤ ਨੂੰ ‘ਸ਼ੁਲਕਾਂ ਦਾ ਰਾਜਾ’ ਕਰਾਰ ਦਿੰਦੇ ਹੋਏ ਕਿਹਾ ਕਿ ਭਾਰਤ ਮੈਨੂੰ ਖੁਸ਼ ਕਰਨ ਲਈ ਅਮਰੀਕਾ ਨਾਲ ਵਪਾਰਕ ਸਮਝੌਤਾ ਕਰਨਾ ਚਾਹੁੰਦਾ ਹੈ। ਹਾਲ ਹੀ ਦੇ ਦਿਨਾਂ ‘ਚ ਇਹ ਦੂਜੀ ਵਾਰ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਨੇ ਭਾਰਤ ‘ਤੇ ਕਥਿਤ ਤੌਰ ‘ਤੇ ਜ਼ਿਆਦਾ ਆਯਾਤ ਸ਼ੁਲਕ ਰੱਖਣ ਦਾ ਆਰੋਪ ਲਗਾਇਆ ਹੈ। ਸ੍ਰੀ ਟਰੰਪ ਨੇ ਮੈਕਸਿਕੋ ਅਤੇ ਕੈਨੇਡਾ ਨਾਲ ਨਵੇਂ ਵਪਾਰਕ ਸਮਝੌਤੇ ਦੇ ਐਲਾਨ ਲਈ ਵਾਈਟ ਹਾਊਸ ‘ਚ ਹੋਏ ਇੱਕ ਪੱਤਰਕਾਰ ਸੰਮੇਲਨ ਦੌਰਾਨ ਭਾਰਤ ‘ਤੇ ਇਹ ਆਰੋਪ ਲਗਾਏ। ਸ੍ਰੀ ਟਰੰਪ ਨੇ ਮੈਕਸਿਕੋ ਅਤੇ ਕੈਨੇਡਾ ਨਾਲ ਨਵੇਂ ਵਪਾਰਕ ਸਮਝੌਤੇ ਦੇ ਐਲਾਨ ਤੋਂ ਬਾਅਦ ਉਹਨਾਂ ਵਪਾਰਕ ਸਮਝੌਤਿਆਂ ਬਾਰੇ ਦੱਸਿਆ ਜਿਹਨਾਂ ‘ਤੇ ਗੱਲਬਾਤ ਚੱਲ ਰਹੀ ਹੈ।
ਜਿਕਰਯੋਗ ਹੈ ਕਿ ਅਮਰੀਕਾ ਦੀ ਜਾਪਾਨ, ਯੂਰਪੀ ਸੰਘ, ਚੀਨ ਅਤੇ ਭਾਰਤ ਨਾਲ ਵਪਾਰਕ ਸਮਝੌਤੇ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਸ੍ਰੀ ਟਰੰਪ ਨੇ ਅਮਰੀਕੀ ਬਾਈਕ ਹਾਰਲੇ ਡੇਵਿਡਸਨ ਦਾ ਜਿਕਰ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਇਸ ਬਾਈਕ ‘ਤੇ 100 ਫੀਸਦੀ ਦੀ ਦਰ ਨਾਲ ਆਯਾਤ ਸ਼ੁਲਕ ਲਗਾਏ ਜਾਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਗੱਲ ਕੀਤੀ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਸ੍ਰੀ ਮੋਦੀ ਨੇ ਇਸ ਬਾਈਕ ‘ਤੇ ਆਯਾਤ ਸ਼ੁਲਕ ਦੀ ਦਰ ਘੱਟ ਕਰਨ ਦਾ ਭਰੋਸਾ ਵੀ ਦਿੱਤਾ। ਸ੍ਰੀ ਟਰੰਪ ਨੇ ਕਿਹਾ ਕਿ ਭਾਰਤ ਨੇ ਅਮਰੀਕੀ ਮੋਟਰਸਾਈਕਲਾਂ ‘ਤੇ ਆਯਾਤ ਸ਼ੁਲਕ ਦੀ ਦਰ ਘੱਟ ਕੀਤੀ ਹੈ ਪਰ ਉਹ ਲੋੜੀਂਦੀ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।