ਸੀਮਿੰਟ ਦਾ ਭਰਿਆ ਟਰੱਕ ਗਟਰ ’ਚ ਧੱਸਿਆ ਜਾਨੀ ਨੁਕਸਾਨ ਹੋਣੋ ਬਚਾਅ
(ਗੁਰਤੇਜ ਜੋਸ਼ੀ) ਮਲੇਰਕੋਟਲਾ। ਸਥਾਨਕ ਕੇਲੋ ਗੇਟ ਰੋੜ ’ਤੇ ਕਮਲ ਸਿਨੇਮਾ ਦੇ ਨਜ਼ਦੀਕ ਇੱਕ ਨਵੇਂ ਬਣੇ ਗਟਰ ਵਿੱਚ ਟਰੱਕ ਦੇ ਧਸਣ ਕਾਰਨ ਟਰੱਕ ਚਾਲਕ ਦੀ ਸੁਝ-ਬੁਝ ਨਾਲ ਇੱਕ ਵੱਡਾ ਹਾਦਸਾ ਹੋਣੋਂ ਬਚ ਗਿਆ। ਮੌਕੇ ਤੋਂ ਇੱਕਤਰ ਜਾਣਕਾਰੀ ਮੁਤਾਬਿਕ ਜਿੱਥੇ ਪੂਰੇ ਸ਼ਹਿਰ ਅੰਦਰ ਬਰਸਾਤੀ ਸੀਵਰੇਜ ਪਾਉਣ ਦਾ ਕੰਮ ਚੱਲ ਰਿਹਾ ਹੈ ਉੱਥੇ ਹੀ ਇਸ ਸੜਕ ’ਤੇ ਵੀ ਸੀਵਰੇਜ ਦੀਆਂ ਪਾਈਪਾ ਪਾਉਣ ਦਾ ਕੰਮ ਚੱਲ ਰਿਹਾ ਹੈ, ਸ਼ਹਿਰ ਅੰਦਰ ਚੱਲ ਰਹੇ ਵਿਕਾਸ ਕਾਰਜਾ ਦੀ ਪੋਲ ਇਸ ਨਵੇਂ ਬਣੇ ਗਟਰ ਨੇ ਖੋਲ੍ਹ ਕੇ ਰੱਖ ਦਿੱਤੀ ਹੈ ਜੋ ਠੇਕੇਦਾਰਾਂ ਉੱਪਰ ਸਵਾਲ ਖੜੇ ਕਰ ਰਿਹਾ ਹੈ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਇਸ ਰਸਤੇ ਨੂੰ ਕਰੀਬ ਇੱਕ ਮਹੀਨਾ ਪਹਿਲਾ ਤੋਂ ਪੁੱਟ ਕੇ ਰੱਖਿਆ ਹੋਇਆ ਹੈ ਅਤੇ ਹੁਣ ਜਦੋਂ ਬਣਾਇਆ ਹੈ ਤਾਂ ਹਾਦਸੇ ਹੋਣੇ ਸ਼ੁੁਰੂ ਹੋ ਗਏ ਹਨ।
ਇੱਥੋਂ ਸਾਫ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਹ ਗਟਰ ਬਣਾਉਣ ਵਿੱਚ ਕਿੰਨਾ ਘਟੀਆ ਸਮਾਨ ਵਰਤਿਆ ਗਿਆ ਹੋਵੇਗਾ। ਜੋ ਇੱਕ ਟਰੱਕ ਦੇ ਲੰਘਣ ਨਾਲ ਹੀ ਸਾਰਾ ਗਟਰ ਮਿੱਟੀ ਵਿੱਚ ਧਸ ਗਿਆ। ਇਸ ਕੰਮ ਨੂੰ ਕੋਈ ਅਧਿਕਾਰੀ ਚੈਕ ਕਰਨ ਹੀ ਨਹੀਂ ਆਉਦਾ ਅਤੇ ਠੇਕੇਦਾਰ ਆਪਣੀਆਂ ਮਨਮਰਜੀਆਂ ਕਰ ਰਹੇ ਹਨ। ਟਰੱਕ ਨੰ:ਪੀਬੀ-05 ਏਐਨ-2996 ਦੇ ਡਰਾਇਵਰ ਨੇ ਗੱਲਬਾਤ ਕਰਦਿਆ ਦੱਸਿਆ ਕਿ ਉਹ ਬਾਘਾ ਪੁਰਾਣਾ ਤੋਂ ਸੀਮਿੰਟ ਭਰ ਕੇ ਲਿਆਏ ਹਨ ਅਤੇ ਸਥਾਨਕ ਕੇਲੋ ਗੇਟ ਮਾਲੇਰਕੋਟਲਾ ਵਿਖੇ ਇੱਕ ਦੁਕਾਨ ’ਤੇ ਟਰੱਕ ਖਾਲੀ ਕਰਨਾ ਹੈ। ਉਨ੍ਹਾਂ ਕਿਹਾ ਕਿ ਜਦੋ ਅਸੀ ਇੱਥੋ ਦੀ ਲੰਘਣ ਲੱਗੇ ਤਾਂ ਟਰੱਕ ਦਾ ਪਿਛਲਾ ਟਾਇਰ ਗਟਰ ਦੇ ਬਰਾਬਰ ਮਿੱਟੀ ਵਿੱਚ ਧਸ ਗਿਆ ਜਿਸ ਨਾਲ ਪਿਛਲੇ ਹਿੱਸੇ ਨੂੰ ਵੀ ਨੁਕਸਾਨ ਪਹੁੰਚਿਆ ਹੈ ਬਾਕੀ ਤਾਂ ਟਰੱਕ ਦੇ ਖਾਲੀ ਹੋਣ ’ਤੇ ਹੀ ਪਤਾ ਲੱਗੇਗਾ। ਇਸ ਸਬੰਧੀ ਜਦੋਂ ਸੀਵਰੇਜ ਬੋਰਡ ਦੇ ਐਸਡੀੳ ਸ਼ਿੰਦਰਪਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾਂਕਿ ਇਸ ਗਟਰ ਉੱਪਰ ਜੋ ਸਲੈਬ ਪਾਈ ਗਈ ਹੈ ਉਹ ਅਜੇ ਨਰਮ ਸੀ। ਇਸ ਨੂੰ ਸੁੱਕਣ ਲਈ 25 ਤੋਂ 30 ਦਿਨ ਦਾ ਸਮਾ ਚਾਹੀਦਾ ਹੈ ਪਰ ਇਹ ਅਜੇ ਕਰੀਬ 5-6 ਦਿਨ ਪਹਿਲਾ ਹੀ ਬਣਾਈ ਗਈ ਹੈ। ਬਾਕੀ ਇਸ ਦੀ ਜਾਂਚ ਜ਼ਰੂਰ ਕਰਵਾਈ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ