ਖੇਤੀ ‘ਚ ਪਏ ਘਾਟੇ ਤੋਂ ਪਰੇਸਾਨ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਲੌਂਗੋਵਾਲ, (ਸੱਚ ਕਹੂੰ ਨਿਊਜ਼) ਨੇੜਲੇ ਪਿੰਡ ਝਾੜੋਂ ਵਿਖੇ ਖੇਤੀ ਵਿੱਚ ਪਏ ਘਾਟੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਵੱਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਆਤਮਹੱਤਿਆ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮ੍ਰਿਤਕ ਦੇ ਪਿਤਾ ਮੇਜਰ ਸਿੰਘ ਪੁੱਤਰ ਨਰੰਜਣ ਸਿੰਘ ਵਾਸੀ ਅੰਗਦ ਪਤੀ ਝਾੜੋਂ ਨੇ ਦੱਸਿਆ ਕਿ ਉਸ ਦੇ ਲੜਕੇ ਗੁਰਪ੍ਰੀਤ ਸਿੰਘ ਨੇ ਪੰਚਾਇਤ ਮੈਂਬਰ ਕੁਲਦੀਪ ਸਿੰਘ ਦੀਪਾ ਨਾਲ ਮਿਲ ਕੇ 6 ਕੁ ਮਹੀਨੇ ਪਹਿਲਾਂ 7 ਏਕੜ ਪੰਚਾਇਤੀ ਜ਼ਮੀਨ ਠੇਕੇ ਤੇ ਲਈ ਸੀ। ਉਕਤ ਠੇਕੇ ਵਾਲੀ ਜ਼ਮੀਨ ਵਿੱਚ ਬੀਜੀ ਜੀਰੀ ਦੀ ਫਸਲ ਘੱਟ ਨਿਕਲਣ ਅਤੇ ਖਰਚਾ ਜ਼ਿਆਦਾ ਹੋਣ ਕਰਕੇ ਮੇਰਾ ਬੇਟਾ ਗੁਰਪ੍ਰੀਤ ਸਿੰਘ ਪਿਛਲੇ ਦਿਨਾਂ ਤੋਂ ਟੈਨਸ਼ਨ ਵਿੱਚ ਰਹਿੰਦਾ ਸੀ । ਜੀਰੀ ਦੀ ਫ਼ਸਲ ਤੋਂ ਬਾਅਦ ਉਨ੍ਹਾਂ ਦੁਆਰਾ ਉਕਤ ਠੇਕੇ ਵਾਲੀ ਜ਼ਮੀਨ ਵਿੱਚ ਬੀਜੀ ਗਈ ਕਣਕ ਦੀ ਫਸਲ ਵੀ ਮੀਂਹ ਪੈਣ ਨਾਲ ਕਰੰਡ ਹੋ ਗਈ
ਜਿਸ ਨਾਲ ਗੁਰਪ੍ਰੀਤ ਸਿੰਘ ਹੋਰ ਵੀ ਪ੍ਰੇਸ਼ਾਨ ਰਹਿਣ ਲੱਗ ਗਿਆ ਸੀ । ਪ੍ਰੇਸ਼ਾਨੀ ਦੇ ਚੱਲਦਿਆਂ ਹੀ ਗੁਰਪ੍ਰੀਤ ਸਿੰਘ ਨੇ 3 ਦਸੰਬਰ 2020 ਨੂੰ ਉਕਤ ਠੇਕੇ ਵਾਲੀ ਜ਼ਮੀਨ ਦੀ ਮੋਟਰ ‘ਤੇ ਜਾ ਕੇ ਸਪਰੇਅ ਪੀ ਲਈ ਸੀ ਜਿਸ ਉਪਰੰਤ ਉਸ ਨੂੰ ਡਾਕਟਰ ਕੋਲ ਇਲਾਜ ਕਰਵਾਉਣ ਲਈ ਲਿਜਾਇਆ ਗਿਆ ਅਤੇ ਠੀਕ ਹੋਣ ਉਪਰੰਤ ਘਰ ਲਿਆਂਦਾ ਗਿਆ ਸੀ । 5 ਦਸੰਬਰ ਨੂੰ ਦੁਬਾਰਾ ਗੁਰਪ੍ਰੀਤ ਸਿੰਘ ਦੀ ਸਿਹਤ ਖਰਾਬ ਹੋ ਗਈ ਜਿਸ ਨੂੰ ਸੁਨਾਮ ਦੇ ਪ੍ਰਾਈਵੇਟ ਹਸਪਤਾਲ ਤੋਂ ਬਾਅਦ ਅਮਰ ਹਸਪਤਾਲ ਪਟਿਆਲਾ ਵਿਖੇ ਇਲਾਜ ਲਈ ਲਿਜਾਇਆ ਗਿਆ ਜਿੱਥੇ ਕਿ ਉਸ ਦੀ ਮੌਤ ਹੋ ਗਈ। ਇਸ ਸਬੰਧੀ ਪੁਲਿਸ ਵੱਲੋਂ ਧਾਰਾ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਪਿੰਡ ਵਾਸੀਆਂ ਅਤੇ ਸਕੇ ਸਬੰਧੀਆਂ ਨੇ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਜਾਹਿਰ ਕਰਦਿਆਂ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.