ਸਿੱਧੂ ਕਾਂਗਰਸ ਲਈ ਬਣੇ ਮੁਸੀਬਤ : ਸਿੱਧੂ ਜਿਆਦਾ ਲਾਲਸੀ, ਮੈ ਗ੍ਰਹਿ ਵਿਭਾਗ ਛੱਡਣ ਨੂੰ ਤਿਆਰ ਹਾਂ, ਜੇਕਰ ਕਹਿਣਗੇ ਤਾਂ ਰਾਜਨੀਤੀ ਵੀ ਛੱਡ ਦਿਆਂਗਾ : ਸੁਖਜਿੰਦਰ  ਰੰਧਾਵਾ

ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦਾ ਨਵਜੋਤ ਸਿੱਧੂ ਨੂੰ ਮੋੜਵਾਂ ਜੁਆਬ

  • ਬਿਨਾਂ ਲਾੜੇ ਤੋਂ ਤੁਰੀ ਫਿਰਦੀ ਐ ਸਰਕਾਰ ਜਾਂ ਫਿਰ ਕਾਂਗਰਸ ਪਾਰਟੀ ? ਕਾਂਗਰਸ ਕੋਲ 5 ਤੋਂ ਜਿਆਦਾ ਲਾੜੇ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਮੁੱਕਣ ਨੂੰ ਹੀ ਨਹੀਂ ਆ ਰਿਹਾ ਹੈ। ਹੁਣ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਗ੍ਰਹਿ ਵਿਭਾਗ ਨੂੰ ਹੀ ਛੱਡਣ ਦੀ ਪੇਸ਼ਕਸ਼ ਕਰ ਦਿੱਤੀ ਗਈ ਹੈ। ਸੁਖਜਿੰਦਰ ਰੰਧਾਵਾ ਨੇ ਇੱਥੇ ਤੱਕ ਕਹਿ ਦਿੱਤਾ ਕਿ ਗ੍ਰਹਿ ਵਿਭਾਗ ਤਾਂ ਛੋਟੀ ਗੱਲ ਹੈ, ਜੇਕਰ ਉਨਾਂ ਨੂੰ ਸਿਆਸਤ ਛੱਡਣ ਲਈ ਕਿਹਾ ਜਾਏਗਾ ਤਾਂ ਵੀ ਉਹ ਪਿੱਛੇ ਨਹੀਂ ਹਟਣਗੇ ਅਤੇ ਸਿਆਸਤ ਨੂੰ ਛੱਡ ਕੇ ਘਰੇ ਬੈਠ ਜਾਣਗੇ।

ਸੁਖਜਿੰਦਰ ਰੰਧਾਵਾ ਅੱਜ ਕੱਲ੍ਹ ਨਵਜੋਤ ਸਿੱਧੂ ਦੇ ਬਿਆਨਾਂ ਤੋਂ ਕਾਫ਼ੀ ਜਿਆਦਾ ਨਰਾਜ਼ ਹਨ ਅਤੇ ਉਨਾਂ ਦਾ ਕਹਿਣਾ ਹੈ ਕਿ ਸਿੱਧੂ ਦੇ ਬਿਆਨਾਂ ਨਾਲ ਕੇਸ ਪ੍ਰਭਾਵਿਤ ਹੋ ਸਕਦੇ ਹਨ, ਇਸ ਲਈ ਨਵਜੋਤ ਸਿੱਧੂ ਨੂੰ ਜਿਆਦਾ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਹੈ। ਸੁਖਜਿੰਦਰ ਰੰਧਾਵਾ ਵੱਲੋਂ ਕਿਹਾ ਗਿਆ ਕਿ ਨਵਜੋਤ ਸਿੱਧੂ ਜਿਆਦਾ ਲਾਲਸੀ ਹਨ ਪਰ ਉਹ ਕਦੇ ਵੀ ਪਿੱਛੇ ਹਟਣ ਨੂੰ ਤਿਆਰ ਹਨ।
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਬਿਨਾਂ ਲਾੜੇ ਵਾਲੀ ਬਰਾਤ ਵਰਗੀ ਬਿਆਨਬਾਜ਼ੀ ਕਰਨਾ ਕਾਫ਼ੀ ਜਿਆਦਾ ਗਲਤ ਹੈ, ਕਿਉਂਕਿ ਕਾਂਗਰਸ ਪਾਰਟੀ ਕੋਲ ਤਾਂ ਕਾਫ਼ੀ ਜਿਆਦਾ ਲਾੜੇ ਹਨ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਪ੍ਰਧਾਨ ਦੇ ਨਾਲ ਹੀ 4 ਕਾਰਜਕਾਰੀ ਪ੍ਰਧਾਨ ਹਨ ਤਾਂ ਸੱਤਾ ਵਿੱਚ ਰਹਿੰਦੇ ਹੋਏ ਉਨਾਂ ਕੋਲ ਮੁੱਖ ਮੰਤਰੀ ਹੈ। ਇਸ ਲਈ ਲਾੜੇ ਦੀ ਕੋਈ ਘਾਟ ਨਹੀਂ ਹੈ, ਸਗੋਂ 5 ਜਿਆਦਾ ਲਾੜੇ ਤਾਂ ਇਸ ਸਮੇਂ ਵੀ ਕਾਂਗਰਸ ਪਾਰਟੀ ਕੋਲ ਹਨ। ਉਨਾਂ ਕਿਹਾ ਕਿ ਬਿਨਾਂ ਲਾੜੇ ਤੋਂ ਕਾਂਗਰਸ ਪਾਰਟੀ ਜਾਂ ਫਿਰ ਸਰਕਾਰ ਨਹੀਂ ਚੱਲ ਰਹੀ ਹੈ, ਇਸ ਤਰ੍ਹਾਂ ਬਿਨਾਂ ਲਾੜੇ ਦੀ ਬਰਾਤ ਵਾਲਾ ਬਿਆਨ ਦੇਣਾ ਗਲਤ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ