ਹਲਕਾ ਮਜੀਠਾ ਤੋਂ ਕਾਂਗਰਸੀ ਉਮੀਦਵਾਰ ਨੂੰ ਤੀਹਰੀ ਚੁਣੌਤੀ

Congress Candidate Sachkahoon

ਵਿਰੋਧੀ ਉਮੀਦਵਾਰਾਂ ਦੇ ਨਾਲ ਪਾਰਟੀ ਅੰਦਰਲੀ ਵਿਰੋਧਤਾ ਦਾ ਵੀ ਕਰਨਾ ਪੈ ਰਿਹੈ ਸਾਹਮਣਾ

(ਰਾਜਨ ਮਾਨ) ਅੰਮ੍ਰਿਤਸਰ। ਵਿਧਾਨ ਸਭਾ ਹਲਕਾ ਮਜੀਠਾ ਤੋਂ ਇਸ ਵਾਰ ਕਾਂਗਰਸ ਪਾਰਟੀ ਦੇ ਉਮੀਦਵਾਰ (Congress Candidate) ਨੂੰ ਤਿੰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਹਲਕੇ ਤੋਂ ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਆਪੋ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਗਏ ਹਨ। ਤਿੰਨਾਂ ਹੀ ਉਮੀਦਵਾਰਾਂ ਵੱਲੋਂ ਆਪੋ ਆਪਣੀ ਜਿੱਤ ਲਈ ਅੱਡੀ ਚੋਟੀ ਦਾ ਜੋਰ ਲਾਇਆ ਜਾ ਰਿਹਾ ਹੈ ਹਾਲ ਹੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਮਜੀਠੀਆ ਵੱਲੋਂ ਨਾਮਜਦਗੀ ਪੱਤਰ ਦਾਖਲ ਕੀਤੇ ਜਾਣ ਤੋਂ ਬਾਅਦ ਚੋਣ ਮੈਦਾਨ ਭਖ ਗਿਆ ਹੈ ।

ਇਸ ਹਲਕੇ ਵਿੱਚ ਜਿੱਥੇ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਮਜੀਠੀਆ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲੀ ਮਜੀਠੀਆ ਨੂੰ ਆਪਣੇ ਮੁੱਖ ਦੋ ਵਿਰੋਧੀਆਂ ਦੀਆਂ ਹੀ ਦੋ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ,ਉਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਜੱਗਾ ਮਜੀਠੀਆ ਨੂੰ ਇਹਨਾਂ ਦੋਹਾਂ ਵਿਰੋਧੀਆਂ ਦੇ ਨਾਲ ਪਾਰਟੀ ਅੰਦਰ ਹੋ ਰਹੀ ਭਾਰੀ ਵਿਰੋਧਤਾ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ । ਜੱਗਾ ਮਜੀਠੀਆ ਜਿੱਥੇ ਬਿਕਰਮ ਮਜੀਠੀਆ ਨਾਲ ਟੱਕਰ ਲੈ ਰਹੇ ਹਨ, ਉਥੇ ਆਪਣੇ ਹੀ ਸਕੇ ਭਰਾ ਲਾਲੀ ਮਜੀਠੀਆ ਜੋ ਕਾਂਗਰਸ ਛੱਡਕੇ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਸਨ ਅਤੇ ਆਪ ਦੇ ਉਮੀਦਵਾਰ ਹਨ, ਨਾਲ ਵੀ ਟੱਕਰ ਲੈਣੀ ਪੈ ਰਹੀ ਹੈ। ਇਹਨਾਂ ਦੋਹਾਂ ਧਿਰਾਂ ਤੋਂ ਅੱਗੇ ਜੱਗਾ ਮਜੀਠੀਆ ਨੂੰ ਹਲਕੇ ਅੰਦਰ ਪਾਰਟੀ ਦੀ ਟਿਕਟ ਦੇ ਵੱਡੇ ਦਾਅਵੇਦਾਰ ਤੇ ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਦੀ ਨਰਾਜ਼ਗੀ ਦਾ ਵੀ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ।

ਪਾਰਟੀ ਟਿਕਟ ਨਾ ਮਿਲਣ ’ਤੇ ਸ਼੍ਰੀ ਸੱਚਰ ਕਾਂਗਰਸ ਪਾਰਟੀ ਛੱਡ ਭਾਜਪਾ ਵਿੱਚ ਚਲੇ ਗਏ ਸਨ ਪਰ ਇੱਕ ਦਿਨ ਬਾਅਦ ਸੀਨੀਅਰ ਆਗੂਆਂ ਵੱਲੋਂ ਟਿਕਟ ’ਤੇ ਮੁੜ ਵਿਚਾਰ ਕਰਨ ਦਾ ਭਰੋਸਾ ਦਿੱਤੇ ਜਾਣ ’ਤੇ ਉਹ ਵਾਪਸ ਪਾਰਟੀ ਵਿੱਚ ਆ ਗਏ ਸਨ। ਅੱਜ ਕਰੀਬ 10 ਦਿਨ ਬੀਤ ਜਾਣ ’ਤੇ ਟਿਕਟ ਸਬੰਧੀ ਕੋਈ ਤਬਦੀਲੀ ਨਹੀਂ ਕੀਤੀ ਗਈ ਜਿਸ ਕਰਕੇ ਸੱਚਰ ਧੜਾ ਨਾਰਾਜ਼ ਚੱਲ ਰਿਹਾ ਹੈ। ਇਹ ਗੱਲ ਸਪੱਸਟ ਹੈ ਕਿ ਭਾਵੇਂ ਸ਼੍ਰੀ ਸੱਚਰ ਪਾਰਟੀ ਉਮੀਦਵਾਰ ਦੀ ਮਦਦ ਕਰਨ ਦਾ ਦਾਅਵਾ ਕਰਨ ਪਰ ਸਭ ਅੱਛਾ ਨਹੀਂ ਹੈ। ਇਸ ਹਲਕੇ ਤੋਂ ਹਮੇਸ਼ਾਂ ਹੀ ਕਾਂਗਰਸ ਪਾਰਟੀ ਦੀ ਫੁੱਟ ਹੀ ਉਸਦੀ ਹਾਰ ਦਾ ਕਾਰਨ ਬਣਦੀ ਆਈ ਹੈ। ਹਲਕੇ ਵਿੱਚ ਪਾਰਟੀ ਦਾ ਵੱਡਾ ਆਧਾਰ ਹੋਣ ਦੇ ਬਾਵਜੂਦ ਪਾਰਟੀ ਨੂੰ ਹਰ ਵਾਰ ਹਾਰ ਦਾ ਮੂੰਹ ਵੇਖਣਾ ਪੈਂਦਾ ਹੈ। ਅਕਾਲੀ ਉਮੀਦਵਾਰ ਕਾਂਗਰਸ ਪਾਰਟੀ ਦੇ ਕਾਟੋ ਕਲੇਸ਼ ਦਾ ਹਮੇਸ਼ਾਂ ਫਾਇਦਾ ਚੁੱਕਦਾ ਰਿਹਾ ਹੈ।

ਇਸ ਵਾਰ ਅਕਾਲੀ ਉਮੀਦਵਾਰ ਬਿਕਰਮ ਮਜੀਠੀਆ ਉਪਰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਕੇਸ ਦਰਜ਼ ਹੋਣ ਕਾਰਨ ਕਾਂਗਰਸ ਪਾਰਟੀ ਨੂੰ ਇਸ ਹਲਕੇ ਤੋਂ ਚੋਣ ਜਿੱਤਣ ਦੀ ਆਸ ਜਰੂਰ ਬੱਝੀ ਸੀ ਪਰ ਇਹਨਾਂ ਆਸਾਂ ’ਤੇ ਉਹਨਾਂ ਦੇ ਆਪਣੇ ਚਾਹੇ ਉਹ ਪਾਰਟੀ ਅੰਦਰਲੇ ਵਿਰੋਧੀ ਤੇ ਚਾਹੇ ਦੂਜੀ ਪਾਰਟੀ ਵਿਚੋਂ ਸ਼ਰੀਕ ਬਣਕੇ ਖੜ੍ਹਾ ਉਹਨਾਂ ਦਾ ਭਰਾ ਹੈ, ਨੇ ਪਾਣੀ ਫੇਰ ਦਿੱਤਾ ਹੈ ਕਾਂਗਰਸੀ ਫੁੱਟ ਕਾਰਨ ਹੀ ਇਸ ਵਾਰ ਬਿਕਰਮ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਵਿਰੁੱਧ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਵੀ ਨਾਮਜ਼ਦਗੀ ਪੇਪਰ ਭਰੇ ਹਨ। ਜੇਕਰ ਸੋਮਵਾਰ ਨੂੰ ਸੁਪਰੀਮ ਕੋਰਟ ਵੱਲੋਂ ਬਿਕਰਮ ਮਜੀਠੀਆ ਦੀ ਅਗਾਊਂ ਜਮਾਨਤ ਰੱਦ ਕਰ ਦਿੱਤੀ ਜਾਂਦੀ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਕੁਝ ਵੱਖਰੇ ਵੀ ਬਣ ਸਕਦੇ ਹਨ। ਹਾਲ ਦੀ ਘੜੀ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਵਿਰੋਧੀਆਂ ਦੇ ਨਾਲ-ਨਾਲ ਆਪਣਿਆਂ ਨਾਲ ਵੀ ਪੂਰਾ ਲੜਨਾ ਪੈ ਰਿਹਾ ਹੈ।

ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲੀ ਮਜੀਠੀਆ ਵੱਲੋਂ ਹਲਕੇ ਵਿੱਚ ਸਰਗਰਮੀਆਂ ਤੇਜ਼ ਕੀਤੀਆਂ ਗਈਆਂ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕੇ ਤੋਂ ਆਪ ਵੱਲੋਂ ਚੰਡੀਗੜ ਤੋਂ ਲਿਆ ਕੇ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਸੀ ਅਤੇ ਉਹਨਾਂ ਨੂੰ ਸਿਰਫ 5 ਹਜ਼ਾਰ ਦੇ ਕਰੀਬ ਹੀ ਵੋਟਾਂ ਮਿਲੀਆਂ ਸਨ ਪਰ ਇਸ ਵਾਰ ਲਾਲੀ ਮਜੀਠੀਆ ਹਲਕੇ ਦੇ ਹੋਣ ਕਾਰਨ ਸਥਿਤੀ ਕੁਝ ਵੱਖਰੀ ਨਜ਼ਰ ਆ ਰਹੀ ਹੈ।

ਵੇਖਣ ਵਾਲੀ ਗੱਲ ਇਹ ਵੀ ਹੈ ਕਿ ਜੇਕਰ ਬਿਕਰਮ ਮਜੀਠੀਆ ਦੀ ਸੁਪਰੀਮ ਕੋਰਟ ਤੋਂ ਅਗਾਊਂ ਜ਼ਮਾਨਤ ਰੱਦ ਹੋ ਜਾਂਦੀ ਹੈ ਤਾਂ ਹਲਕੇ ਵਿੱਚ ਉਹਨਾਂ ਦੀ ਗੈਰ ਹਾਜ਼ਰੀ ਵੀ ਉਹਨਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਵਿਰੋਧੀਆਂ ਨੂੰ ਇੱਕ ਪ੍ਰਚਾਰ ਕਰਨ ਦਾ ਵੱਡਾ ਮੁੱਦਾ ਮਿਲ ਜਾਵੇਗਾ।ਸਾਰੀਆਂ ਧਿਰਾਂ ਵੱਲੋਂ ਕਮਰਕੱਸੇ ਕਸ ਲਏ ਗਏ ਹਨ ਅਤੇ ਪਿੰਡ-ਪਿੰਡ ਜਾ ਕੇ ਆਪਣੇ ਹੱਕ ਵਿੱਚ ਹੋਕਾ ਦਿੱਤਾ ਜਾ ਰਿਹਾ ਹੈ। ਸਾਰੀਆਂ ਹੀ ਧਿਰਾਂ ਆਪੋ-ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ