ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਕੀਤੀ ਸਾਥੀ ਮੰਤਰੀਆਂ ਨੂੰ ਅਪੀਲ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਤੀ ਸੰਕਟ ਵਿੱਚ ਐ, ਇਸ ਲਈ ਸਾਰੇ ਕੈਬਨਿਟ ਮੰਤਰੀ ਹਰ ਤਰ੍ਹਾਂ ਦੀ ਸਬਸਿਡੀ ਤੋਂ ਲੈ ਕੇ ਸਰਕਾਰੀ ਸਹੂਲਤਾਂ ਨੂੰ ਛੱਡਦੇ ਹੋਏ ਸਾਰਾ ਖ਼ਰਚ ਆਪਣੀ ਜੇਬ ਵਿੱਚੋਂ ਹੀ ਕਰਨ ਤਾਂ ਕਿ ਹਰ ਮਹੀਨੇ ਮੰਤਰੀਆਂ ਦੇ ਖਰਚੇ ਵਜੋਂ ਹੀ ਪੈਣ ਵਾਲੇ ਕਰੋੜਾਂ ਰੁਪਏ ਦਾ ਖ਼ਰਚ ਬਚਾਇਆ ਜਾ ਸਕੇ। ਇਸ ਸਮੇਂ ਹਰ ਕੈਬਨਿਟ ਮੰਤਰੀ ‘ਤੇ 2 ਲੱਖ ਰੁਪਏ ਤੋਂ ਜਿਆਦਾ ਤਨਖ਼ਾਹ ਤੋਂ ਇਲਾਵਾ ਖ਼ਰਚਿਆਂ ‘ਤੇ ਹੀ ਸਰਕਾਰ ਖ਼ਰਚ ਕਰ ਰਹੀ ਹੈ। ਇਹ ਅਪੀਲ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਖ਼ੁਦ ਆਪਣੇ ਸਾਰੇ ਕੈਬਨਿਟ ਮੰਤਰੀਆਂ ਨੂੰ ਕੀਤੀ ਹੈ।
ਮਨਪ੍ਰੀਤ ਬਾਦਲ ਕੈਬਨਿਟ ਮੰਤਰੀ ਬਣਨ ਪਿੱਛੋਂ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਸਹੂਲਤ ਸਰਕਾਰੀ ਗੱਡੀ, ਸਰਕਾਰੀ ਕੋਠੀ, ਬਿਜਲੀ ਤੇ ਚਾਹ ਪਾਣੀ ਦਾ ਖ਼ਰਚ, ਇਥੇ ਤੱਕ ਕਿ ਮੈਡੀਕਲ ਤੇ ਹਵਾਈ ਤੇ ਸੜਕ ਸਫ਼ਰ ਵੀ ਸਰਕਾਰ ਤੋਂ ਲੈਣ ਦੀ ਥਾਂ ਆਪਣੀ ਜੇਬ ਵਿੱਚੋਂ ਹੀ ਕਰ ਰਹੇ ਹਨ। ਮਨਪ੍ਰੀਤ ਬਾਦਲ ਨੇ ਆਪਣੇ ਦਫ਼ਤਰ ਵਿੱਚ ਬਾਹਰੋਂ ਆਉਣ ਵਾਲੇ ਕਿਸੇ ਵੀ ਅਧਿਕਾਰੀ ਤੋਂ ਲੈ ਕੇ ਆਮ ਵਿਅਕਤੀ ਤੱਕ ਲਈ ਚਾਹ-ਪਾਣੀ ਦੇਣ ‘ਤੇ ਪਾਬੰਦੀ ਤੱਕ ਲਗਾ ਰੱਖੀ ਹੈ।
ਬਾਦਲ ਨੇ ਸੋਮਵਾਰ ਨੂੰ ਚੰਡੀਗੜ੍ਹ ਵਿਖੇ ਕਿਹਾ ਕਿ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਸ ਸਮੇਂ ਸਰਕਾਰੀ ਖਜਾਨੇ ਦੀ ਹਾਲਤ ਠੀਕ ਨਹੀਂ ਹੈ, ਦੂਜੇ ਪਾਸੇ ਜੀ.ਐਸ.ਟੀ. ਨੇ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਇਸ ਲਈ ਉਹ ਚਾਹੁੰਦੇ ਹਨ ਕਿ ਉਨ੍ਹਾਂ ਵਾਂਗ ਸਾਰੇ ਕੈਬਨਿਟ ਮੰਤਰੀ ਹਵਾਈ ਸਫ਼ਰ, ਸੜਕੀ ਸਫ਼ਰ, ਸਰਕਾਰੀ ਗੱਡੀ ਅਤੇ ਉਸ ‘ਤੇ ਮਿਲਣ ਵਾਲੇ ਸਾਰੇ ਖ਼ਰਚੇ, ਚਾਹ-ਪਾਣੀ ਦਾ ਖ਼ਰਚ, ਮੈਡੀਕਲ ਸਹੂਲਤ ਸਣੇ ਹਰ ਤਰ੍ਹਾਂ ਦੀ ਸਬਸਿਡੀ ਤਿਆਗ ਦੇਣ ਤਾਂ ਕਿ ਸਰਕਾਰੀ ਖਜ਼ਾਨੇ ‘ਤੇ ਪੈ ਰਹੇ ਬੋਝ ਨੂੰ ਘਟਾਇਆ ਜਾ ਸਕੇ।
ਅਮਰਿੰਦਰ ਕਰ ਚੁੱਕੇ ਹਨ ਬਿਜਲੀ ਸਬਸਿਡੀ ਛੱਡਣ ਦੀ ਅਪੀਲ
ਮਨਪ੍ਰੀਤ ਬਾਦਲ ਤੋਂ ਪਹਿਲਾਂ ਖੇਤੀਬਾੜੀ ਲਈ ਜ਼ਮੀਨ ‘ਤੇ ਮਿਲਣ ਵਾਲੀ ਬਿਜਲੀ ਸਬਸਿਡੀ ਨੂੰ ਛੱਡਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ੁਦ ਅਪੀਲ ਕਰ ਚੁੱਕੇ ਹਨ ਪਰ ਹੁਣ ਤੱਕ ਅਮਰਿੰਦਰ ਸਿੰਘ ਅਤੇ ਮਨਪ੍ਰੀਤ ਬਾਦਲ ਨੂੰ ਛੱਡ ਦੇ ਕਿਸੇ ਹੋਰ ਮੰਤਰੀ ਨੇ ਇਸ ਵਿੱਚ ਉਤਸ਼ਾਹ ਨਹੀਂ ਦਿਖਾਇਆ ਹੈ, ਜਿਸ ਕਾਰਨ ਇਹ ਸ਼ੱਕ ਦੇ ਦਾਇਰੇ ਵਿੱਚ ਹੈ ਕਿ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਦੀ ਅਪੀਲ ਨੂੰ ਮੰਨਣਗੇ ਕਿ ਨਹੀਂ ?
ਇੱਕ ਕੈਬਨਿਟ ਮੰਤਰੀ ਪੈਂਦਾ ਐ ਲੱਖਾਂ ਰੁਪਏ ‘ਚ
ਪੰਜਾਬ ਵਿੱਚ ਹਰ ਇੱਕ ਕੈਬਨਿਟ ਮੰਤਰੀ ਸਰਕਾਰ ਨੂੰ ਲੱਖਾਂ ਰੁਪਏ ‘ਚ ਪੈ ਰਿਹਾ ਹੈ। ਪੰਜਾਬ ਤੋਂ ਬਾਹਰ ਮੀਟਿੰਗ ਤੇ ਨਿੱਜੀ ਦੌਰੇ ਦਰਮਿਆਨ ਹਵਾਈ ਸਫ਼ਰ, ਸੜਕ ਸਫ਼ਰ ਲਈ 18 ਰੁਪਏ ਪ੍ਰਤੀ ਕਿਲੋਮੀਟਰ, ਮੈਡੀਕਲ ਸਹੂਲਤ, ਚਾਹ-ਪਾਣੀ ਦਾ ਖ਼ਰਚ, ਮੋਬਾਇਲ ਅਤੇ ਕੋਠੀ ਦੇ ਟੈਲੀਫੋਨ ਦਾ ਬਿੱਲ, ਸਰਕਾਰੀ ਕੋਠੀ ਵਿੱਚ ਬਿਜਲੀ ਪਾਣੀ ਦਾ ਬਿੱਲ, ਨਿੱਜੀ ਸਟਾਫ਼ ਦਾ ਖ਼ਰਚ ਤੇ ਹੋਰ ਖ਼ਰਚੇ ਮਿਲਾ ਕੇ ਹਰ ਮੰਤਰੀ ‘ਤੇ 2 ਲੱਖ ਰੁਪਏ ਤੋਂ ਜ਼ਿਆਦਾ ਖ਼ਰਚ ਹਰ ਮਹੀਨੇ ਹੁੰਦਾ ਹੈ, ਜਿਸ ਨੂੰ ਕਿ ਛੱਡਣ ਦੀ ਅਪੀਲ ਮਨਪ੍ਰੀਤ ਬਾਦਲ ਨੇ ਕੀਤੀ ਹੈ।