ਹਜ਼ਾਰਾਂ ਅਧਿਆਪਕਾਂ ਨੇ ਵਾਅਦਾ ਖਿਲਾਫ਼ੀ ਦੇ ਵਿਰੋਧ ‘ਚ ਮੁੱਖ ਮੰਤਰੀ ਦੇ ਸ਼ਹਿਰ ਵੱਲ ਘੱਤੀਆਂ ਸੰਘਰਸ਼ੀ ਵਹੀਰਾਂ
ਕੱਚੇ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ‘ਤੇ ਸਿੱਖਿਆ ਵਿਭਾਗ ‘ਚ ਪੱਕੇ ਕਰਵਾਉਣ ਲਈ ਡਟਿਆ ਸਾਂਝਾ ਅਧਿਆਪਕ ਮੋਰਚਾ
ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼
ਸਾਂਝਾ ਅਧਿਆਪਕ ਮੋਰਚਾ ਵੱਲੋਂ ਅੱਜ ਪਟਿਆਲਾ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਇਕੱਠ ਪੱਖੋਂ ਸ਼ਾਹੀ ਸ਼ਹਿਰ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ। ਆਲਮ ਇਹ ਰਿਹਾ ਕਿ ਜਿੱਧਰ ਦੇਖੋ ਅਧਿਆਪਕ ਹੀ ਅਧਿਆਪਕ ਨਜ਼ਰ ਆ ਰਹੇ ਸਨ। ਇਸ ਮੌਕੇ ਪੁਲਿਸ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ ਨੂੰ ਪੂਰੀ ਤਰ੍ਹਾਂ ਪੁਲਿਸ ਛਾਉਣੀ ‘ਚ ਬਦਲ ਦਿੱਤਾ ਗਿਆ।
ਇਸ ਮੌਕੇ ਸਾਂਝਾ ਅਧਿਆਪਕ ਮੋਰਚਾ ਦੇ ਸੂਬਾਈ ਕਨਵੀਨਰਾਂ ਬਲਕਾਰ ਸਿੰਘ ਵਲਟੋਹਾ, ਹਰਜੀਤ ਸਿੰਘ ਬਸੋਤਾ, ਬਾਜ਼ ਸਿੰਘ ਖਹਿਰਾ, ਦਵਿੰਦਰ ਸਿੰਘ ਪੂਨੀਆ ਅਤੇ ਸੁਖਵਿੰਦਰ ਸਿੰਘ ਚਾਹਲ ਨੇ ਝੰਡਾ ਮਾਰਚ ਦੌਰਾਨ ਵੱਖ-ਵੱਖ ਥਾਵਾਂ ‘ਤੇ ਆਪਣੇ ਸੰਬੋਧਨ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਆਪਣੇ ਵਾਅਦੇ ਤੋਂ ਪਿੱਛੇ ਹਟਦਿਆਂ ਐੱਸਐੱਸਏ, ਰਮਸਾ, ਪਿਕਟਸ, ਆਦਰਸ਼, ਮਾਡਲ ਸਕੂਲ ਸੁਸਾਇਟੀਆਂ ਅਧੀਨ ਕੰਮ ਕਰਦੇ ਅਧਿਆਪਕਾਂ ਦੀਆਂ ਸੇਵਾਵਾਂ ਸਿੱਖਿਆ ਵਿਭਾਗ ‘ਚ ਪੂਰੇ ਸਕੇਲਾਂ ‘ਤੇ ਪੱਕੀਆਂ ਕਰਨ ਦੀ ਥਾਂ ਤਨਖਾਹਾਂ ‘ਚ ਵੱਡੀ ਕਟੌਤੀ ਕਰਕੇ ਸਿਰਫ 10300 ਦੇਣ ਦੇ ਰਾਹ ਪਿਆ ਜਾ ਰਿਹਾ ਹੈ।
ਸਿੱਖਿਆ ਵਿਭਾਗ ਵਿੱਚਲੇ ਠੇਕਾ ਅਧਾਰਿਤ 5178 ਅਧਿਆਪਕਾਂ ਨੂੰ ਸੇਵਾ ਸ਼ਰਤਾਂ ਤਹਿਤ ਨਵੰਬਰ 2017 ਤੋਂ ਰੈਗੂਲਰ ਕਰਨ ਦੀ ਥਾਂ ਮਿਲਦੀਆਂ ਨਿਗੁਣੀਆਂ ਤਨਖਾਹਾਂ ‘ਤੇ ਵੀ ਰੋਕ ਲਗਾ ਦਿੱਤੀ ਹੈ। ਸਰਕਾਰ ਦੇ ਅਜਿਹੇ ਰਵੱਈਏ ਤੋਂ ਤੰਗ ਆਏ ਅਧਿਆਪਕਾਂ ਦੇ ਸਾਂਝੇ ਮੋਰਚੇ ਨੇ ਕੀਤੇ ਐਲਾਨ ‘ਤੇ ਖਰੇ ਉਤਰਦਿਆਂ ਮੁੱਖ ਮੰਤਰੀ ਦੇ ਸ਼ਹਿਰ ਵੱਲ ਰੁਖ ਕਰਕੇ ਅਧਿਆਪਕਾਂ ਦੀਆਂ ਸੇਵਾਵਾਂ ਪੂਰੀਆਂ ਤਨਖਾਹਾਂ ‘ਤੇ ਜਲਦ ਪੱਕੀਆਂ ਨਾ ਕੀਤੇ ਜਾਣ ਦੀ ਸੂਰਤ ‘ਚ ਸਰਕਾਰ ਨੂੰ ਆਰ-ਪਾਰ ਦੀ ਲੜਾਈ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ।
ਇਸ ਮੌਕੇ ਸੂਬਾ ਕੋ-ਕਨਵੀਨਰਾਂ ਇੰਦਰਜੀਤ ਸਿੰਘ, ਹਰਦੀਪ ਟੋਡਰਪੁਰ, ਹਰਵਿੰਦਰ ਬਿਲਗਾ, ਹਾਕਮ ਸਿੰਘ, ਸੁਖਜਿੰਦਰ ਹਰੀਕਾ, ਦੀਦਾਰ ਸਿੰਘ ਮੁੱਦਕੀ, ਗੁਰਵਿੰਦਰ ਸਿੰਘ ਤਰਨਤਾਰਨ, ਗੁਰਜਿੰਦਰ ਪਾਲ ਸਿੰਘ, ਡਾ.ਅੰਮ੍ਰਿਤਪਾਲ ਸਿੰਘ ਸਿੱਧੂ, ਸੁਖਰਾਜ ਕਾਹਲੋਂ, ਜਸਵੰਤ ਸਿੰਘ ਪੰਨੂ, ਸੁਖਰਾਜ ਸਿੰਘ, ਪ੍ਰਦੀਪ ਮਲੂਕਾ, ਜਗਸੀਰ ਸਹੋਤਾ, ਸਤਨਾਮ ਸਿੰਘ ਸ਼ੇਰੋਂ, ਵਿਨੀਤ ਕੁਮਾਰ, ਰਣਜੀਤ ਸਿੰਘ ਰਬਾਬੀ, ਸੰਜੀਵ ਕੁਮਾਰ, ਵੀਰਪਾਲ ਕੌਰ ਸਿਧਾਣਾ, ਲਖਵੀਰ ਸਿੰਘ ਅਤੇ ਅਨੂਪਜੀਤ ਸਿੰਘ ਨੇ ਆਪਣੀਆਂ ਮੰਗਾਂ ਨੂੰ ਜ਼ੋਰ-ਸ਼ੋਰ ਨਾਲ ਸਰਕਾਰ ਅੱਗੇ ਰੱਖਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਜੀਤ ਸ਼ਾਸ਼ਤਰੀ, ਕੁਲਦੀਪ ਸਿੰਘ ਦੌੜਕਾ, ਸੁਰਿੰਦਰ ਕੁਮਾਰ ਪੁਆਰੀ, ਚਮਕੌਰ ਸਿੰਘ ਖੇੜੀ ਅਤੇ ਗੁਰਨੈਬ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ।
ਪੁਲਿਸ ਪ੍ਰਸ਼ਾਸ਼ਨ ਨੇ ਸ਼ਹਿਰ ਨੂੰ ਬਦਲਿਆ ਪੁਲਿਸ ਛਾਉਣੀ ‘ਚ
ਜਿਕਰਯੋਗ ਹੈ ਕਿ ਪਟਿਆਲਾ ਪੁਲਿਸ ਪ੍ਰਸ਼ਾਸਨ ਵੱਲੋਂ ਸਾਂਝਾ ਅਧਿਆਪਕ ਮੋਰਚਾ ਵੱਲੋਂ ਕੀਤੇ ਗਏ ਇਕੱਠ ਨੂੰ ਕਾਬੂ ਕਰਨ ਲਈ ਵੱਡੀ ਗਿਣਤੀ ‘ਚ ਪੁਲਿਸ ਫੋਰਸ ਲਗਾਈ ਹੋਈ। ਪਟਿਆਲਾ ਪੁਲਿਸ ਵੱਲੋਂ ਸ਼ਹਿਰ ਦੇ ਮੇਨ ਚੌਂਕਾਂ ਜਿਵੇਂ ਫੁਹਾਰਾ ਚੌਂਕ, ਐਨਆਈਐੱਸ ਚੌਂਕ, ਵਾਈਪੀਐੱਸ ਚੌਂਕ, ਖੰਡਾ ਚੌਂਕ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਚੌਂਕ ਆਦਿ ਤੋਂ ਇਲਾਵਾ ਪੂਰੇ ਸ਼ਹਿਰ ਨੂੰ ਪੁਲਿਸ ਛਾਉੁਣੀ ‘ਚ ਬਦਲ ਦਿੱਤਾ ਗਿਆ। ਪੁਲਿਸ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਨੂੰ ਰੋਕਣ ਲਈ ਪਾਣੀ ਦੀ ਬੁਛਾੜ ਕਰਨ ਵਾਲੀਆਂ ਤੋਪਾ ਆਦਿ ਵੀ ਲਗਾਈਆਂ ਹੋਈਆਂ ਸਨ।
13 ਅਗਸਤ ਨੂੰ ਹੋਵੇਗੀ ਅਧਿਆਪਕਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ
ਆਗੂਆਂ ਦੇ ਦੱਸਣ ਅਨੁਸਾਰ ਵੱਡੀ ਗਿਣਤੀ ਅਧਿਆਪਕਾਂ ਕੋਲ ਪਹੁੰਚੇ ਐੱਸਡੀਐੱਮ ਪਟਿਆਲਾ ਨੇ ਅਧਿਆਪਕਾਂ ਦੇ ਵਫਦ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ 13 ਅਗਸਤ ਨੂੰ ਸਿਵਲ ਸਕੱਤਰੇਤ ਚੰਡੀਗੜ੍ਹ ‘ਚ ਮੀਟਿੰਗ ਤੈਅ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇਕਰ ਮੀਟਿੰਗ ਦੌਰਾਨ ਵੀ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਤੇ ਤਿੱਖਾ ਕੀਤਾ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।