ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਨੂੰ ਜਾਰੀ ਰੱਖਣ ਦਾ ਕੀਤਾ ਐਲਾਨ
ਬਰਨਾਲਾ, (ਜਸਵੀਰ ਸਿੰਘ ਗਹਿਲ) ਅੱਜ ਇੱਥੇ ਪੰਜਾਬ ਰੋਡਵੇਜ/ਪਨਬੱਸ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਅਤੇ ਪੀਆਰਟੀਸੀ ਦੇ ਕੱਚੇ ਮੁਲਾਜਮਾਂ ਦੀ ਕਮੇਟੀ ਵੱਲੋ ਦੋ ਘੰਟਿਆਂ ਲਈ ਪਨਬੱਸ ਅਤੇ ਪੀਆਰਟੀਸੀ ਦੀਆਂ ਬੱਸਾਂ ਸਮੇਤ ਬੱਸ ਸਟੈਂਡ ਬੰਦ ਕਰਕੇ ਸਰਕਾਰ ਵਿਰੁੱਧ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਆਗੂਆਂ ਨੇ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਬਰਨਾਲਾ ਡੀਪੂ ਪ੍ਰਧਾਨ ਨਿਰਪਾਲ ਸਿੰਘ ਪੱਪੂ, ਮੀਤ ਪ੍ਰਧਾਨ ਸੁਖਪਾਲ ਸਿੰਘ, ਚੇਅਰਮੈਨ ਰਣਧੀਰ ਸਿੰਘ ਤੇ ਬਿੰਦਰਪਾਲ ਵਾਇਸ਼ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਸੱਤਾ ’ਚ ਆਉਣ ਤੋਂ ਪਹਿਲਾਂ ਟਰਾਂਸਪੋਰਟ ਮੁਆਫੀਆਂ ਖਤਮ ਕਰਨ ਅਤੇ ਕੱਚੇ ਮੁਲਾਜਮਾਂ ਨੂੰ ਪੱਕਾ ਰੁਜ਼ਗਾਰ ਦੇਣ ਦੇ ਵਾਅਦੇ ਕੀਤੇ ਸਨ, ਪਰ ਸਾਢੇ ਚਾਰ ਦੇ ਆਪਣੇ ਕਾਰਜਕਾਲ ਦੌਰਾਨ ਇੱਕ ਵੀ ਵਾਅਦਾ ਪੂਰਾ ਨਹੀ ਕੀਤਾ ਗਿਆ। ਆਗੂਆਂ ਕਿਹਾ ਕਿ ਸਰਕਾਰ ਦੀਆਂ ਨਜਾਇਜ਼ ਚੱਲਦੀਆਂ ਵੱਡੇ ਸਿੰਗਾਂ ਵਾਲੀਆ ਬੱਸਾਂ ਨੂੰ ਖੂੰਜੇ ਲਾਉਣ ਦੇ ਬਿਆਨ ਚੋਣਾਂਵੀ ਸਟੰਟ ਬਣ ਕੇ ਰਹਿ ਗਏ ਹਨ।
ਆਗੂਆਂ ਕਿਹਾ ਕਿ ਪੰਜਾਬ ਰੋਡਵੇਜ ਅਤੇ ਪੀਆਰਟੀਸੀ ’ਚ ਕੰਮ ਕਰਦੇ ਮੁਲਾਜਮਾਂ ਨੂੰ ਪੱਕਾ ਨਾ ਕਰਨ, ਸਟਾਫ ਦੀ ਘਾਟ ਕਾਰਨ ਬੱਸਾਂ ਦਾ ਖੜਨਾ, ਕੰਡਕਟਰ, ਡਰਾਈਵਰ ਤੇ ਵਰਕਸਾਪ ਦੀ ਘਾਟ ਹੋਣ ਦੇ ਬਾਵਜੂਦ ਗਲਤ ਤਰੀਕੇ ਨਾਲ ਕੁਰੱਪਸਨ ਰਾਹੀਂ ਪ੍ਰਮੋਸਨਾਂ ਕਰਨਾ ਅਤੇ ਸਰਕਾਰੀ ਬੱਸਾਂ ਦੀ ਗਿਣਤੀ 10 ਹਜਾਰ ਦੀ ਬਿਜਾਏ 100-200 ਰਹਿ ਜਾਣਾ, ਉੱਪਰੋਂ ਪਨਬੱਸ ਅਤੇ ਪੀਆਰਟੀਸੀ ਦੀਆਂ ਬੱਸਾਂ ਜੋ ਮੁਲਾਜਮ ਮਿਹਨਤ ਨਾਲ ਚਲਾਉਂਦੇ ਹਨ ’ਚ ਮੁਫ਼ਤ ਸਫ਼ਰ ਦੀਆਂ ਸਹੂਲਤਾਂ ਦੇਣਾ ਆਦਿ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਵੱਲੋਂ ਸਰਕਾਰੀ ਖਜਾਨੇ ਵਿਚੋਂ ਕੋਈ ਸਹੂਲਤ ਦੇਣ ਦੀ ਬਿਜਾਏ ਵਿੱਤੀ ਬੋਝ ਕੱਚੇ ਮੁਲਾਜਮਾਂ ਤੇ ਪਾਉਣਾ ਚਾਹੁੰਦੀ ਹੈ। ਆਗੂਆਂ ਕਿਹਾ ਹਰ ਵਾਰ ਵਿਭਾਗੀ ਅਧਿਕਾਰੀਆਂ ਤੇ ਸਰਕਾਰ ਵੱਲੋਂ ਸਿਰਫ਼ ਉਨਾਂ ਨੂੰ ਲਾਰੇ ਹੀ ਦਿੱਤੇ ਜਾ ਰਹੇ ਹਨ।
ਆਗੂਆਂ ਐਲਾਨ ਕੀਤਾ ਗਿਆ ਹੈ 25 ਅਗਸਤ ਨੂੰ ਬੱਸ ਸਟੈਂਡ ਬੰਦ ਕਰਕੇ ਸਰਕਾਰ ਨੂੰ ਸਪੱਸ਼ਟ ਰੂਪ ’ਚ ਅਗਲੇ ਸੰਘਰਸ ਦੀ ਚੇਤਾਵਨੀ ਦਿੱਤੀ ਗਈ ਕਿ 26 ਅਗਸਤ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਪਨਬਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜਮਾਂ ਦੀਆਂ ਮੰਗਾਂ ਦਾ ਹੱਲ ਪਹਿਲ ਦੇ ਅਧਾਰ ’ਤੇ ਕੀਤਾ ਜਾਵੇ, ਨਹੀ 6 ਸਤੰਬਰ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਆਰੰਭ ਦਿੱਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ