ਟਰਾਂਸਪੋਰਟ ਪਾਲਿਸੀ ਐ ਠੰਢੇ ਬਸਤੇ ‘ਚ, ਸਰਕਾਰ ਨਹੀਂ ਕਰ ਰਹੀ ਐ ਕੁਝ

Transport policy

ਜੀਰਾ ਤੋਂ ਵਿਧਾਇਕ ਕੁਲਬੀਰ ਜੀਰਾ ਨੇ ਘੇਰੀ ਆਪਣੀ ਸਰਕਾਰ, ਟਰਾਂਸਪੋਰਟ ਮਾਮਲੇ ‘ਚ ਕੀਤੇ ਸੁਆਲ

ਚੰਡੀਗੜ | ਪੰਜਾਬ ਵਿਧਾਨ ਸਭਾ ਟਰਾਂਸਪੋਰਟ ਦੇ ਮਾਮਲੇ ਵਿੱਚ ਕਾਂਗਰਸੀ ਵਿਧਾਇਕ ਕੁਲਬੀਰ ਜੀਰਾ ਨੇ ਆਪਣੀ ਹੀ ਸਰਕਾਰ ਨੂੰ ਘੇਰਦੇ ਹੋਏ ਵਿਧਾਨ ਸਭਾ ਵਿੱਚ ਕਈ ਸੁਆਲ ਦਾਗ ਦਿੱਤੇ। ਕੁਲਬੀਰ ਜੀਰਾ ਜਦੋਂ ਆਪਣੀ ਹੀ ਸਰਕਾਰ ਅਤੇ ਖ਼ਾਸ ਕਰਕੇ ਟਰਾਂਸਪੋਰਟ ਵਿਭਾਗ ‘ਤੇ ਉਂਗਲ ਚੁੱਕ ਰਹੇ ਸਨ ਤਾਂ ਕੁਝ ਹੀ ਮੀਟਰ ਦੀ ਦੂਰੀ ‘ਤੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਵੀ ਬੈਠੇ ਸਨ ਪਰ ਮੰਤਰੀ ਨੇ ਇਸ ਮਾਮਲੇ ਵਿੱਚ ਕੋਈ ਜੁਆਬ ਦੇਣਾ ਮੁਨਾਸਬ ਨਹੀਂ ਸਮਝਿਆ ਅਤੇ ਕੁਲਬੀਰ ਜੀਰਾ ਇਨਾਂ ਸੁਆਲਾਂ ਸਬੰਧੀ ਜੁਆਬ ਲੈਣ ਲਈ ਜੋਰ ਵੀ ਨਹੀਂ ਪਾ ਸਕਦੇ ਸਨ ਕਿਉਂਕਿ ਉਹ ਇਹ ਮਾਮਲੇ ਵਿਧਾਨ ਸਭਾ ਦੇ ਅੰਦਰ ਜ਼ੀਰੋ ਕਾਲ ਦੌਰਾਨ ਚੁੱਕ ਰਹੇ ਸਨ।

ਕੁਲਬੀਰ ਜੀਰਾ ਨੇ ਜ਼ੀਰੋ ਕਾਲ ਦੌਰਾਨ ਬੋਲਦੇ ਹੋਏ ਕਿਹਾ ਕਿ ਪੰਜਾਬ ਵਿੱਚ ਟਰਾਂਸਪੋਰਟ ਰਾਹੀਂ ਆਮ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਸੰਦੀਪ ਸੰਧੂ ਅਤੇ ਉਹ (ਕੁਲਬੀਰ ਜੀਰਾ) ਦਿੱਲੀ ਤੋਂ ਇੰਡੋ ਕੈਨੇਡੀਅਨ ਬੱਸ ਰਾਹੀਂ ਰਾਜਪੁਰਾ ਤੱਕ ਬੀਤੇ ਦਿਨੀਂ ਆਏ ਸਨ ਅਤੇ ਉਨਾਂ ਦਾ ਮਕਸਦ ਇਨਾਂ ਦੀ ਲੁੱਟ ਨੂੰ ਹੀ ਦੇਖਣਾ ਸੀ।

ਉਨਾਂ ਦੱਸਿਆ ਕਿ ਜਿਥੇ ਪੰਜਾਬ ਟਰਾਂਸਪੋਰਟ ਦੀ ਵੋਲਵੋ ਬੱਸ ਦਾ ਕਿਰਾਇਆ 1200 ਰੁਪਏ ਹੈ ਉੱਥੇ ਇੰਡੋ ਕੈਨੇਡੀਅਨ ਬੱਸ ਦਾ ਕਿਰਾਇਆ 2600 ਰੁਪਏ ਹੈ। ਇਥੇ ਹੀ ਬਸ ਨਹੀਂ ਦਿੱਲੀ ਤੋਂ ਇੰਡੋ ਕੈਨੇਡੀਅਨ ਬੱਸ ‘ਤੇ ਸਫ਼ਰ ਕਰਨ ਮੌਕੇ ਜੇਕਰ ਕੋਈ ਵੀ ਸਵਾਰੀ ਰਸਤੇ ਵਿੱਚ ਕਰਨਾਲ ਜਾਂ ਫਿਰ ਰਾਜਪੁਰਾ ਉੱਤਰਦੀ ਹੈ ਤਾਂ ਉਨਾਂ ਤੋਂ ਘੱਟ ਕਿਰਾਇਆ ਨਹੀਂ ਸਗੋਂ ਪੂਰਾ 2600 ਰੁਪਏ ਪ੍ਰਤੀ ਸਵਾਰੀ ਹੀ ਲਿਆ ਜਾਂਦਾ ਹੈ ਅਤੇ ਉਨਾਂ ਨੇ 2 ਸਵਾਰੀਆਂ ਦਾ ਰਾਜਪੁਰਾ ਤੱਕ 5200 ਰੁਪਏ ਕਰਾਇਆ ਅਦਾ ਕੀਤਾ ਹੈ।

ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਟਰਾਂਸਪੋਰਟ ਪਾਲਿਸੀ ਬਣਾਈ ਸੀ ਪਰ ਪਿਛਲੇ 3 ਸਾਲ ਤੋਂ ਉਹ ਠੰਢੇ ਬਸਤੇ ਵਿੱਚ ਹੀ ਪਈ ਹੈ, ਜਦੋਂ ਕਿ ਸਰੇਆਮ ਪ੍ਰਾਈਵੇਟ ਬੱਸਾਂ ਲੁੱਟ ਦਾ ਸ਼ਿਕਾਰ ਬਣਾਉਣ ਵਿੱਚ ਲੱਗੀਆਂ ਹੋਈਆਂ ਹਨ ਉਨਾਂ ਕਿਹਾ ਕਿ ਏ.ਜੀ. ਪੰਜਾਬ ਤੋਂ ਪੁੱਛ ਲੈਣਾ ਚਾਹੀਦਾ ਹੈ ਕਿ ਅਦਾਲਤ ਵਿੱਚ ਇਸ ਪਾਲਿਸੀ ‘ਤੇ ਕੋਈ ਸਟੇਅ ਤਾਂ ਨਹੀਂ ਲੱਗੀ ਹੋਈ ਹੈ। ਇਸ ਟਰਾਂਸਪੋਰਟ ਪਾਲਿਸੀ ਨੂੰ ਜਲਦ ਹੀ ਲਾਗੂ ਕਰਨਾ ਚਾਹੀਦਾ ਹੈ।

ਪੁਲਿਸ ਹਿਰਾਸਤ ‘ਚ ਹੋ ਰਹੀ ਐ ਮੌਤ, ਪੰਜਾਬ ‘ਚ ਅਮਨ ਕਾਨੂੰਨ ਸਥਿਤੀ ਖ਼ਰਾਬ : ਸ਼ਰਨਜੀਨ ਢਿੱਲੋਂ, ਸਿਮਰਜੀਤ ਬੈਂਸ

ਅਕਾਲੀ ਵਿਧਾਇਕ ਦਲ ਦੇ ਲੀਡਰ ਸ਼ਰਨਜੀਤ ਸਿੰਘ ਢਿੱਲੋਂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵਿਧਾਨ ਸਭਾ ਵਿੱਚ ਲੁਧਿਆਣਾ ਵਿਖੇ ਅਮਨ ਅਤੇ ਕਾਨੂੰਨ ਦੀ ਸਥਿਤੀ ‘ਤੇ ਉਂਗਲ ਚੁਕਦੇ ਹੋਏ ਕਿਹਾ ਕਿ ਇਸ ਸਮੇਂ ਅਮਨ ਅਤੇ ਕਾਨੂੰਨ ਦੀ ਸਥਿਤੀ ਕਾਫ਼ੀ ਜਿਆਦਾ ਖਰਾਬ ਹੋਈ ਪਈ ਹੈ। ਇਥੋਂ ਤੱਕ ਕਿ ਪੁਲਿਸ ਹਿਰਾਸਤ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਪਰ ਕਿਸੇ ਵੀ ਦੋਸ਼ੀ ‘ਤੇ ਮਾਮਲਾ ਤੱਕ ਦਰਜ਼ ਨਹੀਂ ਕੀਤਾ ਜਾ ਰਿਹਾ ਹੈ। ਜਿਸ ਕਾਰਨ ਪਿਛਲੇ 5 ਦਿਨ ਤੋਂ ਉਕਤ ਨੌਜਵਾਨ ਦਾ ਦਾਹ ਸੰਸਕਾਰ ਹੀ ਨਹੀਂ ਕੀਤਾ ਗਿਆ ਹੈ।

ਇਨਾਂ ਨੇ ਦੱਸਿਆ ਕਿ ਕਿਸੇ ਮਾਮਲੇ ਵਿੱਚ ਉਕਤ ਨੌਜਵਾਨਾ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਜਿਥੇ ਉਸ ਦੀ ਹਾਲਤ ਕਾਫ਼ੀ ਜਿਆਦਾ ਖਰਾਬ ਹੋ ਗਈ ਅਤੇ ਮੌਕੇ ‘ਤੇ ਉਸ ਨੇ ਖੂਨ ਦੀ ਉਲਟੀ ਵੀ ਕੀਤੀ ਪਰ ਉਸ ਨੂੰ ਹਸਪਤਾਲ ਨਹੀਂ ਲਜਾਇਆ ਗਿਆ ਅਤੇ ਪੁਲਿਸ ਦੀ ਹਿਰਾਸਤ ਵਿੱਚ ਹੀ ਉਸ ਦੀ ਮੌਤ ਹੋ ਗਈ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਕੁਝ ਵੀ ਨਹੀਂ ਕੀਤਾ ਜਾ ਰਿਹਾ ਹੈ ਅਤੇ ਪਿਛਲੇ 5 ਦਿਨਾਂ ਤੋਂ ਦਾਹ ਸੰਸਕਾਰ ਹੀ ਨਹੀਂ ਹੋਇਆ ਹੈ।

ਸਿਮਰਜੀਤ ਬੈਂਸ ਨੇ ਕਿਹਾ ਕਿ ਲੁਧਿਆਣਾ ਵਿਖੇ ਤਾਂ ਖਾਸ ਕਰਕੇ ਲਾਅ ਐਂਡ ਆਰਡਰ ਦੀ ਸਥਿਤੀ ਲਗਾਤਾਰ ਤਾਰ ਤਾਰ ਹੋ ਰਹੀ ਹੈ, ਕਿਉਂਕਿ ਪਹਿਲਾਂ ਇੱਕ ਐਸ.ਐਚ.ਓ. ਤੋਂ ਚਿੱਟਾ ਫੜਿਆ ਜਾਂਦਾ ਹੈ, ਉਸ ਖ਼ਿਲਾਫ਼ ਕਾਰਵਾਈ ਕਰਕੇ ਗ੍ਰਿਫ਼ਤਾਰ ਕਰਨ ਦੀ ਥਾਂ ‘ਤੇ ਕੁਝ ਵੀ ਨਹੀਂ ਕੀਤਾ ਗਿਆ। ਫਿਰ ਸਰੇਆਮ 20 ਕਿਲੋਂ ਤੋਂ ਜਿਆਦਾ ਸੋਨੇ ਦੀ ਲੁੱਟ ਹੋ ਗਈ ਅਤੇ ਪੁਲਿਸ ਕੁਝ ਵੀ ਨਹੀਂ ਕਰ ਸਕੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।