ਅੱਜ ਫਿਰ ਮੇਰਾ ਮੋਦੀ ਨਾਲ ਪੇਚਾ ਪਵੇਗਾ : ਭਗਵੰਤ ਮਾਨ
ਨਾਭਾ, (ਤਰੁਣ ਕੁਮਾਰ ਸ਼ਰਮਾ)। ਲੋਕ ਸਭਾ ਵਿੱਚ ਹੋਣ ਵਾਲੀ ਕਿਸਾਨੀ ਕਾਨੂੰਨਾਂ ਸਬੰਧੀ ਬਹਿਸ ਦੌਰਾਨ ਅੱਜ ਮੇਰਾ ਮੋਦੀ ਨਾਲ ਫਿਰ ਪੇਚਾ ਪਵੇਗਾ। ਅੱਜ ਇੱਥੇ ਚੋਣ ਪ੍ਰਚਾਰ ਕਰਨ ਤੋਂ ਬਾਅਦ ਮੈਂ ਸਿੱਧਾ ਦਿੱਲੀ ਜਾ ਰਿਹਾ ਹਾਂ। ਇਹ ਵਿਚਾਰ ਨਾਭਾ ਪੁੱਜੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਹਲਕਾ ਨਾਭਾ ਤੋਂ ਆਗੂ ਜੱਸੀ ਸੋਹੀਆ ਵਾਲਾ ਦੀ ਹਾਜ਼ਰੀ ’ਚ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਪ੍ਰਗਟ ਕੀਤੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਭਗਵੰਤ ਮਾਨ ਨੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਦੇ ਖੂਨ ਦੀ ਖੇਤੀ ਦੇ ਬਿਆਨ ਸੰਬੰਧੀ ਕਿਹਾ ਕਿ ਉਨ੍ਹਾਂ ਨੂੰ ਤਾਂ ਪਾਣੀ ਵਾਲੀ ਖੇਤੀ ਵੀ ਨਹੀ ਕਰਨੀ ਆਉਂਦੀ।
ਅਸਲ ’ਚ ਜਿਹੜੇ ਰਾਕੇਸ਼ ਟਿਕੈਤ ਦੇ ਅੱਥਰੂ ਸਨ, ਉਹ ਪਾਣੀ ਦੀ ਖੇਤੀ ਹਨ। ਜੋ ਹੱਸ ਹੱਸ ਕੇ ਦਿੱਲੀ ’ਚ ਸੰਘਰਸ਼ੀ ਕਿਸਾਨਾਂ ਜਿਨ੍ਹਾਂ ਦੇ ਧੀਆਂ ਪੁੱਤ ਦੇਸ਼ ਲਈ ਸ਼ਹੀਦ ਹੋ ਕੇ ਤਿਰੰਗੇ ਵਿੱਚ ਲਿਪਟੇ ਆਉਂਦੇ ਹਨ, ਨੂੰ ਅੱਤਵਾਦੀ ਦੱਸ ਰਹੇ ਹਨ, ਕਾਫ਼ੀ ਮੰਦਭਾਗਾ ਹੈ। ਕਾਂਗਰਸ ਵੱਲੋਂ ਪੰਜਾਬ ਵਿੱਚ ਕਰਵਾਏ ਕਰੋੜਾਂ ਦੇ ਵਿਕਾਸ ਕਾਰਜਾਂ ਦੇ ਦਾਅਵਿਆਂ ‘ਤੇ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਵਿਕਾਸ ਹੀ ਕੀਤਾ ਹੋਇਆ ਹੈ ਤਾਂ ਸਾਡੇ ਉਮੀਦਵਾਰਾਂ ਨੂੰ ਕਾਗਜ ਕਿਉ ਨਹੀ ਭਰਨ ਦਿੰਦੇ। ਸਾਡੇ ਉਮੀਦਵਾਰਾਂ ਦੇ ਕਾਗਜ ਰੱਦ ਕੀਤੇ ਜਾ ਰਹੇ ਹਨ।
ਭਗਵੰਤ ਮਾਨ ਨੇ ਕੈਬਨਿਟ ਮੰਤਰੀ ਧਰਮਸੋਤ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਜਿਹੜੇ ਗਰੀਬਾਂ ਦੇ ਪੈਸੇ ਖਾ ਗਏ ਵਜੀਫੇ ਦੇ, ਜਿਹੜੇ ਗਰੀਬ ਬੱਚਿਆਂ ਦੀਆਂ ਕਾਪੀਆਂ ਕਿਤਾਬਾਂ ਦੇ ਪੈਸੇ ਖਾ ਗਏ, ਉਨ੍ਹਾਂ ਤੋਂ ਵਿਕਾਸ ਦੀ ਕੀ ਉਮੀਦ ਰੱਖੀ ਜਾ ਸਕਦੀ ਹੈ? ਉਨ੍ਹਾਂ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਹਵਾ ਚੱਲਣ ਦਾ ਦਾਅਵਾ ਕਰਦਿਆਂ ਕਿਹਾ ਕਿ 14 ਫਰਵਰੀ ਨੂੰ ਲੋਕ ਹੀ ਦੱਸ ਦੇਣਗੇ ਕਿ ਕਿੰਨਾ ਕੁ ਵਿਕਾਸ ਹੋਇਆ ਹੈ! ਉਨ੍ਹਾਂ ਕੌਂਸਲ ਚੋਣਾਂ ਨੂੰ ਸੈਮੀਫਾਇਨਲ ਵਜੋਂ ਨਾ ਲੈਂਦਿਆਂ ਕਿਹਾ ਕਿ ਲੋਕ ਸਭਾ, ਵਿਧਾਨ ਸਭਾ ਅਤੇ ਕੌਂਸਲ ਚੋਣਾਂ ਤਿੰਨੋ ਵੱਖਰੇ ਮੁੱਦਿਆਂ ’ਤੇ ਲੜੀਆਂ ਜਾਂਦੀਆਂ ਹਨ। ਮੈਂ ਰਾਜਪੁਰਾ, ਫਤਿਹਗੜ੍ਹ ਸਾਹਿਬ ਦਾ ਦੌਰਾ ਕਰਕੇ ਆਇਆ ਹਾਂ, ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਆਮ ਆਦਮੀ ਪਾਰਟੀ ਨੂੰ। ਉਨ੍ਹਾਂ ਕਿਹਾ ਕਿ ਝਾੜੂ ਸਿਰਫ ਗਲੀਆਂ, ਨਾਲੀਆਂ ਦੀ ਸਫਾਈ ਨਹੀ ਕਰਦਾ ਬਲਕਿ ਹੁਣ ਉਹ ਰਾਜਨੀਤੀਕ ਸਫ਼ਾਈ ਵੀ ਕਰੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.