ਡਿਪਟੀ ਕਮਿਸ਼ਨਰ ਨੂੰ ਸੈਰ ਕਰਨ ਲਈ ਆਉਣ ਵਾਲੇ ਲੋਕਾਂ ਨੂੰ ਆਉਂਦੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਤੋਂ ਜਾਣੂ ਕਰਵਾਇਆ
ਕੋਟਕਪੂਰਾ, (ਸੁਭਾਸ਼ ਸ਼ਰਮਾ) । ਗੁੱਡ ਮੌਰਨਿੰਗ ਵੈੱਲਫੇਅਰ ਕਲੱਬ ਦੇ ਸਲਾਹਕਾਰ ਡਾ. ਰਵੀ ਬਾਂਸਲ ਨੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੂੰ ਸਥਾਨਕ ਮਿਉਸਪਲ ਪਾਰਕ (Municipal Park) ਵਿੱਚ ਸੈਰ ਕਰਨ ਲਈ ਆਉਣ ਵਾਲੇ ਲੋਕਾਂ ਨੂੰ ਆਉਂਦੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਕਲੱਬ ਵੱਲੋਂ ਆਪਣੇ ਤੌਰ ’ਤੇ ਖਰਚਾ ਕਰਕੇ ਪਾਰਕ ਦਾ ਮੂੰਹ-ਮੱਥਾ ਸੰਵਾਰਿਆ ਗਿਆ, ਸੁੰਦਰਤਾ ਵਿੱਚ ਵਾਧਾ ਕਰਨ ਦੇ ਨਾਲ ਨਾਲ ਕਲੱਬ ਦੇ ਸਮੂਹ ਅਹੁਦੇਦਾਰ ਤੇ ਮੈਂਬਰ ਹੋਰ ਸੇਵਾ ਕਾਰਜਾਂ ਵਿੱਚ ਵੀ ਯਤਨਸ਼ੀਲ ਰਹੇ ਪਰ ਪ੍ਰਸ਼ਾਸ਼ਨ ਦਾ ਸਹਿਯੋਗ ਨਾ ਮਿਲਣ ਕਰਕੇ ਸੈਰ ਕਰਨ ਲਈ ਆਉਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਬਰਕਰਾਰ ਹਨ।
ਉਹਨਾਂ ਦੱਸਿਆ ਕਿ ਪਾਰਕ (Municipal Park) ਵਿੱਚ ਕੋਈ ਵੀ ਸਫਾਈ ਸੇਵਕ ਜਾਂ ਮਾਲੀ ਨਾ ਹੋਣ ਕਰਕੇ ਅਕਸਰ ਗੰਦ ਪਿਆ ਰਹਿੰਦਾ ਹੈ ਤੇ ਬੂਟਿਆਂ ਦੀ ਸੰਭਾਲ ਵੀ ਸਹੀ ਢੰਗ ਨਾਲ ਨਹੀਂ ਹੋ ਰਹੀ। ਉਹਨਾਂ ਦੱਸਿਆ ਕਿ ਪਿਛਲੇ ਸਮੇਂ ਵਿੱਚ ਗੁੱਡ ਮੌਰਨਿੰਗ ਵੈੱਲਫੇਅਰ ਕਲੱਬ ਸਮੇਤ ਅਨੇਕਾਂ ਹੋਰ ਸਮਾਜ ਸੇਵੀ ਸੰਸਥਾਵਾਂ ਮਿਉਸਪਲ ਪਾਰਕ ਨੂੰ ਗੋਦ ਲੈਣ ਅਰਥਾਤ ਅਡਾਪਟ ਕਰਨ ਲਈ ਤਿਆਰ ਸਨ ਪਰ ਕਿਸੇ ਕਾਰਨਾਂ ਕਰਕੇ ਉਕਤ ਕਾਰਜ ਨੇਪਰੇ ਨਾ ਚੜ ਸਕਿਆ ਪਰ ਗੁੱਡ ਮੌਰਨਿੰਗ ਕਲੱਬ ਅੱਜ ਵੀ ਮਿਉਂਸਪਲ ਪਾਰਕ ਨੂੰ ਗੋਦ ਲੈਣ ਲਈ ਤਿਆਰ ਹੈ।
ਉਹਨਾਂ ਦੱਸਿਆ ਕਿ ਪਹਿਲਾਂ ਡਾ. ਆਰ.ਸੀ. ਗਰਗ ਦੀ ਅਗਵਾਈ ਵਿੱਚ ਪਾਰਕ ਦਾ ਮੂੰਹ ਮੁਹਾਂਦਰਾ ਬਦਲਣ ਅਰਥਾਤ ਚੰਡੀਗੜ੍ਹ ਵਰਗੇ ਸੁੰਦਰ ਪਾਰਕਾਂ ਦੀ ਤਰ੍ਹਾਂ ਬਣਾਉਣ ਲਈ ਬਕਾਇਦਾ ਨਕਸ਼ਾ ਤਿਆਰ ਕੀਤਾ ਗਿਆ ਅਤੇ ਵਾਧੂ ਖਰਚਾ ਕਰਕੇ ਇਕ ਆਲੀਸ਼ਾਨ ਅਰਥਾਤ ਨਮੂਨੇ ਵਰਗਾ ਪਾਰਕ ਬਣਾਉਣ ਦੀ ਬਕਾਇਦਾ ਰਣਨੀਤੀ ਵੀ ਤਿਆਰ ਕੀਤੀ ਗਈ ਪਰ ਸਹਿਯੋਗ ਦੀ ਘਾਟ ਕਾਰਨ ਸਭ ਕੁਝ ਅਧਵਾਟੇ ਹੀ ਰਹਿ ਗਿਆ। ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਇਸ ਬਾਰੇ ਜਲਦ ਅਤੇ ਜ਼ਰੂਰ ਕੋਈ ਨਿਰਣਾ ਲੈਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ