ਖੇਡ ਨਸੀਬਾਂ ਦੀ

story, Game Of Luck

ਖੇਡ ਨਸੀਬਾਂ ਦੀ

‘‘ਮੇਜਰ ਸਿੰਆਂ ਕਰਤੀ ਫੇਰ ਕੋਠੀ ਸ਼ੁਰੂ ’’ ਹਾਕਮ ਨੇ ਵੀਹੀ ਵਿੱਚੋਂ ਲੰਘੇ ਜਾਂਦੇ ਮੇਜਰ ਸਿੰਘ ਨੂੰ ਪੁੱਛਿਆ ‘‘ਓਏ ਹਾਕਮਾਂ ਕੋਠੀ ਕਾਹਦੀ ਬੱਸ ਗਰੀਬੀ ਦਾਵਾ ਜਿਆ ਈ ਕਰਨੈ ਦੋ ਕਮਰੇ ਤੇ ਬੱਸ ਇੱਕ ਰਸੋਈ ਈ ਛੱਤਣੀ ਆ ਯਾਰ ਸਾਰੀ ਉਮਰ ਲੰਘ ਗਈ ਕੰਮ ਕਰਦਿਆਂ-ਕਰਦਿਆਂ, ਆਹ ਪੱਕੇ ਕੋਠੇ ਦਾ ਸੁਫਨਾ ਪੂਰਾ ਈ ਨਹੀਂ ਹੋਇਆ, ਹੁਣ ਤੇਰੇ ਭਤੀਜ ਦਾ ਵਿਆਹ ਤੇ ਮੈਂ ਸੋਚਿਆ ਔਖੇ-ਸੌਖੇ ਹੋ ਕੇ ਦੋ ਕੋਠੇ ਈ ਛੱਤ ਲਈਏ, ਅਸੀਂ ਵੀ ਪੱਕਿਆਂ ਵਿੱਚ ਸੌਣ ਦਾ ਨਜਾਰਾ ਲੈ ਲਈਏ, ਤੇ ਪੁਰਾਣਾ ਕੱਚਾ ਕੋਠਾ ਡੰਗਰਾਂ ਲਈ ਵਰਤ ਲਵਾਂਗੇ’’ ਹਾਕਮ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ‘‘ਵਧਾਈਆਂ ਬਾਈ ਤੈਨੂੰ ਵਧਾਈਆਂ!’’

ਮੇਜਰ ਨੇ ਜਿਵੇਂ-ਤਿਵੇਂ ਕੰਮ ਸਿਰੇ ਲਾ ਦਿੱਤਾ ਉਸ ਤੋਂ ਤੇ ਉਸ ਦੀ ਘਰਵਾਲੀ ਤੋਂ ਪੱਕੇ ਕੋਠਿਆਂ ਦਾ ਚਾਅ ਚੱਕਿਆ ਨਾ ਜਾਵੇ ਕਿਉਂਕਿ ਕਿਤੇ ਮੁੱਦਤਾਂ ਬਾਅਦ ਆਹ ਦਿਨ ਆਇਆ ਸੀ ਮੇਜਰ ਦੀ ਘਰਵਾਲੀ ਨੇ ਕਿਹਾ, ‘‘ਕਰਜਾ ਤਾਂ ਚੜ੍ਹ ਗਿਆ ਪਰ ਸਿਰ ’ਤੇ ਛੱਤ ਪੱਕੀ ਹੋ ਗਈ’’ ਮੇਜਰ ਬੋਲਿਆ, ‘‘ਓ ਕੋਈ ਨਾ ਕਰਜਾ ਵੀ ਲੱਥਜੂ, ਤੂੰ ਹੁਣ ਭਿੰਦੇ ਦੇ ਵਿਆਹ ਦੀਆਂ ਤਿਆਰੀਆਂ ਕਰ’’ ਭਿੰਦੇ ਦੇ ਵਿਆਹ ਦੇ ਦਿਨ ਵੀ ਪੁੱਗ ਗਏ ਤੇ ਮੇਜਰ ਸਿਹੁੰ ਨੇ ਭਿੰਦੇ ਦਾ ਵਿਆਹ ਵੀ ਕਰ ਦਿੱਤਾ ਵਿਆਹ ਤੋਂ ਮਹੀਨੇ ਕੁ ਮਗਰੋਂ ਸੁਨੇਹਾ ਆਇਆ ਕਿ ਦਾਜ ਦਾ ਸਾਮਾਨ ਕੱਲ੍ਹ ਨੂੰ ਛੱਡ ਕੇ ਜਾਵਾਂਗੇ, ਤੇ ਅਗਲੇ ਦਿਨ ਭਿੰਦੇ ਦੇ ਦਾਜ ਦਾ ਸਾਮਾਨ ਵੀ ਆ ਗਿਆ।

ਖੇਡ ਨਸੀਬਾਂ ਦੀ

ਭਿੰਦੇ ਦੀ ਘਰਵਾਲੀ ਨੇ ਭਿੰਦੇ ਨੂੰ ਕਿਹਾ, ‘‘ਜੀ ਆਪਣਾ ਸਾਮਾਨ ਕਿੱਥੇ ਰੱਖਾਂਗੇ, ਕਮਰਿਆਂ ਵਿੱਚ ਤਾਂ ਬੇਬੇ ਦਾ ਸਾਮਾਨ ਪਿਆ! ਤੁਸੀਂ ਬੇਬੇ ਨੂੰ ਕਹੋ ਨਾ ਕਿ ਉਹ ਆਪਣਾ ਸਾਮਾਨ ਪੁਰਾਣੇ ਕਮਰੇ ਵਿੱਚ ਰੱਖ ਲੈਣ’’ ਭਿੰਦਾ ਬੋਲਿਆ, ‘‘ਬੇਬੇ ਨੂੰ ਕੀ ਪੁੱਛਣਾ!’’ ਉਸ ਨੇ ਬੇਬੇ ਦਾ ਸਾਮਾਨ ਚਕਵਾ ਕੇ ਪੁਰਾਣੇ ਕੱਚੇ ਕੋਠੇ ਵਿੱਚ ਰਖਵਾ ਦਿੱਤਾ ਤੇ ਆਪਣਾ ਸਾਮਾਨ ਨਵੇਂ ਕਮਰਿਆਂ ਵਿੱਚ ਟਿਕਾ ਲਿਆ।

ਬੇਬੇ-ਬਾਪੂ ਦੀ ਮੰਜੀ ਫੇਰ ਓਸੇ ਪੁਰਾਣੇ ਕੱਚੇ ਕੋਠੇ ਵਿੱਚ! ਮੇਜਰ ਤੇ ਉਸ ਦੀ ਘਰਵਾਲੀ ਵੇਖਦੇ ਰਹੇ ਪਰ ਬੋਲੇ ਕੁੱਝ ਨਾ, ਪਰ ਅੰਦਰੋਂ ਬੁਰੀ ਤਰ੍ਹਾਂ ਟੁੱਟ ਗਏ ਸਾਰੇ ਸੁਫਨੇ ਪਲਾਂ ਵਿਚ ਚਕਨਾਚੂਰ ਹੋ ਗਏ ਰਾਤ ਨੂੰ ਕੱਚੇ ਕੋਠੇ ਅੰਦਰ ਪਏ ਮੇਜਰ ਨੇ ਆਪਣੀ ਘਰਵਾਲੀ ਨੂੰ ਪੁੱਛਿਆ, ‘‘ਸਾਰਾ ਸਾਮਾਨ ਈ ਆ ਗਿਆ ਏਧਰ?’’ ‘‘ਨਹੀਂ ਭਾਂਭੇ-ਟੀਂਡੇ ਤਾਂ ਓਧਰ ਈ ਨੇ ਹਾਲੇ’’ ਉਸਨੇ ਦੱਸਿਆ ਮੇਜਰ ਨੇ ਲੰਮਾ ਸਾਹ ਲੈਂਦਿਆਂ ਕਿਹਾ, ‘‘ਫੇਰ ਭਾਂਡੇ-ਟੀਂਡੇ ਤੇ ਤਵੇ-ਪਰਾਂਤ ਦੀ ਲੋੜ ਛੇਤੀ ਈ ਪੈਣੀ ਆ ਆਪਾਂ ਨੂੰ!’’ ਦੋਹਾਂ ਦੇ ਇੱਕ-ਦੂਜੇ ਵੱਲ ਦੇਖਦਿਆਂ ਦੇ ਈ ਹੰਝੂ ਵਹਿ ਤੁਰੇ ਨਸੀਬਾਂ ਦੀ ਖੇਡ ਅੱਗੇ ਦੋਵੇਂ ਪਤੀ-ਪਤਨੀ ਬੇਵੱਸ ਸਨ ਤੇ ਉਹ ਕੱਚਾ ਕੋਠਾ ਉਹਨਾਂ ਨੂੰ ਬੜਾ ਆਪਣਾ-ਆਪਣਾ ਮਹਿਸੂਸ ਹੋ ਰਿਹਾ ਸੀ ।
ਜੱਸੀ ਜਸਪਾਲ ਵਧਾਈਆਂ
ਮੋ. 99140-43045

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ