ਸਕੂਲੀ ਸਿੱਖਿਆ ਨੂੰ ਹੋਰ ਗੁਣਾਤਮਕ ਅਤੇ ਮਿਆਰੀ ਬਣਾਉਣ ਲਈ ਸਕੂਲ ਮੁਖੀ ਸਟਾਫ ਦੀ ਸਹਾਇਤਾ ਨਾਲ ਵਿਉਤਬੰਦੀ ਬਣਾਉਣ: ਮੀਤ ਹੇਅਰ

meet hair

ਸਕੂਲ ਮੁਖੀਆਂ ਪਾਸੋਂ ਸਿੱਖਿਆ ਸੁਧਾਰ ਲਈ ਸੁਝਾਅ ਲੈਣ ਦਾ ਸਮਾਂ 31 ਮਈ ਤੱਕ ਵਧਾਇਆ

  • ਸਿੱਖਿਆ ਮੰਤਰੀ ਨੇ ਐਜੂਸੈੱਟ ਰਾਹੀਂ ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਸਕੂਲ ਮੁਖੀਆਂ ਨਾਲ ਕੀਤੀ ਮੀਟਿੰਗ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਸਿੱਖਿਆ ਦੀ ਕ੍ਰਾਂਤੀ ਲਿਆਉਣ ਲਈ ਅਧਿਆਪਕ ਵਰਗ ਦਾ ਵਡਮੁੱਲਾ ਯੋਗਦਾਨ ਹੋਵੇਗਾ। ਸਰਕਾਰੀ ਸਕੂਲਾਂ ਵਿੱਚ ਮੈਰਿਟ ਨਾਲ ਚੁਣੇ ਹੋਏ ਅਧਿਆਪਕ ਭਰਤੀ ਹੁੰਦੇ ਹਨ ਅਤੇ ਉਹ ਆਪਣੀ ਬਿਹਤਰ ਪੜਾਉਣ ਦੀਆਂ ਤਕਨੀਕਾਂ ਨਾਲ ਸਕੂਲੀ ਸਿੱਖਿਆ ਨੂੰ ਹੋਰ ਗੁਣਾਤਮਕ ਅਤੇ ਮਿਆਰੀ ਬਣਾ ਸਕਦੇ ਹਨ। ਸਕੂਲ ਮੁਖੀ ਆਪਣੇ ਸਟਾਫ਼ ਦੀ ਸਹਾਇਤਾ ਨਾਲ ਵਧੀਆ ਵਿਉਤਬੰਦੀ ਕਰਕੇ ਬੱਚਿਆਂ ਵਿੱਚ ਆਤਮ-ਵਿਸ਼ਵਾਸ਼ ਵਧਾ ਕੇ ਗੁਣਾਤਮਕ ਸਿੱਖਿਆ ਪ੍ਰਦਾਨ ਕਰ ਸਕਦੇ ਹਨ।

ਇਹ ਗੱਲ ਅੱਜ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Meet Hair) ਨੇ ਸਕੂਲ ਸਿੱਖਿਆ ਵਿਭਾਗ ਦੇ ਐਜੂਸੈੱਟ ਰਾਹੀਂ ਪੰਜਾਬ ਦੇ ਸਮੂਹ ਜ਼ਿਲਾ ਸਿੱਖਿਆ ਅਫ਼ਸਰਾਂ (ਸੈਕੰਡਰੀ ਤੇ ਐਲੀਮੈਂਟਰੀ ਸਿੱਖਿਆ), ਡਾਇਟ ਪਿ੍ਰੰਸੀਪਲਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਸਰਕਾਰੀ ਸਕੂਲਾਂ ਦੇ ਪਿ੍ਰੰਸੀਪਲਾਂ, ਮੁੱਖ ਅਧਿਆਪਕਾਂ ਅਤੇ ਇੰਚਾਰਜਾਂ ਨਾਲ ਸਿੱਖਿਆ ਸੁਧਾਰਾਂ ਸਬੰਧੀ ਪਲੇਠੀ ਮੀਟਿੰਗ ਦੌਰਾਨ ਕਹੀ।
ਸਿੱਖਿਆ ਮੰਤਰੀ ਨੇ ਸਮੂਹ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਪਾਸੋਂ ਸਿੱਖਿਆ ਸੁਧਾਰਾਂ ਲਈ ਸੁਝਾਅ ਮੰਗੇ ਗਏ ਹਨ ਅਤੇ ਉਹ ਇੱਕ ਵਾਰ ਫਿਰ ਯਾਦ ਕਰਵਾਉਦੇ ਹਨ ਕਿ ਇਹ ਸੁਝਾਅ ਸਕੂਲ ਮੁਖੀ ਆਪਣੇ ਸਕੂਲ ਦੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ, ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਦੇ ਨਾਲ ਰਾਏ-ਮਸ਼ਵਰਾ ਕਰਕੇ ਦੇਣ।

ਦਿੱਲੀ ਦੇ ਵਧੀਆ ਕੰਮਾਂ ਨੂੰ ਵੀ ਕੀਤਾ ਸਾਂਝਾ

ਸਿੱਖਿਆ ਮੰਤਰੀ ਮੀਤ ਹੇਅਰ (Meet Hair) ਨੇ ਕਿਹਾ ਕਿ ਉਹ ਸਰਕਾਰੀ ਸਕੂਲਾਂ ਵਿੱਚ ਲਗਾਤਾਰ ਦੌਰੇ ‘ਤੇ ਜਾ ਰਹੇ ਹਨ ਅਤੇ ਉਨਾਂ ਨੇ ਦਿੱਲੀ ਦੇ ਸਕੂਲਾਂ ਵਿੱਚ ਵੀ ਆਪਣੀ ਟੀਮ ਨਾਲ ਦੌਰਾ ਕੀਤਾ ਹੈ। ਉਨਾਂ ਦਿੱਲੀ ਦੇ ਵਧੀਆ ਕੰਮਾਂ ਨੂੰ ਵੀ ਸਾਂਝਾ ਕੀਤਾ। ਉਨਾਂ ਪੰਜਾਬ ਦੇ ਸਕੂਲਾਂ ਵਿੱਚ ਦੌਰਿਆਂ ਦੌਰਾਨ ਚੰਗੇ ਤਜ਼ਰਬਿਆਂ ਦੀ ਤਾਰੀਫ਼ ਕੀਤੀ ਅਤੇ ਨਾਲ ਇਹ ਵੀ ਕਿਹਾ ਕਿ ਇਨਾਂ ਸਕੂਲਾਂ ਵਿੱਚ ਗੁਣਾਤਮਿਕ ਸਿੱਖਿਆ ਲਈ ਹੋਰ ਕੀਤੇ ਜਾ ਸਕਣ ਵਾਲੇ ਉਪਰਾਲਿਆਂ ਦੀ ਲੋੜ ਨੂੰ ਵੀ ਦਰਕਿਨਾਰ ਨਹੀਂ ਕੀਤਾ ਜਾਣਾ ਚਾਹੀਦਾ।

ਉਨਾਂ ਸਕੂਲਾਂ ਵਿੱਚ ਬੱਚਿਆਂ ਦਾ ਸਿੱਖਣ ਪੱਧਰ ਪਤਾ ਲਗਾਉਣ ਲਈ ਅਧਿਆਪਕਾਂ ਨੂੰ ਆਪਣੇ ਬੱਚਿਆਂ ਦੀ ਬੇਸ ਲਾਇਨ ਜਾਂਚ ਇਮਾਨਦਾਰੀ ਨਾਲ ਰਿਕਾਰਡ ਕਰਨ ਲਈ ਪ੍ਰੇਰਿਆ। ਉਨਾਂ ਕਿਹਾ ਕਿ ਬੇਸ ਲਾਇਨ ਜਾਂਚ ਦੀ ਵਿਭਾਗ ਵੱਲੋਂ ਫੀਡਬੈਕ ਲੈਣ ਲਈ ਵਿਸ਼ੇਸ਼ ਟੀਮਾਂ ਗਠਨ ਕਰਕੇ ਸਮੀਖਿਆ ਕਰਵਾਈ ਜਾਵੇਗੀ। ਮੀਤ ਹੇਅਰ ਨੇ ਮੀਟਿੰਗ ਦੌਰਾਨ ਇਹ ਗੱਲ ਵੀ ਦੁਹਰਾਈ ਕਿ ਪੰਜਾਬ ਸਰਕਾਰ ਦੀ ਭਵਿੱਖੀ ਯੋਜਨਾ ਹੈ ਕਿ ਅਧਿਆਪਕਾਂ ਤੋਂ ਕਿਸੇ ਕਿਸਮ ਦਾ ਨਾਨ-ਟੀਚਿੰਗ ਕੰਮ ਨਹੀਂ ਲਿਆ ਜਾਵੇਗਾ।

ਸਿੱਖਿਆ ਮੰਤਰੀ ਨੇ ਪਿਛਲੇ ਦਿਨੀਂ ਸਿੱਖਿਆ ਵਿਭਾਗ ਦੀ ਵੈਬਸਾਈਟ ‘ਤੇ ਸਕੂਲ ਮੁਖੀਆਂ ਪਾਸੋਂ ਸਿੱਖਿਆ ਸੁਧਾਰ ਲਈ ਸੁਝਾਅ ਮੰਗੇ ਗਏ ਸਨ, ਉਸ ਵਿੱਚ ਕੁਝ ਸਕੂਲ ਮੁਖੀਆਂ ਦੇ ਪ੍ਰਾਪਤ ਹੋਏ ਸੁਝਾਵਾਂ ਨੂੰ ਵੀ ਪੜਿਆ ਅਤੇ ਮੁਖੀਆਂ ਵੱਲੋਂ ਪੋਰਟਲ ਦੇ ਦਿੱਤੇ ਜਾ ਰਹੇ ਚੰਗੇ ਜਵਾਬਾਂ ਦੀ ਵੀ ਸਰਾਹਨਾ ਕੀਤੀ। ਉਨਾਂ ਕਿਹਾ ਕਿ ਉਹ ਸਾਰੇ ਸੁਝਾਵਾਂ ਨੂੰ ਨਿਜੀ ਤੌਰ ‘ਤੇ ਵੀ ਪੜ੍ਹ ਰਹੇ ਹਨ ਅਤੇ ਇਨਾਂ ‘ਤੇ ਵਿਚਾਰ ਕਰਕੇ ਹੀ ਨਵੀ ਨੀਤੀ ਤਿਆਰ ਕੀਤੀ ਜਾਵੇਗੀ। ਉਨਾਂ ਕਿਹਾ ਕਿ ਵਿਭਾਗ ਦੀ ਵੈਬਸਾਈਟ ‘ਤੇ ਮੰਗੇ ਗਏ ਸੁਝਾਵਾਂ ਦੀ ਮਿਤੀ ਵਿੱਚ 31 ਮਈ 2022 ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਕੁਲਜੀਤ ਪਾਲ ਸਿੰਘ ਨੇ ਵਿਭਾਗ ਦੇ ਹੋਰ ਅਧਿਕਾਰੀਆਂ ਨਾਲ ਮਿਲ ਕੇ ਸਿੱਖਿਆ ਮੰਤਰੀ ਸ੍ਰੀ ਮੀਤ ਹੇਅਰ ਦਾ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਪੁੱਜਣ ਉੱਤੇ ਸਵਾਗਤ ਕੀਤਾ। ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਯੋਗ ਰਾਜ, ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਹਰਿੰਦਰ ਕੌਰ, ਡਿਪਟੀ ਐੱਸ.ਪੀ.ਡੀ. ਗੁਰਜੀਤ ਸਿੰਘ, ਡਿਪਟੀ ਡਾਇਰੈਕਟਰ ਗੁਰਜੋਤ ਸਿੰਘ, ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ, ਡਾ. ਭੁਪਿੰਦਰ ਸਿੰਘ ਬਾਠ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here