ਨਕਾਰਾਤਮਕ ਨੰਬਰਾਂ ਤੋਂ ਬਚਣ ਦੇ ਨੁਕਤੇ
ਨੀਟ ਵਰਗੇ ਇਮਤਿਹਾਨਾਂ ਵਿਚ ਸਫਲਤਾ ਪ੍ਰਾਪਤ ਕਰਨ ਲਈ ਹਰ ਵਿਦਿਆਰਥੀ ਪੂਰੀ ਜੱਦੋ- ਜ਼ਹਿਦ ਕਰਦਾ ਹੈ। ਸਖਤ ਮਿਹਨਤ ਦੇ ਨਾਲ-ਨਾਲ ਉਹ ਹਰ ਨੁਕਤੇ ‘ਤੇ ਗੌਰ ਕਰਦਾ ਹੈ। ਪਰ ਇਹ ਵੇਖਿਆ ਗਿਆ ਹੈ ਕਿ ਅਖਰੀਲੇ ਸਮੇਂ ਵਿੱਚ ਇਹ ਆਪਣੇ-ਆਪ ਨੂੰ ਸ਼ਸ਼ੋਪੰਜੀ ਵਿਚ ਤੇ ਦੁਚਿੱਤੀ ਵਿੱਚ ਜਕੜਿਆ ਪਾਉਂਦਾ ਹੈ। ਉਹ ਆਪਣੇ-ਆਪ ਨੂੰ ਨਕਾਰਾਤਮਕ ਨੰਬਰਾਂ ਦੇ ਡਰ ਅਤੇ ਆਪਣੇ ਸਵੈ-ਵਿਸ਼ਵਾਸ ਵਿਚ ਗਵਾਚਿਆ ਜਿਹਾ ਮਹਿਸੂਸ ਕਰਦਾ ਹੈ। ਪਰ ਇਨ੍ਹਾਂ ਦੋਨਾਂ ਕਮੀਆਂ ਦੇ ਡਰ ਤੋਂ ਬਚਿਆ ਜਾ ਸਕਦਾ ਹੈ ਭਾਵੇਂ ਗੱਲ ਨਕਾਰਾਤਮਕ ਨੰਬਰਾਂ ਦੀ ਹੋਵੇ ਜਾਂ ਆਪਣੇ ਸਵੈ-ਵਿਸ਼ਵਾਸ ਦੇ ਡੋਲਦ ਦੀ। ਜਰੂਰਤ ਕੁਝ ਨੁਕਤਿਆਂ ਨੂੰ ਅਪਣਾਉਣ ਦੀ ਹੈ।
ਨਕਾਰਾਤਮਕ ਨੰਬਰਾਂ ਤੋਂ ਬਚਣ ਲਈ:
ਨੀਟ ਪ੍ਰੀਖਿਆ ਦੇ ਨਿਯਮਾਂ ਅਨੁਸਾਰ ਹਰ ਸਵਾਲ ਦੇ ਉੱਤਰ ਲਈ ਪ੍ਰੀਖਿਆਰਥੀ ਨੂੰ ਚਾਰ ਵਿਕਲਪ ਦਿੱਤੇ ਜਾਂਦੇ ਹਨ। ਪਰ ਗਲਤ ਜਵਾਬ ‘ਤੇ ਇੱਕ ਨੰਬਰ ਕੱਟ ਲਿਆ ਜਾਂਦਾ ਹੈ। ਇਸ ਲਈ ਪ੍ਰੀਖਿਆਰਥੀਆਂ ਨੂੰ ਨੀਟ ਪ੍ਰੀਖਿਆ 2020 ਲਈ ਹੇਠ ਦੱਸੇ ਨੁਕਤਿਆਂ ਅਨੁਸਾਰ ਚੱਲਣਾ ਚਾਹੀਦਾ ਹੈ।
ਬਹੁਤ ਸਾਰੇ ਪ੍ਰੀਖਿਆਰਥੀ ਓ ਐੱਮ ਆਰ ਸ਼ੀਟ ਨੂੰ ਸਹੀ ਨਾ ਭਰਨ ਕਰਕੇ ਨੁਕਸਾਨ ਉਠਾ ਲੈਂਦੇ ਹਨ। ਪ੍ਰੀਖਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਕੋਚਿੰਗ ਸੈਂਟਰ ਤੋਂ ਪ੍ਰੈਕਟਿਸ ਕਰਨ ਲਈ ਵਾਧੂ ਓ ਐਮ ਆਰ ਸ਼ੀਟਾਂ ਲੈਣ ਅਤੇ ਵੱਧ ਤੋਂ ਵੱਧ ਪ੍ਰੈਕਟਿਸ ਕਰਨ ਤਾਂ ਕਿ ਇਸ ਗਲਤੀ ਤੋਂ ਨਿਜਾਤ ਪਾਈ ਜਾ ਸਕੇ। ਇੰਸ ਤਰ੍ਹਾਂ ਕਰਨ ਨਾਲ ਉਹ ਮੁੱਖ ਪ੍ਰੀਖਿਆ ਵਾਲੇ ਦਿਨ ਆਉਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਬਚ ਸਕਦੇ ਹਨ।
ਕੁੱਝ ਅਜਿਹੀਆਂ ਗਲਤੀਆਂ ਹੁੰਦੀਆਂ ਹਨ ਜੋ ਪ੍ਰੀਖਿਆਰਥੀ ਆਮ ਹੀ ਕਰ ਦਿੰਦੇ ਹਨ। ਇਨ੍ਹਾਂ ਨੂੰ ਸਿੱਲ੍ਹੀ ਮਿਸਟੇਕਸ ਆਖਿਆ ਜਾਂਦਾ ਹੈ। ਇਨ੍ਹਾਂ ਤੋਂ ਬਚਣ ਦਾ ਤਰੀਕਾ ਸੌਖਾ ਹੈ ਸਿਰਫ ਤੁਹਾਨੂੰ ਤੁਹਾਡੇ ਜਬਾਬ ‘ਤੇ ਪੂਰਾ ਭਰੋਸਾ ਹੋਣਾ ਚਾਹੀਦਾ ਹੈ। ਪ੍ਰੀਖਿਆਰਥੀ ਨੂੰ ਜੀਵ ਵਿਗਿਆਨ ਸੈਕਸ਼ਨ ਦੀਆਂ ਗਿਣਤੀਆਂ ਪ੍ਰਤੀ ਪੂਰਾ ਸੁਚੇਤ ਹੋਣਾ ਚਾਹੀਦਾ ਹੈ।
ਪ੍ਰਸ਼ਨ ਪੱਤਰ ਦੀ ਭਾਸ਼ਾ ਨੂੰ ਬੜੇ ਧਿਆਨ ਨਾਲ ਸਮਝਣ ਦੀ ਲੋੜ ਹੁੰਦੀ ਹੈ। ਸਵਾਲ ਵਿਚ ਕੀ ਪੁੱਛਿਆ ਹੈ। ਕਈ ਵਾਰੀ ਸਵਾਲ ਹੀ ਉਲਝਣ ਵਾਲਾ ਹੁੰਦਾ ਹੈ ਸਹੀ ਨਹੀਂ ਹੈ ਗਲਤ ਨਹੀਂ ਹੈ। ਇਸ ਸਮੇਂ ਬਹੁਤੇ ਵਿਦਿਆਰਥੀ ਕਾਹਲੀ ਕਰ ਜਾਂਦੇ ਹਨ। ਤੇ ਨੁਕਸਾਨ ਉਠਾਉਂਦੇ ਹਨ। ਇਸ ਗੱਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੁਝ ਸਵਾਲ ਇਸ ਤਰ੍ਹਾਂ ਪੁੱਛੇ ਜਾਂਦੇ ਹਨ ਕਿ ਉਹ ਜਲਦੀ-ਜਲਦੀ ਸਮਝ ਨਹੀਂ ਆਉਂਦੇ। ਇਸ ਲਈ ਪ੍ਰੈਕਟਿਸ ਨਾਲ ਹੀ ਅਜਿਹੇ ਸਵਾਲਾਂ ਨੂੰ ਸਮਝਿਆ ਜਾ ਸਕਦਾ ਹੈ। ਅਜਿਹੇ ਸਵਾਲਾਂ ਦੀ ਚੋਣ ਕਰਕੇ ਆਪਣੇ ਅਧਿਆਪਕ ਕੋਲੋਂ ਸਮਝਿਆ ਜਾ ਸਕਦਾ ਹੈ। ਇਨ੍ਹਾਂ ਨੂੰ ਆਪਣੀ ਕਾਪੀ ਵਿਚ ਨੋਟ ਕਰ ਲਵੋ ਤੇ ਇਨ੍ਹਾਂ ‘ਤੇ ਵਿਸ਼ੇਸ਼ ਤਵੱਜੋ ਦਿਓ।
ਪ੍ਰੈਕਟਿਸ ਸਫ਼ਲਤਾ ਦੀ ਕੁੰਜੀ ਹੈ।
ਵੱਧ ਤੋਂ ਵੱਧ ਪ੍ਰੈਕਟਿਸ ਹੀ ਤੁਹਾਨੂੰ ਨਿਪੁੰਨ ਬਣਾ ਸਕਦੀ ਹੈ। ਕਿਸੇ ਪ੍ਰਸ਼ਨ ਪੱਤਰ ਨੂੰ ਪੂਰਾ ਹੱਲ ਕਰੋ ਫਿਰ ਖੁਦ ਉਸ ਦੀ ਜਾਂਚ ਕਰੋ। ਇਹ ਦੇਖਣ ਦੀ ਕੋਸ਼ਿਸ਼ ਕਰੋ ਕਿ ਗਲਤੀ ਕਿੱਥੇ ਹੈ। ਇਸ ਨਾਲ ਤੁਹਾਨੂੰ ਦੂਹਰਾ ਫਾਇਦਾ ਹੋਵੇਗਾ। ਇਹ ਇੱਕ ਵਧੀਆ ਤਰੀਕਾ ਹੈ। ਕੋਈ ਤੁਹਾਨੂੰ ਹੌਂਸਲਾ ਦੇਵੇ ਨਾ ਦੇਵੇ। ਆਪਣੇ-ਆਪ ਨੂੰ ਹੌਂਸਲਾ ਜਰੂਰ ਦਿਓ ਜਿੰਨਾ ਤੁਹਾਡੇ ਆਪਣੇ ਹੌਂਸਲੇ ਨਾਲ ਰਾਹ ਸੁਖਾਲਾ ਹੁੰਦਾ ਹੈ ਓਨਾ ਕਿਸੇ ਹੋਰ ਦੇ ਹੌਂਸਲੇ ਨਾਲ ਨਹੀਂ। ਆਪਣੇ ਹੌਂਸਲੇ ਨਾਲ ਫਾਲਤੂ ਦੇ ਦਿਮਾਗੀ ਬੋਝ ਤੋਂ ਵੀ ਬਚਿਆ ਜਾ ਸਕਦਾ ਹੈ। ਬੇਲੋੜੀ ਚਿੰਤਾ ਦਾ ਇਲਾਜ ਖੁਦ ਦਾ ਹੌਂਸਲਾ ਹੀ ਹੈ। ਉਸ ਸਵੈ-ਹੌਂਸਲੇ ਦੇ ਨੁਕਤੇ ਇਹ ਹਨ।
ਸਭ ਤੋਂ ਪਹਿਲਾ ਤੇ ਪ੍ਰਮੁੱਖ ਆਪਣੀ ਤੁਲਨਾ ਸਿਰਫ ਆਪਣੇ ਨਾਲ ਕਰੋ। ਤੁਹਾਡਾ ਮੁਕਾਬਲਾ ਤੁਹਾਡੇ ਨਾਲ ਹੀ ਹੈ ਤੇ ਕੱਦੇ ਆਪਣੇ-ਆਪ ਨੂੰ ਕਮਜ਼ੋਰ ਨਾ ਸਮਝੋ। ਚਾਹੇ ਤੁਹਾਡੀ ਕਾਰਗੁਜ਼ਾਰੀ ਚੰਗੀ ਨਾ ਰਹੀ ਹੋਵੇ ਪਰ ਕਦੇ ਖ਼ੁਦ ਨੂੰ ਕਮਜੋਰ ਮਹਿਸੂਸ ਨਾ ਕਰੋ। ਅੱਗੇ ਵਧਣ ਅਤੇ ਚੰਗੀ ਕਾਰਗੁਜ਼ਾਰੀ ਪ੍ਰਤੀ ਆਸਵੰਦ ਰਹੋ। ਹਾਰ ਨਾ ਮੰਨੋ। ਜਿੱਤ ਪ੍ਰਤੀ ਦ੍ਰਿੜ੍ਹ ਰਹੋ। ਇਰਾਦੇ ਨੂੰ ਪੱਕਾ ਕਰੋ। ਇੱਕ ਦਿਨ ਤੁਸੀਂ ਆਪਣੇ-ਆਪ ਨੂੰ ਸਫਲਤਾ ਦੇ ਸਿਖ਼ਰ ‘ਤੇ ਪਾਓਗੇ। ਕਾਮਯਾਬੀ ਮਿਲੇਗੀ ਤੇ ਤੁਸੀਂ ਆਸਾਨੀ ਨਾਲ ਇਸ ਇਮਤਿਹਾਨ ਵਿਚੋਂ ਦੀ ਲੰਘ ਜਾਓਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।