ਪੰਜਾਬ ਦੇ ਪਟਿਆਲਾ ਨੇੜਲੇ ਪਿੰਡ ਬਖਸ਼ੀ ਵਾਲਾ ਤੋਂ ਕੀਤਾ ਗ੍ਰਿਫ਼ਤਾਰ
ਫਰੀਦਕੋਟ (ਸੱਚ ਕਹੂੰ ਨਿਊਜ਼, ਸੁਖਜੀਤ ਮਾਨ)। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਕੋਟਕਪੂਰਾ ਕਤਲਕਾਂਡ ਨੂੰ ਲੈ ਕੇ ਵੱਡੀ ਕਾਰਵਾਈ ਕਰਦੇ ਹੋਏ ਤਿੰਨ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ’ਚ ਪ੍ਰਦੀਪ ਸਿੰਘ ਦੇ ਕਤਲ ਨੂੰ ਲਾਰੈਂਸ ਗੈਂਗ ਦੇ ਸ਼ੂਟਰਾਂ ਦੁਆਰਾ ਅੰਜਾਮ ਦੇਣ ਦੀ ਗੱਲ ਵੀ ਸਾਹਮਣੇ ਆਈ ਹੈ। ਇਨ੍ਹਾਂ ’ਚ 4 ਸ਼ੂਟਰ ਹਰਿਆਣਾ ਤੇ 2 ਸ਼ੂਟਰ ਫਰੀਦਕੋਟ ਪੰਜਾਬ ਤੋਂ ਦੱਸੇ ਜਾ ਰਹੇ ਹਨ। ਇਨ੍ਹਾਂ ਵਿੱਚੋਂ 3 ਸ਼ੂਟਰਾਂ ਨੂੰ ਪਟਿਆਲਾ ਨੇੜਲੇ ਪਿੰਡ ਬਖਸ਼ੀਵਾਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਤਿੰਨ ਸ਼ੂਟਰਾਂ ’ਚੋਂ 2 ਰੋਹਤਕ ਤੇ 1 ਭਿਵਾਨੀ ਹਰਿਆਣਾ ਦੇ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ।
ਫੜੇ ਗਏ ਇੱਕ ਮੁਲਜ਼ਮ ਦੀ ਪਛਾਣ ਜਤਿੰਦਰ (26) ਪੁੱਤਰ ਕਸ਼ਮੀਰੀ ਲਾਲ ਵਾਸੀ ਕਲਾਨੌਰ, ਰੋਹਤਕ ਵਜੋਂ ਹੋਈ ਹੈ। ਅਜੇ ਤੱਕ ਪੰਜਾਬ ਪੁਲਿਸ ਦੇ ਕਿਸੇ ਵੀ ਅਧਿਕਾਰੀ ਨੇ ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ। ਜਿਕਰਯੋਗ ਹੈ ਕਿ ਡੇਰਾ ਸ਼ਰਧਾਲੂ ਪ੍ਰਦੀਪ ਸਿੰਘ ਦਾ ਵੀਰਵਾਰ ਨੂੰ ਸਵੇਰ ਵੇਲੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ । ਪ੍ਰਦੀਪ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਆਪਣੀ ਦੁਕਾਨ ‘ਤੇ ਮੌਜੂਦ ਸੀ। 3 ਮੋਟਰਸਾਈਕਲਾਂ ’ਤੇ ਸਵਾਰ 6 ਜਣਿਆਂ ਨੇ ਉਸ ’ਤੇ ਕਈ ਗੋਲੀਆਂ ਚਲਾਈਆਂ। ਇਸ ਹਮਲੇ ’ਚ ਗੰਨਮੈਨ ਸਮੇਤ ਤਿੰਨ ਜਣੇ ਜਖ਼ਮੀ ਹੋ ਗਏ ਸਨ ।
ਜਖਮੀਆਂ ’ਚ ਨਾਲ ਲੱਗਦੀ ਦੁਕਾਨ ਦਾ ਇੱਕ ਦੁਕਾਨਦਾਰ ਵੀ ਸ਼ਾਮਲ ਹੈ। ਸਾਧ ਸੰਗਤ ਵਿੱਚ ਇਸ ਮਾਮਲੇ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰਦੀਪ ਸਿੰਘ ਦੀ ਮ੍ਰਿਤਕ ਦੇਹ ਨਾਮ ਚਰਚਾ ਘਰ ਵਿੱਚ ਹੀ ਰੱਖੀ ਹੋਈ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਇਨਸਾਫ਼ ਮਿਲਣ ’ਤੇ ਹੀ ਸਸਕਾਰ ਕਰਨਗੇ। ਪੁਲਿਸ ਅਧਿਆਕੀਆਂ ਵੱਲੋਂ ਲਗਾਤਾਰ ਡੇਰਾ ਸੱਚਾ ਸੌਦਾ ਦੇ ਜਿੰਮੇਵਾਰਾਂ ਨਾਲ ਰਾਬਤਾ ਬਣਾ ਕੇ ਰੱਖਿਆ ਹੋਇਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ