(ਗੁਰਤੇਜ ਜੋਸ਼ੀ) ਮਾਲੇਰਕੋਟਲਾ। ਨਵੇਂ ਤਰੀਕੇ ਨਾਲ ਕਥਿਤ ਤੌਰ ’ਤੇ ਠੱਗੀ ਮਾਰਦੇ ਤਿੰਨ ਅਜਿਹੇ ਵਿਅਕਤੀਆਂ ਨੂੰ ਮਾਲੇਰਕੋਟਲਾ ਦੇ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਹੈ ਜਿਹੜੇ ਸ਼ਹਿਰ ’ਚ ਲੋਕਾਂ ਤੋਂ ਕਬਾੜ ਖਰੀਦਣ ਦੌਰਾਨ ਕੰਡੇ ’ਚ ਕੀਤੀ ਹੇਰਾ-ਫੇਰੀ ਨਾਲ ਠੱਗੀ ਮਾਰਦੇ ਸਨ। ਜਾਣਕਾਰੀ ਮੁਤਾਬਕ ਦੁਪਹਿਰ 12 ਵਜੇ ਦੇ ਕਰੀਬ ਛੋਟਾ ਹਾਥੀਂ ਗੱਡੀ ’ਚ ਸਵਾਰ ਤਿੰਨ ਬਨਾਰਸੀ ਕਿਸਮ ਦੇ ਠੱਗ ਜਿਨ੍ਹਾਂ ਕੋਲ ਇਕ ਕੰਪਿਊਟਰੀ ਕੰਡਾ ਸੀ ਤੇ ਸਥਾਨਕ ਮਦੇਵੀ ਰੋਡ ਨੂੰ ਜਾਂਦੇ ਸਮੇਂ ਕੁਟੀ ਰੋਡ ਵਾਲੇ ਮੋੜ ’ਤੇ ਸਥਿਤ ਹਲਵਾਈ ਦੀ ਦੁਕਾਨ ਦੇ ਬਿਲਕੁਲ ਨਾਲ ਲੱਗਦੇ ਘਰ ’ਚ ਪਿਆ ਪੁਰਾਣਾ ਲੋਹਾ ਖਰੀਦਣ ਲਈ ਆਏ। (Cheats Gang )
ਇਹ ਵੀ ਪੜ੍ਹੋ : ਡਰੋਨ ਸਬੰਧੀ ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ ਇੱਕ ਲੱਖ ਰੁਪਏ ਦਾ ਇਨਾਮ
ਜਿਨ੍ਹਾਂ ਨੇ ਉਕਤ ਪੁਰਾਣਾ ਲੋਹਾ ਖਰੀਦਣ ਸਬੰਧੀ ਘਰ ਦੇ ਮਾਲਕ ਜਾਵੇਦ ਅਹਿਮਦ ਜਹਾਂਗੀਰ ਨਾਲ ਗੱਲ ਕੀਤੀ। ਆਪਸੀ ਗੱਲਬਾਤ ਦੌਰਾਨ ਰੇਟ ਤੈਅ ਹੋਣ ’ਤੇ ਜਦੋਂ ਉਕਤ ਵਿਅਕਤੀ ਆਪਣੇ ਕੰਪਿਊਟਰੀ ਕੰਡੇ ਨਾਲ ਲੋਹੇ ਦਾ ਵਜਨ ਕਰਨ ਲੱਗੇ ਤਾਂ ਮਕਾਨ ਮਾਲਕ ਜਾਵੇਦ ਨੂੰ ਉਨ੍ਹਾਂ ਦੇ ਕੰਡੇ ’ਚ ਹੇਰਾ-ਫੇਰੀ ਹੋਣ ਦਾ ਸ਼ੱਕ ਹੋਇਆ। ਜਿਸ ’ਤੇ ਜਾਵੇਦ ਨੇ ਜਦੋਂ ਉਨ੍ਹਾਂ ਦੇ ਕੰਡੇ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਤਾਂ ਪਤਾ ਲੱਗਾ ਕਿ ਉਕਤ ਵਿਅਕਤੀਆਂ ਨੇ ਆਪਣੇ ਕੰਪਿਊਟਰੀ ਕੰਡੇ ’ਚ ਘੱਟ ਵਜ਼ਨ ਦੱਸਣ ਦੀ ਰਿਮੋਟ ਕੰਟਰੋਲ ਸੈਟਿੰਗ ਕੀਤੀ ਹੋਈ ਹੈ।
ਜਿਸਦਾ ਰਿਮੋਟ ਬਟਨ ਵਾਲਾ ਸਵਿੱਚ ਠੱਗਾਂ ’ਚ ਇਕ ਨੇ ਆਪਣੇ ਪੈਟ ਦੀ ਜੇਬ ’ਚ ਰੱਖਿਆ ਹੋਇਆ ਸੀ। ਲੋਕਾਂ ਪਾਸੋਂ ਲੋਹਾ ਖਰੀਦਣ ਮੌਕੇ ਜਦੋਂ ਵਜਨ ਕਰਦੇ ਸਨ ਤਾਂ ਉਹ ਜੇਬ ’ਚੋਂ ਸਵਿੱਚ ਆਨ ਕਰ ਦਿੰਦੇ ਸਨ, ਜਿਸ ਨਾਲ ਕੰਡਾ ਪੂਰਾ ਵਚਨ ਦੱਸਣ ਦੀ ਬਜਾਏ ਅੱਧਾ ਵਚਨ ਹੀ ਦੱਸਦਾ ਸੀ ਅਤੇ ਵਜਨ ਕਰਨ ਉਪਰੰਤ ਰਿਮੋਟ ਦਾ ਸਵਿੱਚ ਬੰਦ ਕਰ ਦਿੰਦੇ ਸਨ ਤਾਂ ਕਿ ਲੋਹਾ ਵੇਚਣ ਵਾਲੇ ਵਿਅਕਤੀ ਨੂੰ ਕੋਈ ਸ਼ੱਕ ਨਾ ਹੋਵੇ ਪਰ ਅੱਜ ਇੱਥੇ ਸ਼ੱਕ ਪੈਣ ’ਤੇ ਉਨ੍ਹਾਂ ਦੀ ਇਹ ਅਜੀਬ ਕਿਸਮ ਵਾਲੀ ਠੱਗੀ ਫੜੀ ਗਈ। (Cheats Gang )
ਜਾਵੇਦ ਅਹਿਮਦ ਨੇ ਤੁਰੰਤ ਆਪਣੇ ਮਿਸਤਰੀਆਂ ਤੇ ਹੋਰ ਆਲੇ ਦੁਆਲੇ ਦੇ ਲੋਕਾਂ ਦੀ ਮੱਦਦ ਨਾਲ ਉਨ੍ਹਾਂ ਨੂੰ ਕਾਬੂ ਕਰਕੇ ਉਥੇ ਬਿਠਾ ਲਿਆ ਅਤੇ ਪੁਲਿਸ ਨੂੰ ਸੁਚਿਤ ਕਰ ਦਿੱਤਾ। ਫੜੇ ਗਏ ਉਪਰੋਕਤ ਤਿੰਨ ਵਿਅਕਤੀਆਂ ਦੀ ਸ਼ਨਾਖਤ ਨਾਨਕ ਪੁੱਤਰ ਸੁਰੇਸ਼ ਕਰਨ ਪੁੱਤਰ ਲਾਰਮੀਆਂ ਅਤੇ ਅਜੇ ਕੁਮਾਰ ਪੁੱਤਰ ਰਤਨ ਵਾਸੀ ਪੱਤੀ ਰੋਡ ਬਰਨਾਲਾ ਵਜੋਂ ਹੋਈ। ਸੂਚਨਾ ਮਿਲਣ ’ਤੇ ਪੁੱਜੀ ਮਾਲੇਰਕੋਟਲਾ ਥਾਣਾ ਸਿਟੀ-1 ਦੀ ਪੁਲਿਸ ਪਾਰਟੀ ਉਪਰੋਕਤ ਤਿੰਨ ਵਿਅਕਤੀਆਂ ਨੂੰ ਛੋਟਾ ਹਾਥੀ ਗੱਡੀ ਅਤੇ ਕੰਡੇ ਸਮੇਤ ਕਾਬੂ ਕਰ ਕੇ ਥਾਣੇ ਲੈ ਗਈ।