ਤਰਸੇਮ ਸਿੰਘ ਬਬਲੀ/ਲਹਿਰਾਗਾਗਾ। ਸਥਾਨਕ ਰੇਲਵੇ ਲਾਈਨ ‘ਤੇ ਉਸ ਸਮੇਂ ਕੋਈ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਬੀਤੀ ਰਾਤ ਕਰੀਬ ਦੋ ਵਜੇ ਰੇਲਵੇ ਲਾਈਨ ਦੇ ਉੱਪਰ ਫਿਰ ਰਹੇ ਅਵਾਰਾ ਪਸ਼ੂਆਂ (ਢੱਠਿਆਂ) ਦੀ ਮਾਲ ਗੱਡੀ ਨਾਲ ਹੋਈ ਟੱਕਰ ਦੌਰਾਨ 3 ਢੱਠਿਆਂ ਦੀ ਦਰਦਨਾਕ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ ਦੋ ਵਜੇ ਆਈ ਇੱਕ ਮਾਲ ਗੱਡੀ (ਫੂਡ ਗਰੇਨ ਗੱਡੀ) ਮੋਗਾ ਤੋਂ ਗੁਜਰਾਤ ਜਾ ਰਹੀ ਸੀ, ਕਰੀਬ ਦੋ ਵਜੇ ਲਹਿਰਾਗਾਗਾ ਰੇਲਵੇ ਸਟੇਸ਼ਨ ਤੋਂ ਜਾਖਲ ਵੱਲੋਂ ਜਾਣ ਸਮੇਂ ਰੇਲਵੇ ਲਾਈਨ ਵਿੱਚ ਅਵਾਰਾ ਫਿਰ ਰਹੇ ਪਸ਼ੂਆਂ (ਤਿੰਨ ਢੱਠਿਆਂ) ਦੀ ਗੱਡੀ ਨਾਲ ਟਕਰਾਉਣ ਨਾਲ ਦਰਦਨਾਕ ਮੌਤ ਹੋ ਗਈ ਪਰ ਖੁਸ਼ਕਿਸਮਤੀ ਇਹ ਰਹੀ ਕਿ ਉਸ ਤੋਂ ਬਾਅਦ ਆਈ ਇੱਕ ਸਵਾਰੀ ਗੱਡੀ ਨੂੰ ਉਸ ਸਮੇਂ ਘਟਨਾ ਵਾਲੀ ਥਾਂ ਤੋਂ ਬਹੁਤ ਹੌਲੀ ਸਪੀਡ ਵਿੱਚ ਕੱਢਿਆ ਗਿਆ।
ਘਟਨਾ ਦਾ ਪਤਾ ਚੱਲਦਿਆਂ ਹੀ ਰੇਲਵੇ ਸਟੇਸ਼ਨ ਮਾਸਟਰ ਰਾਜੀਵ ਸ਼ਰਮਾ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਮਰੇ ਆਵਾਰਾ ਪਸ਼ੂਆਂ ਨੂੰ ਰੇਲਵੇ ਲਾਈਨ ਤੋਂ ਬਾਹਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਅੱਜ ਕਈ ਘੰਟਿਆਂ ਤੱਕ ਨਗਰ ਕੌਂਸਲ ਦੇ ਐੱਸ ਆਈ ਹਰੀ ਰਾਮ ਭੱਟੀ ਨੇ ਆਪਣੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਉਕਤ ਢੱਠਿਆਂ ਨੂੰ ਵੱਖ-ਵੱਖ ਥਾਵਾਂ ਤੋਂ ਚੁਕਵਾਇਆ ਤਾਂ ਜੋ ਬਦਬੂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਨਾ ਫੈਲ ਸਕੇ ਅਤੇ ਇਸ ਦੌਰਾਨ ਫਾਟਕ ਨੂੰ ਵੀ ਕਈ ਘੰਟਿਆਂ ਤੱਕ ਬੰਦ ਰੱਖਿਆ ਗਿਆ ਜਿਸ ਨਾਲ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਕਤ ਮਾਮਲੇ ‘ਤੇ ਸਟੇਸ਼ਨ ਮਾਸਟਰ ਰਾਜੀਵ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਅਵਾਰਾ ਪਸ਼ੂਆਂ ਦਾ ਠੋਸ ਤੇ ਸਥਾਈ ਪ੍ਰਬੰਧ ਕਰਨਾ ਚਾਹੀਦਾ ਹੈ ।
ਜੋ ਭਵਿੱਖ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨ ‘ਤੇ ਸਿਸਟਮ ਡਿਜੀਟਲ ਹੋਣ ਕਾਰਨ ਗੱਡੀਆਂ ਦੀ ਰਫਤਾਰ ਹੋਰ ਵਧ ਜਾਵੇਗੀ ਅਤੇ ਫਰਵਰੀ ਤੱਕ ਉਕਤ ਲਾਈਨ ਉੱਪਰ ਇਲੈਕਟ੍ਰਿਕ ਟ੍ਰੇਨ ਵੀ ਸ਼ੁਰੂ ਹੋ ਜਾਵੇਗੀ, ਜਿਸ ਦੌਰਾਨ ਥੋੜ੍ਹੀ ਜਿਹੀ ਵੀ ਅਣਗਹਿਲੀ ਕਿਸੇ ਵੀ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੀ ਹੈ । ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨੂੰ ਚਾਹੀਦਾ ਹੈ ਕਿ ਉਹ ਅਵਾਰਾ ਪਸ਼ੂਆਂ ਨੂੰ ਸ਼ਹਿਰ ਤੋਂ ਬਾਹਰ ਭੇਜੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।