ਕੈਬਨਿਟ ਮੰਤਰੀ ਦੀ ਸੁਰੱਖਿਆ ’ਚ ਤਾਇਨਾਤ ਤਿੰਨ ਏਐਸਆਈ ਹੋਏ ਪਦਉੱਨਤ, ਸਬ ਇੰਸਪੈਕਟਰ ਦਾ ਲੱਗਾ ਸਟਾਰ
ਮੰਤਰੀ ਅਰੁਨਾ ਚੌਧਰੀ ਨੇ ਤਿੰਨਾਂ ਮੁਲਾਜ਼ਮਾਂ ਨੂੰ ਦਿੱਤੇ ਪ੍ਰਮੋਸ਼ਨ ਲੈਟਰ
(ਸੱਚ ਕਹੂੰ ਨਿਊਜ਼), ਗੁਰਦਾਸਪੁਰ। ਕੈਬਨਿਟ ਮੰਤਰੀ ਅਰੁਨਾ ਚੌਧਰੀ ਦੀ ਸੁਰੱਖਿਆ ’ਚ ਤਾਇਨਾਤ ਤਿੰਨ ਮੁਲਾਜ਼ਮ ਏਐਸਆਈ ਅੰਗਰੇਜ਼ ਸਿੰਘ ਬਾਜਵਾ, ਏਐਸਆਈ ਅਨੂਪ ਸਿੰਘ ਅਤੇ ਏਐਸਆਈ ਸਤੀਸ਼ ਕੁਮਾਰ ਨੂੰ ਪੁਲਿਸ ਵਿਭਾਗ ਵਿੱਚ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਵਿਭਾਗ ਵੱਲੋਂ ਤਰੱਕੀ ਦੇ ਕੇ ਸਬ ਇੰਸਪੈਕਟਰ ਬਣਾਇਆ ਗਿਆ ਹੈ। ਅੱਜ ਇਨ੍ਹਾਂ ਮੁਲਾਜ਼ਮਾਂ ਨੂੰ ਕੈਬਨਿਟ ਮੰਤਰੀ ਅਰੁਨਾ ਚੌਧਰੀ ਵੱਲੋਂ ਸਟਾਰ ਲਗਾ ਕੇ ਮਾਣ ਬਖ਼ਸ਼ਿਆ ਗਿਆ ਅਤੇ ਤਰੱਕੀ ਸਬੰਧੀ ਪ੍ਰਮੋਸ਼ਨ ਲੈਟਰ ਵੀ ਦਿੱਤਾ ਗਿਆ। ਮੰਤਰੀ ਨੇ ਕਿਹਾ ਕਿ ਇਹ ਤਿੰਨੋਂ ਮੁਲਾਜ਼ਮ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਨਾਲ ਸੁਰੱਖਿਆ ਕਰਮੀ ਵਜੋਂ ਤਾਇਨਾਤ ਹਨ ਅਤੇ ਇਨ੍ਹਾਂ ਦੀਆਂ ਵਧੀਆਂ ਸੇਵਾਵਾਂ ਨੂੰ ਦੇਖਦਿਆਂ ਹੀ ਇਨ੍ਹਾਂ ਦੀ ਪ੍ਰਮੋਸ਼ਨ ਹੋਈ ਹੈ।
ਇਸ ਦੌਰਾਨ ਤਰੱਕੀ ਪਾ ਕੇ ਸਬ ਇੰਸਪੈਕਟਰ ਬਣੇ ਅੰਗਰੇਜ਼ ਸਿੰਘ ਬਾਜਵਾ ਵਾਸੀ ਪਿੰਡ ਮੱਦੇਪੁਰ ਦੋਰਾਂਗਲਾ, ਸਬ ਇੰਸਪੈਕਟਰ ਅਨੂਪ ਸਿੰਘ ਵਾਸੀ ਪਿੰਡ ਚੱਗੁਵਾਲ ਗੁਰਦਾਸਪੁਰ ਅਤੇ ਸਬ ਇੰਸਪੈਕਟਰ ਸਤੀਸ਼ ਕੁਮਾਰ ਵਾਸੀ ਅਸ਼ੋਕ ਵਿਹਾਰ ਦੀਨਾਨਗਰ ਨੇ ਆਪਣੀ ਪ੍ਰਮੋਸ਼ਨ ਲਈ ਕੈਬਨਿਟ ਮੰਤਰੀ ਅਰੁਨਾ ਚੌਧਰੀ, ਸੀਨੀਅਰ ਕਾਂਗਰਸ ਨੇਤਾ ਅਸ਼ੋਕ ਚੌਧਰੀ ਅਤੇ ਪੁਲਿਸ ਵਿਭਾਗ ਦੇ ਸੀਨੀਅਰ ਅਫ਼ਸਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਆਪਣੀ ਡਿਊਟੀ ਹੋਰ ਜ਼ਿਆਦਾ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਡੀਐਸਪੀ ਰਾਜਬੀਰ ਸਿੰਘ, ਐਸਐਚਓ ਸ਼ਾਮ ਲਾਲ, ਐਸਐਚਓ ਕੁਲਵਿੰਦਰ ਸਿੰਘ ਪੁਰਾਣਾਸ਼ਾਲਾ, ਪੀਐਸਓ ਗੁਲਜ਼ਾਰ ਸਿੰਘ, ਸਬ ਇੰਸਪੈਕਟਰ ਸੰਜੀਵ ਕੁਮਾਰ ਅਤੇ ਪੀਏ ਪ੍ਰੀਤਮ ਸਿੰਘ ਮੁੱਖ ਰੂਪ ’ਚ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ