‘ਜੱਜ’ ਕਹਿਕੇ ਲੋਕਾਂ ਨੂੰ ਠੱਗਣ ਵਾਲੀ ਮਹਿਲਾ ਸਮੇਤ ਤਿੰਨ ਕਾਬੂ

ਪਤੀ ਨੂੰ ਬਣਾਇਆ ਹੋਇਆ ਸੀ ਰੀਡਰ

(ਸੁਖਜੀਤ ਮਾਨ/ਗੁਰਜੀਵਨ ਸਿੱਧੂ) ਬਠਿੰਡਾ/ਨਥਾਣਾ। ਨਥਾਣਾ ਥਾਣਾ ਪੁਲਿਸ ਨੇ ਪਿੰਡ ਕਲ਼ਿਆਣ ਸੁੱਖਾ ਦੀ ਇੱਕ ਅਜਿਹੀ ਮਹਿਲਾ ਨੂੰ ਉਸਦੇ ਪਤੀ ਅਤੇ ਡਰਾਇਵਰ ਸਮੇਤ ਗਿ੍ਰਫਤਾਰ ਕੀਤਾ ਹੈ, ਜੋ ਪਿਛਲੇ ਕੁਝ ਮਹੀਨਿਆਂ ਤੋਂ ਆਪਣੇ ਆਪ ਨੂੰ ਜੱਜ ਦੱਸਕੇ ਵੱਖ-ਵੱਖ ਕੰਮ ਕਰਵਾਉਣ ਬਦਲੇ ਭੋਲੇ- ਭਾਲੇ ਲੋਕਾਂ ਨਾਲ ਕਥਿਤ ਤੌਰ ’ਤੇ ਠੱਗੀਆਂ ਮਾਰ ਰਹੀ ਸੀ। ਪੁਲਿਸ ਨੇ ਮਹਿਲਾ ਸਮੇਤ ਦੋ ਪੁਰਸ਼ਾਂ ਨੂੰ ਕਾਬੂ ਕੀਤਾ ਹੈ ਜਿੰਨਾਂ ’ਚ ਉਸਦਾ ਪਤੀ ਵੀ ਸ਼ਾਮਿਲ ਹੈ।

ਪੁਲਿਸ ਅਨੁਸਾਰ ਜਸਵੀਰ ਕੌਰ ਨਾਂਅ ਦੀ ਮਹਿਲਾ ਆਪਣੇ ਆਪ ਨੂੰ ਸੂਰਤ (ਗੁਜਰਾਤ) ਦੀ ਜੱਜ ਕਹਿ ਕੇ ਲੋਕਾਂ ਨੂੰ ਉਨ੍ਹਾਂ ਦੇ ਕੰਮਕਾਜ਼ ਕਰਵਾਉਣ ਦਾ ਝਾਂਸਾ ਦੇ ਕੇ ਠੱਗੀਆਂ ਮਾਰ ਰਹੀ ਸੀ ਉਨ੍ਹਾਂ ਆਪਣੀ ਗੱਡੀ ’ਤੇ ਵੀ ਜ਼ਿਲ੍ਹਾ ਤੇ ਸੈਸ਼ਨ ਜੱਜ ਲਿਖਿਆ ਹੋਇਆ ਹੈ, ਉਹ ਬਰਾਮਦ ਹੋਈ ਹੈ ਇਸ ਤੋਂ ਇਲਾਵਾ ਜਾਅਲੀ ਸ਼ਨਾਖਤੀ ਕਾਰਡ ਵੀ ਮਿਲਿਆ ਹੈ।

ਮੁਲਜ਼ਮਾਂ ਨੂੰ ਅੱਜ ਬਠਿੰਡਾ ਵਿਖੇ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਗਿਆ ਹੈ ਨਥਾਣਾ ਪੁਲਿਸ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਦੀ ਪਹਿਚਾਣ ਜਸਵੀਰ ਕੌਰ ਪਤਨੀ ਕੁਲਵੀਰ ਸਿੰਘ, ਕੁਲਵੀਰ ਸਿੰਘ ਪੁੱਤਰ ਭੋਲਾ ਸਿੰਘ ਵਾਸੀਆਨ ਕਲਿਆਣ ਸੁੱਖਾ ਤੋਂ ਇਲਾਵਾ ਡਰਾਈਵਰ ਪ੍ਰਗਟ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਰਾਮਣਵਾਸ ਵਜੋਂ ਹੋਈ ਹੈ ਜਦੋਂ ਕਿ ਪੁਲਿਸ ਇਸ ਗਿਰੋਹ ਦੇ ਹੋਰ ਮੈਂਬਰਾਂ ਦੀ ਪਹਿਚਾਣ ਕਰਨ ਵਿੱਚ ਲੱਗੀ ਹੋਈ ਹੈ।

ਪੁਲਿਸ ਨੇ ਇਸ ਗਰੋਹ ਪਾਸੋਂ ਜਾਅਲੀ ਨੰਬਰ ਪਲੇਟ ਲੱਗੀ (ਬਰੇਜਾ) ਗੱਡੀ ਅਤੇ ਫਰਜੀ ਸਨਖਾਤੀ ਕਾਰਡ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ। ਪੁਲਿਸ ਨੇ ਉਪਰੋਕਤ ਤਿੰਨਾਂ ਮੁਲਜ਼ਮਾਂ ਤੋਂ ਇਲਾਵਾ ਕੁੱਝ ਅਣਪਛਾਤਿਆਂ ਖਿਲਾਫ ਖਿਲਾਫ ਧਾਰਾ 419,420,465,467,468,171,120ਬੀ ਤਹਿਤ ਮੁਕੱਦਮਾ ਦਰਜ਼ ਕਰਕੇ ਅਗਲੀ ਪੜਤਾਲ ਆਰੰਭ ਦਿੱਤੀ ਹੈ।ਇਸ ਗਿਰੋਹ ਨਾਲ ਜੁੜੀ ਇੱਕ ਦਿਲਚਸਪ ਗੱਲ ਇਹ ਹੈ ਕਿ ਇਸ ਪਰਿਵਾਰ ਵੱਲੋਂ ਕੁਝ ਮਹੀਨੇ ਪਹਿਲਾਂ ਆਪਣੇ ਘਰ ਵਿੱਚ ਇੱਕ ਧਾਰਮਿਕ ਸਮਾਗਮ ਕੀਤਾ ਗਿਆ ਸੀ, ਜਿਸ ਵਿੱਚ ਕਈ ਅਧਿਕਾਰੀਆਂ ਤੋਂ ਇਲਾਵਾ ਪੁਲਿਸ ਅਮਲਾ ਵੀ ਸ਼ਾਮਿਲ ਹੋਇਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ