ਵਿਦੇਸ਼ ਬੈਠੇ ਦੋ ਨੌਜਵਾਨ ਵੀ ਮਾਮਲੇ ’ਚ ਨਾਮਜਦ | Bathinda News
ਬਠਿੰਡਾ (ਸੁਖਜੀਤ ਮਾਨ)। Bathinda News : ਆਈਲੈਟਸ ਕਰਕੇ ਵਿਦੇਸ਼ ਗਏ ਇੱਕ ਨੌਜਵਾਨ ਤੇ ਉਸ ਦੇ ਸਾਥੀ ਵੱਲੋਂ ਘੜੀ ਸਾਜਿਸ਼ ਤਹਿਤ ਮੌੜ ਥਾਣੇ ਨਾਲ ਸਬੰਧਿਤ ਖੇਤਰ ਦੇ ਇੱਕ ਵਿਅਕਤੀ ਤੋਂ ਫਿਰੌਤੀ ਮੰਗਣ ਦੇ ਮਾਮਲੇ ’ਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਵਿਦੇਸ਼ ’ਚ ਰਹਿਣ ਵਾਲਿਆਂ ਦੀ ਗ੍ਰਿਫਤਾਰੀ ਲਈ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਜਾਣਕਾਰੀ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਐਸਐਸਪੀ ਬਠਿੰਡਾ ਦੀਪਕ ਪਾਰੀਕ ਨੇ ਦਿੱਤੀ।
ਉਹਨਾਂ ਦੱਸਿਆ ਕਿ ਮੌੜ ਥਾਣੇ ’ਚ ਪੈਂਦੇ ਖੇਤਰ ਦੇ ਇੱਕ ਵਿਅਕਤੀ ਨੂੰ ਇੱਕ ਅਣਪਛਾਤੇ ਨੰਬਰ ਤੋਂ ਕਾਲ ਆਈ ਤਾਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ 2 ਕਰੋੜ ਰੁਪਏ ਫਿਰੋਤੀ ਦੀ ਮੰਗ ਕੀਤੀ ਗਈ ਸੀ। ਇਸ ਸਬੰਧੀ ਮੁਦਈ ਨੇ ਥਾਣਾ ਮੌੜ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਤਹਿਤ ਮੁਕੱਦਮਾ ਨੰਬਰ 74, ਧਾਰਾ 386,506 ਤਹਿਤ ਥਾਣਾ ਮੌੜ ਵਿਖੇ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਪੜਤਾਲ ਲਈ ਅਜੈ ਗਾਂਧੀ ਐਸ.ਪੀ (ਡੀ) ਦੀ ਅਗਵਾਈ ਵਿੱਚ ਰਾਜੇਸ਼ ਸ਼ਰਮਾ ਡੀ.ਐੱਸ.ਪੀ.(ਡੀ) ਬਠਿੰਡਾ, ਰਾਹੁਲ ਭਾਰਦਵਾਜ ਡੀ.ਐੱਸ.ਪੀ. ਮੌੜ ਅਤੇ ਸੀ.ਆਈ.ਏ ਸਟਾਫ-2 ਬਠਿੰਡਾ ਦੀਆ ਟੀਮਾਂ ਦਾ ਗਠਨ ਕੀਤਾ ਗਿਆ। (Bathinda News)
ਤਿੰਨਾਂ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ | Bathinda News
ਟੀਮਾਂ ਨੇ ਵੱਖ-ਵੱਖ ਪਹਿਲੂਆਂ ਤੋਂ ਤਫਤੀਸ਼ ਕਰਦਿਆਂ ਇਸ ਮਾਮਲੇ ’ਚ ਮਨਿੰਦਰ ਸਿੰਘ ਉਰਫ ਅਮਨ ਪੁੱਤਰ ਕੁਲਦੀਪ ਸਿੰਘ ਵਾਸੀ ਮਹਿਰੋ ਮੱਲਪੁਰ ਥਾਣਾ ਰਾਹੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ, ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਕੋਟ ਰਾਂਝਾ ਥਾਣਾ ਰਾਹੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਜਸਕਰਨ ਸਿੰਘ ਉਰਫ ਲਿਖਾਰੀ ਪੁੱਤਰ ਗੁਰਨੇਕ ਸਿੰਘ ਵਾਸੀ ਬਹਿਬਲਪੁਰ ਜਿਲਾ ਹੁਸਿਆਰਪਰ ਨੂੰ ਨਾਮਜਦ ਕੀਤਾ ਗਿਆ ਸੀ। ਇਸ ਸਬੰਧੀ ਅੱਜ ਉਪਰੋਕਤ ਤਿੰਨਾਂ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ।
Also Read : ਸ਼ੇਅਰ ਬਾਜ਼ਾਰ ਦਾ ਨਵਾਂ ਰਿਕਾਰਡ, ਸੈਂਸੇਕਸ 80 ਹਜ਼ਾਰ ਦੇ ਪਾਰ
ਐਸਐਸਪੀ ਨੇ ਦੱਸਿਆ ਕਿ ਉਕਤ ਤਿੰਨਾਂ ਤੋਂ ਇਲਾਵਾ ਇਸ ਮਾਮਲੇ ਵਿੱਚ ਵਿਦੇਸ਼ ਰਹਿੰਦੇ ਦੋ ਨੌਜਵਾਨਾਂ ਯੁਵੀ ਯੁਵਰਾਜ ਮਲੇਰਕੋਟਲਾ, ਸਤਿੰਦਰ ਸ਼ਿੰਦੀ ਨਵਾਂ ਸ਼ਹਿਰ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਮੁਤਾਬਿਕ ਮੁਲਜ਼ਮਾਂ ਖਿਲਾਫ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ।