ਜਿੱਥੇ ਜਾਣ ’ਤੇ ਮਿਲੀ ਜਾਨੋਂ ਮਾਰਨ ਦੀ ਧਮਕੀ, ਸਿੰਗਲਾ ਨੇ ਕਿਹਾ ਜ਼ਰੂਰ ਜਾਵਾਂਗਾ

Sarup Chand Singla

ਭਾਜਪਾ ਨੇਤਾ ਸਰੂਪ ਸਿੰਗਲਾ ਨੂੰ ਜਾਨੋ ਮਾਰਨ ਦੀ ਧਮਕੀ

ਬਠਿੰਡਾ (ਸੁਖਜੀਤ ਮਾਨ)। ਸ੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਭਾਜਪਾ ’ਚ ਸ਼ਾਮਿਲ ਹੋਏ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ (Sarup Chand Singla) ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਸਿੰਗਲਾ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਪੰਜਾਬ ’ਚ ਅਮਨ-ਕਾਨੂੰਨ ਖਤਮ ਹੋ ਰਿਹਾ ਹੈ ਤੇ ਗੈਂਗਸਟਰਾਂ ਦੇ ਹੱਥ ਹੈ। ਉਨ੍ਹਾਂ 22 ਜਨਵਰੀ ਦੀ ਅੰਮ੍ਰਿਤਸਰ ਮੀਟਿੰਗ ’ਚ ਜਾਣ ’ਤੇ ਮਾਰਨ ਦੀ ਧਮਕੀ ਦੇ ਬਾਵਜ਼ੂਦ ਹਰ ਹਾਲ ਮੀਟਿੰਗ ’ਚ ਜਾਣ ਦਾ ਐਲਾਨ ਕੀਤਾ ਹੈ।

Sarup Chand Singla

ਸਿੰਗਲਾ (Sarup Chand Singla) ਨੇ ਕਿਹਾ ਕਿ ਉਹ ਆਪਣੀ ਪਾਰਟੀ ਦੀ ਜਿੰਮੇਵਾਰੀ ਨਿਭਾਉਂਦੇ ਹੋਏ ਕੋਈ ਪ੍ਰੋਗਰਾਮ ਕਰਦੇ ਹਨ ਤਾਂ ਉਸ ਕਾਰਨ ਧਮਕੀਆਂ ਭਰੇ ਫੋਨ ਆਉਂਦੇ ਹਨ ਕਿ ਇਹ ਪ੍ਰੋਗਰਾਮ ਕਿਉਂ ਕੀਤਾ, ਭਾਜਪਾ ’ਚ ਸ਼ਾਮਿਲ ਕਿਉਂ ਹੋਏ। ਉਨ੍ਹਾਂ ਕਿਹਾ ਕਿ ਇਸ ਧਮਕੀ ਬਾਰੇ ਉਨ੍ਹਾਂ ਸ਼ਿਕਾਇਤ ਕੀਤੀ ਸੀ। ਉਨ੍ਹਾਂ 15 ਜਨਵਰੀ ਨੂੰ ਫਿਰ ਪ੍ਰੋਗਰਾਮ ਕੀਤਾ ਤਾਂ ਫਿਰ ਧਮਕੀ ਆਈ ਅਤੇ ਕਿਹਾ ਕਿ ਤੁਸੀਂ ਅੰਮ੍ਰਿਤਸਰ ਮੀਟਿੰਗ ’ਚ ਜਾਣਾ ਹੈ ਤੇ ਉੱਥੇ ਜਾਣ ਦਾ ਅੰਜਾਮ ਤੁਹਾਨੂੰ ਭੁਗਤਣਾ ਪਵੇਗਾ।

ਉਨ੍ਹਾਂ (Sarup Chand Singla) ਕਿਹਾ ਕਿ ਅਜਿਹੀਆਂ ਧਮਕੀਆਂ ਆਉਣ ਦਾ ਨਤੀਜ਼ਾ ਹੈ ਕਿ ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਜੀਰੋ ਹੈ ਅਤੇ ਸਰਕਾਰ ਨਾਂਅ ਦੀ ਚੀਜ਼ ਖਤਮ ਹੋ ਚੁੱਕੀ ਹੈ। ਫੋਨ ਕਰਨ ਵਾਲੇ ਵੱਲੋਂ ਧਮਕੀਆਂ ਬਾਰੇ ਪੁੱਛੇ ਜਾਣ ’ਤੇ ਸਿੰਗਲਾ ਨੇ ਦੱਸਿਆ ਕਿ ਪਹਿਲੀ ਕਾਲ 29 ਦਸੰਬਰ ਨੂੰ ਆਈ ਸੀ ਤਾਂ ਉਦੋਂ ਕਿਹਾ ਸੀ ਕਿ ਤੁਸੀਂ ਭਾਜਪਾ ’ਚ ਸ਼ਾਮਿਲ ਹੋ ਗਏ, ਜੋ ਨਹੀਂ ਹੋਣਾ ਚਾਹੀਦਾ ਸੀ ਜਿਸਦਾ ਅੰਜਾਮ ਭੁਗਤਣਾ ਪਵੇਗਾ।

ਉਨ੍ਹਾਂ ਦੱਸਿਆ ਕਿ ਕੱਲ ਫਿਰ ਕਾਲ ਆਈ ਤਾਂ ਕਿਹਾ ਗਿਆ ਕਿ ‘ਤੁਸੀਂ 15 ਜਨਵਰੀ ਨੂੰ ਪ੍ਰੋਗਰਾਮ ਕੀਤਾ ਹੈ ਆਪਣੇ ਆਪ ਨੂੰ ਵੱਡੇ ਕਹਾਉਣ ਲੱਗੇ ਹੋ, 22 ਤਰੀਖ ਨੂੰ ਅੰਮ੍ਰਿਤਸਰ ਜਾਣਾ ਹੈ ਉਦੋਂ ਤੁਹਾਨੂੰ ਦੇਖਾਂਗੇ’। ਸਿੰਗਲਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਵਧ ਰਹੀ ਸ਼ਾਖ ਨੂੰ ਦੇਖਦਿਆਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਐਸਐਸਪੀ ਨੂੰ ਸ਼ਿਕਾਇਤ ਦੇ ਦਿੱਤੀ ਹੈ ਜਿੰਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਵਜੋਂ ਦੋ ਸੁਰੱਖਿਆ ਮੁਲਾਜ਼ਮ ਮੁਹੱਈਆ ਕਰਵਾ ਦਿੱਤੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ