ਵੱਡੀ ਗਿਣਤੀ ਸਾਬਕਾ ਫੌਜੀਆਂ ਨੇ ਮੋੜੇ ਆਪਣੇ ਸੈਨਾ ਮੈਡਲ
ਸੰਗਰੂਰ, (ਗੁਰਪ੍ਰੀਤ ਸਿੰਘ) ਕਦੇ ਦੇਸ਼ ਦੀ ਹੱਦ ‘ਤੇ ਦੁਸ਼ਮਣਾਂ ਨਾਲ ਆਢਾ ਲੈਣ ਵਾਲਾ ਫੌਜੀ ਅੱਜ ਆਪਣੀ ਹੀ ਸਰਕਾਰ ਵਿਰੁੱਧ ਵੀ ਡਟਿਆ ਹੋਇਆ ਹੈ ਪਹਿਲਾਂ ਜਵਾਨ ਦੇ ਰੂਪ ਵਿੱਚ ਦੇਸ਼ ਦੀ ਰਖਵਾਲੀ ਲਈ ਤੇ ਹੁਣ ਕਿਸਾਨ ਦੇ ਰੂਪ ਵਿੱਚ ਆਪਣੇ ਪਰਿਵਾਰ ਲਈ ਕੜਕਦੀ ਠੰਢ ਦੀ ਪ੍ਰਵਾਹ ਨਾ ਕਰਦਿਆਂ ਹੱਕਾਂ ਲਈ ਲੜ ਰਿਹਾ ਹੈ ਕਿਸਾਨੀ ਸੰਘਰਸ਼ ਲਈ ਦੇਸ਼ ਦੇ ਵੱਖ ਵੱਖ ਥਾਵਾਂ ਤੋਂ ਹਜ਼ਾਰਾਂ ਸਾਬਕਾ ਫੌਜੀ ਕੇਂਦਰ ਦੀ ਸਰਕਾਰ ਵਿਰੁੱਧ ਗੱਜ ਰਹੇ ਹਨ ਸ਼ੰਭੂ ਬਾਰਡਰ, ਟਿਕਰੀ ਬਾਰਡਰ, ਹਰਿਆਣਾ-ਯੂਪੀ ਬਾਰਡਰ ‘ਤੇ ਸਾਬਕਾ ਫੌਜੀਆਂ ਨੇ ਮੋਰਚਾ ਮਘਾਇਆ ਹੋਇਆ ਹੈ ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਸਾਬਕਾ ਫੌਜੀਆਂ ਨੇ ਕੇਂਦਰ ਸਰਕਾਰ ਦੀਆਂ ‘ਕਿਸਾਨ ਨੀਤੀਆਂ ਦੀ ਆਲੋਚਨਾ ਕਰਦਿਆਂ ਆਪਣੇ ਫੌਜੀ ਸਨਮਾਨ ਵਾਪਿਸ ਕਰਨ ਦਾ ਮਨ ਵੀ ਬਣਾਇਆ ਹੈ
ਦਿੱਲੀ-ਯੂਪੀ ਬਾਰਡਰ ‘ਤੇ ਮੌਜ਼ੂਦ ਰਾਜਸਥਾਨ ਦੇ ਜ਼ਿਲ੍ਹੇ ਪੀਲੀਭੀਤ ਦੇ ਕਿਸਾਨ ਦੇਸਾ ਸਿੰਘ ਆਪਣੇ ਪਰਿਵਾਰ ਸਮੇਤ ਸੰਘਰਸ਼ ਕਰ ਰਿਹਾ ਹੈ ਇੱਥੇ ਉਹ ਪਿਛਲੇ ਇੱਕ ਹਫ਼ਤੇ ਤੋਂ ਸੰਘਰਸ਼ ਕਰ ਰਿਹਾ ਹੈ ਦੇਸਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੇ 1965 ਦੀ ਭਾਰਤ ਪਾਕਿਸਤਾਨ ਦੀ ਲੜਾਈ ਵਿੱਚ ਲਗਾਤਾਰ ਕਈ ਸਾਲ ਤੱਕ ਦੁਸ਼ਮਣਾਂ ਨਾਲ ਟਾਕਰਾ ਕੀਤਾ ਉਸ ਨੇ ਦੱਸਿਆ ਕਿ ਉਹ ਫੌਜ ਵਿੱਚ ਹੈਵੀ ਮੋਰਟਾਰ ਰੈਜੀਮੈਂਟ ਵਿੱਚ ਗਨਰ ਸੀ, ਉਨ੍ਹਾਂ ਦੀ ਪਹਿਲਾਂ ਪੈਦਲ ਸੈਨਾ ਦੀ ਟੁਕੜੀ ਹੁੰਦੀ ਸੀ ਅਤੇ ਉਨ੍ਹਾਂ ਦਾ ਕੰਮ ਦੁਸ਼ਮਣਾਂ ‘ਤੇ ਗੋਲ਼ੇ ਵਰ੍ਹਾਉਣ ਦਾ ਹੁੰਦਾ ਸੀ ਅਤੇ ਉਹ ਜੰਮੂ ਕਸ਼ਮੀਰ ਦੇ ਰਾਜੌਰੀ ਖ਼ੇਤਰ ਵਿੱਚ ਪੋਸਟਿਡ ਸੀ ਉਸ ਨੇ ਦੱਸਿਆ ਕਿ ਕਈ ਸਾਲ ਉਸ ਨੇ ਭਾਰਤ ਪਾਕਿਤਸਾਨ ਦੇ ਇਸ ਕਸਾਅ ਭਰੇ ਮਾਹੌਲ ਨੂੰ ਆਪਣੇ ਪਿੰਡੇ ਤੇ ਹੰਢਾਇਆ ਜਿਸ ਕਾਰਨ ਕੇਂਦਰ ਸਰਕਾਰ ਵੱਲੋਂ ਰੱਖਿਆ ਮੈਡਲ ਤੇ ਇੱਕ ਹੋਰ ਐਵਾਰਡ ਵਿਸ਼ੇਸ਼ ਤੌਰ ‘ਤੇ ਦਿੱਤਾ
ਦੇਸਾ ਸਿੰਘ ਦੱਸਦਾ ਹੈ ਕਿ ਉਮਰ ਦੇ ਅੰਤਲੇ ਪੜਾਅ ‘ਤੇ ਆ ਕੇ ਉਸ ਨੂੰ ਆਪਣੀ ਹੀ ਸਰਕਾਰ ਦੇ ਵਿਰੁੱਧ ਸੰਘਰਸ਼ ਵਿੱਚ ਕੁੱਦਣਾ ਪੈ ਰਿਹਾ ਹੈ ਉਸ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਜਿਹੜੇ ਤਿੰਨ ਬਿਲਾਂ ਨੂੰ ਕਾਨੂੰਨਾਂ ਦਾ ਰੂਪ ਦਿੱਤਾ ਹੈ, ਉਹ ਕਿਸਾਨਾਂ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹਨ ਉਸ ਨੇ ਕਿਹਾ ਕਿ ਕੁਝ ਲੋਕਾਂ ਨੂੰ ਸੰਘਰਸ਼ ਨੂੰ ਅੱਤਵਾਦੀ ਸੰਗਠਨਾਂ ਦੇ ਪ੍ਰਭਾਵ ਹੇਠ ਦੱਸਿਆ ਜਾ ਰਿਹਾ ਹੈ ਉਸ ਨੇ ਕਿਹਾ ਇਸ ਸੰਘਰਸ਼ ਵਿੱਚ ਦੇਸ਼ ਦੇ ਹਜ਼ਾਰਾਂ ਸਾਬਕਾ ਫੌਜੀ ਨਿੱਤਰੇ ਹੋਏ ਹਨ,
ਜਿਨ੍ਹਾਂ ਨੂੰ ਤੁਸੀਂ ਕੀ ਕਹੋਂਗੇ ਦੇਸਾ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਇਸ ਨੀਤੀ ਵਿਰੁੱਧ ਆਪਣੇ ਦੋਵੇਂ ਸੈਨਾ ਮੈਡਲ ਵਾਪਿਸ ਕਰਨ ਦਾ ਐਲਾਨ ਕੀਤਾ ਹੈ ਧਰਨੇ ਵਿੱਚ ਮੌਜ਼ੂਦ ਪੰਜਾਬ ਦੇ ਇੱਕ ਹੋਰ ਫੌਜੀ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੁੱਖ ਹੋ ਰਿਹਾ ਹੈ ਕਿ ਉਹ ਅੱਜ ਆਪਣੀ ਹੀ ਸਰਕਾਰ ਵਿਰੁੱਧ ਸੰਘਰਸ਼ ਵਿੱਚ ਨਿੱਤਰੇ ਹੋਏ ਹਨ ਉਨ੍ਹਾਂ ਕਿਹਾ ਕਿ ਪਰ ਅਸੀਂ ਇਨ੍ਹਾਂ ਕਾਨੂੰਨਾਂ ਦੇ ਖਿਲਾਫ਼ ਮੋਰਚੇ ਲਾ ਕੇ ਰਖਾਂਗੇ ਅਤੇ ਸਰਕਾਰ ਦੇ ਲੋਕਤੰਤਰੀ ਤਰੀਕੇ ਨਾਲ ਪੂਰਾ ਵਿਰੋਧ ਕਰਾਂਗੇ
ਦੇਸ਼ ਦੇ ਰਾਖਿਆਂ ਦਾ ਅੰਦੋਲਨ ਵਿੱਚ ਕੁੱਦਣ ਨੂੰ ਗੰਭੀਰਤਾ ਨਾਲ ਲਵੇ ਸਰਕਾਰ : ਕਾਲਾਝਾੜ
ਇਸ ਸਬੰਧੀ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਦਿੱਲੀ ਵਿੱਚ ਮੌਜ਼ੂਦ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਸੀਨੀਅਰ ਆਗੂ ਰਮਨ ਕਾਲਾਝਾੜ ਨੇ ਕਿਹਾ ਕਿ ਦੇਸ਼ ਦੇ ਰਾਖ਼ੇ ਰਹੇ ਸਾਬਕਾ ਫੌਜੀ ਵੱਡੀ ਗਿਣਤੀ ਵਿੱਚ ਕਿਸਾਨੀ ਅੰਦੋਲਨ ਵਿੱਚ ਜੁਟੇ ਹੋਏ ਹਨ ਉਨ੍ਹਾਂ ਕਿਹਾ ਕਿ ਕੁਝ ਮੀਡੀਆ ਚੈਨਲਾਂ ਦੀ ਬਹੁਤ ਹੀ ਮਾੜੀ ਸੋਚ ਕਾਰਨ ਇਸ ਅੰਦੋਲਨ ਨੂੰ ਅੱਤਵਾਦੀ ਸੰਗਠਨਾਂ ਨਾਲ ਜੋੜਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਹੁਣ ਸਰਕਾਰ ਤੇ ਮੀਡੀਏ ਦਾ ਇੱਕ ਹਿੱਸਾ ਇਹ ਸੋਚੇ ਜਿਹੜੇ ਸਾਬਕਾ ਫੌਜੀਆਂ ਨੇ ਦੇਸ਼ ਦੀ ਸੇਵਾ ਕੀਤੀ ਹੈ, ਉਹ ਆਪਣੇ ਹੱਕਾਂ ਲਈ ਲੋਕਤੰਤਰੀ ਤਰੀਕੇ ਨਾਲ ਸੰਘਰਸ਼ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.