ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਪੰਜਾਬ ਦੀ ਖੇਡ ਨੀਤੀ ਨੂੰ ਦੱਸਿਆ ਬਾਕੀ ਸੂਬਿਆਂ ਤੋਂ ਚੰਗਾ
ਨਵੀਂ ਖੇਡ ਨੀਤੀ ਦੇ ਟੋਕੀਓ ਓਲੰਪਿਕ-2020 ਵਿੱਚ ਸਾਰਥਿਕ ਨਤੀਜੇ ਸਾਹਮਣੇ ਆਉਣਗੇ: ਰਾਣਾ ਸੋਢੀ
ਨਵੰਬਰ ਮਹੀਨੇ ‘ਚ ਮਹਾਰਾਜਾ ਰਣਜੀਤ ਸਿੰਘ ਐਵਾਰਡਾਂ ਦੀ ਵੀ ਹੋਵੇਗੀ ਵੰਡ
ਸੱਚ ਕਹੂੰ ਨਿਊਜ਼, ਚੰਡੀਗੜ੍ਹ
ਪੰਜਾਬ ਦੀ ਖੇਡ ਨੀਤੀ ਵਿੱਚ ਭਾਵੇਂ ਨਗਦ ਇਨਾਮ ਘੱਟ ਹੋਵੇ ਪਰ ਇਸ ਖੇਡ ਨੀਤੀ ਰਾਹੀਂ ਪੰਜਾਬ ਨਵੇਂ ਖਿਡਾਰੀ ਨਾ ਸਿਰਫ਼ ਪੈਦਾ ਕਰੇਗਾ, ਸਗੋਂ ਖਿਡਾਰੀਆਂ ਨੂੰ ਇਸ ਪੱਧਰ ਤੱਕ ਤਿਆਰ ਕਰੇਗਾ, ਜਿਹੜੇ ਕਿ ਆਉਣ ਵਾਲੇ 2 ਸਾਲਾਂ ਵਿੱਚ ਪੰਜਾਬ ਨੂੰ ਹਰ ਖੇਡ ਵਿੱਚੋਂ ਤਗਮਾ ਲੈ ਕੇ ਦੇਣਗੇ। ਇਹ ਪ੍ਰਗਟਾਵਾ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।
ਰਾਣਾ ਸੋਢੀ ਨੇ ਕਿਹਾ ਕਿ ਨਵੀਂ ਖੇਡ ਨੀਤੀ ਵਿੱਚ ਜਿੱਥੇ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿੱਚ ਤਮਗਾ ਜੇਤੂ ਖਿਡਾਰੀਆਂ, ਮਹਾਰਾਜਾ ਰਣਜੀਤ ਸਿੰਘ ਐਵਾਰਡ ਦੀ ਇਨਾਮ ਰਾਸ਼ੀ, ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਵਿੱਚ ਵਾਧਾ ਕੀਤਾ ਹੈ ਉਥੇ ਖਿਡਾਰੀਆਂ ਨੂੰ ਤਮਗਾ ਜਿੱਤਣ ਦੇ ਕਾਬਿਲ ਬਣਾਉਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਪੈਰਾ ਸਪੋਰਟਸ ਖੇਡਾਂ ਦੇ ਜੇਤੂਆਂ ਦੀ ਇਨਾਮ ਰਾਸ਼ੀ ਵਿੱਚ ਵੀ ਬਰਾਬਰ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਏਸ਼ਿਆਈ ਤੇ ਰਾਸ਼ਟਰਮੰਡਲ/ਪੈਰਾ ਸਪੋਰਟਸ ਦੇ ਤਮਗਾ ਜੇਤੂਆਂ ਨੂੰ ਦਿੱਤੀ ਜਾਣ ਵਾਲੀ ਨਗਦ ਰਾਸ਼ੀ ਵਿੱਚ ਤਿੰਨ ਗੁਣਾ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਖੇਡ ਮੰਤਰੀ ਨੇ ਇਹ ਵੀ ਕਿਹਾ ਕਿ ਪਿਛਲੇ ਛੇ ਸਾਲਾਂ ਤੋਂ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਦੇ ਤਮਗਾ ਜੇਤੂ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਨਗਦ ਇਨਾਮ ਅਤੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਬਕਾਇਆ ਪਏ ਹਨ ਜਿਨ੍ਹਾਂ ਨੂੰ ਹੁਣ ਸਾਡੀ ਸਰਕਾਰ ਵੱਲੋਂ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵੰਬਰ ਮਹੀਨੇ 814 ਖਿਡਾਰੀਆਂ ਨੂੰ ਨਗਦ ਪੁਰਸਕਾਰ ਦਿੱਤੇ ਜਾਣਗੇ ਅਤੇ ਮਹਾਰਾਜਾ ਰਣਜੀਤ ਸਿੰਘ ਐਵਾਰਡਾਂ ਦੀ ਵੀ ਵੰਡ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਐਵਾਰਡ ਲਈ ਇਨਾਮ ਰਾਸ਼ੀ ਵਿੱਚ ਵੀ ਵਾਧਾ ਕਰਦਿਆਂ ਪੰਜ ਲੱਖ ਰੁਪਏ ਕਰ ਦਿੱਤਾ ਗਿਆ ਹੈ। ਕੌਮੀ ਖੇਡ ਐਵਾਰਡਾਂ ਦੀ ਤਰਜ਼ ‘ਤੇ ਹਰ ਸਾਲ 20 ਖਿਡਾਰੀਆਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਿਯਮਤ ਤੌਰ ‘ਤੇ ਦਿੱਤੇ ਜਾਣਗੇ। ਇੱਕ ਸਾਲ ਵਿੱਚ 20 ਖਿਡਾਰੀਆਂ ਤੋਂ ਇਲਾਵਾ ਪਦਮ, ਅਰਜੁਨ ਐਵਾਰਡ ਅਤੇ ਰਾਜੀਵ ਗਾਂਧੀ ਖੇਲ ਰਤਨ ਹਾਸਲ ਕਰਨ ਵਾਲੇ ਸਾਰੇ ਪੰਜਾਬੀਆਂ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਐਵਾਰਡ ਮਿਲੇਗਾ। ਐਵਾਰਡ ਜੇਤੂਆਂ ਦਾ ਇੱਕ ਲੱਖ ਰੁਪਏ ਦਾ ਸਿਹਤ ਜੀਵਨ ਬੀਮਾ ਵੀ ਮੁਫਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਸਿਖਲਾਈ ਉਪਰ ਵੀ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਮਗਾ ਜੇਤੂ ਖਿਡਾਰੀਆਂ ਨੂੰ ਸਿੱਧੇ ਨੌਕਰੀ ‘ਤੇ ਭਰਤੀ ਕਰਨਾ ਵੀ ਖੇਡ ਨੀਤੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ 25 ਸਾਲ ਤੋਂ ਘੱਟ ਉਮਰ ਦਾ ਖਿਡਾਰੀ ਜੋ ਤਮਗਾ ਜਿੱਤਦਾ ਹੈ, ਜੇਕਰ ਉਸ ਲਈ ਨੌਕਰੀ ਦੀ ਕੋਈ ਪੋਸਟ ਨਹੀਂ ਵੀ ਖਾਲੀ ਤਾਂ ਵੀ ਉਸ ਨੂੰ ਸਿੱਧਾ ਖੇਡ ਵਿਭਾਗ ਵੱਲੋਂ ਯਕਮੁਸ਼ਤ ਤਨਖਾਹ ਉੱਪਰ ਰੱਖਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।