ਮੁੱਖ ਮੰਤਰੀਆਂ ਨੂੰ ਹਰਾਉਣ ਵਾਲਿਆਂ ਦੇ ਹਿੱਸੇ ਵੀ ਨਹੀਂ ਆਈਆਂ ਵਜ਼ੀਰੀਆਂ

aman arora

ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਚੰਨੀ ਨੂੰ ਵੱਡੇ ਫਰਕ ਨਾਲ ਹਰਾਇਆ

  •  ਪਹਿਲੀ ਵਾਰ ਹਾਰੇ ਰਾਜਨੀਤੀ ਦੇ ਵੱਡੇ ਥੰਮ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਦੇ ਦਿੱਗਜ ਤਿੰਨ ਸਾਬਕਾ ਮੁੱਖ ਮੰਤਰੀਆਂ ਨੂੰ ਹਰਾਉਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਭਗਵੰਤ ਮਾਨ ਦੀ ਪਹਿਲੀ ਕੈਬਨਿਟ (Cabinet Ministers) ਸੂਚੀ ਵਿੱਚ ਕੋਈ ਥਾਂ ਨਹੀਂ ਮਿਲੀ। ਇੱਥੋਂ ਤੱਕ ਕਿ ਪੰਜਾਬ ਅੰਦਰ ਸਭ ਤੋਂ ਵੱਧ ਲੀਡ ਨਾਲ ਜਿੱਤਣ ਵਾਲੇ ਸੁਨਾਮ ਦੇ ਵਿਧਾਇਕ ਨੂੰ ਵੀ ਕੈਬਨਿਟ ਮੰਤਰੀ ਨਹੀਂ ਬਣਾਇਆ ਗਿਆ। ਦੱਸਣਯੋਗ ਹੈ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਹੈਰਾਨੀ ਜਨਕ ਨਤੀਜ਼ੇ ਦੇਖੇ ਗਏ ਜਦੋਂ ਕਈ ਦਹਾਕਿਆਂ ਤੋਂ ਪੰਜਾਬ ਦੀ ਰਾਜਨੀਤੀ ਵਿੱਚ ਰਾਜ ਕਰ ਰਹੇ ਵੱਡੇ ਥੰਮਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਹੱਥੋਂ ਹਾਰ ਸਹਿਣੀ ਪਈ ਹੋਵੇ। ਵੱਡੇ ਥੰਮਾਂ ਨੂੰ ਰਾਜਨੀਤੀ ’ਚੋਂ ਆਊਟ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਇਹ ਵਿਧਾਇਕ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਮੰਤਰੀ ਮੰਡਲ ਦੀ ਸੂਚੀ ਵਿੱਚ ਥਾਂ ਨਹੀਂ ਬਣਾ ਸਕੇ।

ਅਕਾਲੀ ਦਲ ਦੇ ਸਭ ਤੋਂ ਵੱਡੇ ਥੰਮ ਅਤੇ ਰਾਜਨੀਤੀ ਦੇ ਬਾਬਾ ਬੋਹੜ ਅਤੇ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆ ਵੀ ਮੰਤਰੀ ਮੰਡਲ ਵਿੱਚ ਨਹੀਂ ਪੁੱਜ ਸਕੇ। ਖੁੱਡੀਆਂ ਨੇ ਬਾਦਲ ਨੂੰ 11396 ਵੋਟਾਂ ਨਾਲ ਹਰਾਇਆ ਹੈ। ਇਸੇ ਤਰ੍ਹਾਂ ਹੀ ਦੋ ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੀ ਲਗਾਤਾਰ ਜਿੱਤ ’ਤੇ ਬਰੇਕ ਲਗਾਉਣ ਵਾਲੇ ਅਜੀਤਪਾਲ ਸਿੰਘ ਕੋਹਲੀ ਵੀ ਮੰਤਰੀ ਮੰਡਲ ’ਚੋਂ ਖੁੱਝ ਗਏ ਹਨ। ਕੋਹਲੀ ਨੇ ਅਮਰਿੰਦਰ ਸਿੰਘ ਨੂੰ 19873 ਵੋਟਾਂ ਨਾਲ ਚਿੱਤ ਕੀਤਾ ਹੈ। ਉਂਜ ਕੋਹਲੀ ਅਕਾਲੀ ਦਲ ਛੱਡ ਕੇ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਆਪ ਵਿੱਚ ਸ਼ਾਮਲ ਹੋਏ ਸਨ।

ਲਾਭ ਸਿੰਘ ਉੱਗੋਕੇ ਨੇ ਚਰਨਜੀਤ ਸਿੰਘ ਚੰਨੀ ਨੂੰ 37558 ਵੋਟਾਂ ਦੇ ਫਰਕ ਨਾਲ ਹਰਾਇਆ ਸੀ

ਇਸੇ ਤਰ੍ਹਾਂ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦੋਵਾਂ ਸੀਟਾਂ ’ਤੇ ਹਰਾਉਣ ਵਾਲੇ ਆਪ ਦੇ ਕਿਸੇ ਵਿਧਾਇਕ ਹਿੱਸੇ ਕੈਬਨਿਟ ਮੰਤਰੀ ਦਾ ਅਹੁਦਾ ਨਹੀਂ ਆਇਆ। ਹਲਕਾ ਭਦੌੜ ਤੋਂ ਬੇਹੱਦ ਗਰੀਬ ਪਰਿਵਾਰ ਦੇ ਲਾਭ ਸਿੰਘ ਉੱਗੋਕੇ ਜਿਸ ਵੱਲੋਂ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 37558 ਵੋਟਾਂ ਦੇ ਫਰਕ ਨਾਲ ਹਰਾਇਆ ਹੈ, ਉਹ ਵੀ ਕੈਬਨਿਟ ਤੱਕ ਨਹੀਂ ਪੁੱਜ ਸਕੇ। ਹਲਕਾ ਚਮਕੌਰ ਸਾਹਿਬ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 7942 ਵੋਟਾਂ ਦੇ ਫਰਕ ਨਾਲ ਹਰਾਉਣ ਵਾਲੇ ਆਪ ਦੇ ਵਿਧਾਇਕ ਡਾ. ਚਰਨਜੀਤ ਸਿੰਘ ਨੂੰ ਵੀ ਮੰਤਰੀ ਮੰਡਲ ਚੋਂ ਵਿਸਾਰ ਦਿੱਤਾ ਗਿਆ ਹੈ। ਦੂਜੀ ਵਾਰ ਬਣੇ ਵਿਧਾਇਕ ਸਰਬਜੀਤ ਕੌਰ ਮਾਣੂਕੇ ਅਤੇ ਤਲਵੰਡੀ ਸਾਬੋਂ ਤੋਂ ਵਿਧਾਇਕ ਪ੍ਰੋ: ਬਲਜਿੰਦਰ ਕੌਰ ਨੂੰ ਵੀ ਮੰਤਰੀ ਮੰਡਲ ਵਿੱਚ ਨਹੀਂ ਲਿਆ ਗਿਆ।

ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਵਾਲੇ ਅਮਨ ਅਰੋੜਾ ਵੀ ਖੁੰਝੇ

ਇੱਧਰ ਪੰਜਾਬ ’ਚ ਸਭ ਤੋਂ ਵੱਡੀ ਲੀਡ ਨਾਲ ਜਿੱਤਣ ਵਾਲੇ ਸੁਨਾਮ ਦੇ ਵਿਧਾਇਕ ਅਮਨ ਅਰੋੜਾ ਨੂੰ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਅਮਨ ਅਰੋੜਾ ਵੱਲੋਂ ਸਭ ਤੋਂ ਵੱਧ 75277 ਵੋਟਾਂ ਨਾਲ ਕਾਂਗਰਸ ਦੇ ਉਮੀਦਵਾਰ ਜਸਵਿੰਦਰ ਧੀਮਾਨ ਨੂੰ ਹਰਾਇਆ ਗਿਆ ਹੈ। ਉਂਜ ਸ਼ੋਸਲ ਮੀਡੀਆ ’ਤੇ ਵਾਇਰਲ ਹੋ ਰਿਹਾ ਸੀ ਕਿ ਅਮਨ ਅਰੋੜਾ ਕੈਬਨਿਟ ਮੰਤਰੀ ਬਣਨਗੇ ਅਤੇ ਉਨ੍ਹਾਂ ਨੂੰ ਖਜ਼ਾਨਾ ਮੰਤਰੀ ਬਣਾਇਆ ਜਾ ਸਕਦਾ। ਅਮਨ ਅਰੋੜਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਥਾਂ ਮਿਲਣ ਦਾ ਕੋਈ ਮਲਾਲ ਨਹੀਂ। ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਨੁੰਮਾਇਦੇ ਬਣ ਕੇ ਲੋਕ ਸੇਵਾ ਕਰਦੇ ਰਹਿਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ