Punjab School Education: ਪੰਜਾਬ ’ਚ ‘ਸਿੱਖਿਆ ਕ੍ਰਾਂਤੀ ਮੁਹਿੰਮ’ ਨੂੰ ਮੂੰਹ ਚਿੜਾਉਂਦਾ ਆਪਣੀ ਹਾਲਤ ’ਤੇ ਹੰਝੂ ਵਹਾ ਰਿਹੈ ਇਹ ਸਕੂਲ, ਬੱਚੇ ਮੰਦਰ ’ਚ ਪੜ੍ਹਨ ਲਈ ਮਜ਼ਬੂਰ

Punjab School Education
Punjab School Education: ਪੰਜਾਬ ’ਚ ‘ਸਿੱਖਿਆ ਕ੍ਰਾਂਤੀ ਮੁਹਿੰਮ’ ਨੂੰ ਮੂੰਹ ਚਿੜਾਉਂਦਾ ਆਪਣੀ ਹਾਲਤ ’ਤੇ ਹੰਝੂ ਵਹਾ ਰਿਹੈ ਇਹ ਸਕੂਲ, ਬੱਚੇ ਮੰਦਰ ’ਚ ਪੜ੍ਹਨ ਲਈ ਮਜ਼ਬੂਰ

Punjab School Education: ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਡੇਰਾ ਬਾਜੀਗਰ ਘੱਗਾ ਦੀ ਬਿਲਡਿੰਗ ਦੀ ਹਾਲਤ ਹੋਈ ਖਸਤਾ

  • ਹਰ ਰੋਜ਼ ਡਿੱਗ ਰਹੇ ਨੇ ਲੈਂਟਰ ਦੇ ਟੁਕੜੇ, ਸਰੀਏ ਤੱਕ ਦਿਸਣ ਲੱਗੇ
  • ਬੱਚਿਆਂ ਤੇ ਸਟਾਫ ਦੀ ਸੁਰੱਖਿਆ ’ਤੇ ਬਣਿਆ ਹੋਇਆ ਹੈ ਖਤਰਾ

Punjab School Education: ਘੱਗਾ (ਮਨੋਜ ਗੋਇਲ)। ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਦਸਾ ਸੁਧਾਰਨ ਦੇ ਵੱਡੇ-ਵੱਡੇ ਦਮਗਜੇ ਮਾਰ ਰਹੀ ਹੈ, ਉਥੇ ਹੀ ਸਰਕਾਰੀ ਐਲੀਮੈਂਟਰੀ ਸਮਰਾਟ ਸਕੂਲ ਡੇਰਾ ਬਾਜੀਗਰ ਘੱਗਾ ਦੀ ਬਿਲਡਿੰਗ ਬਹੁਤ ਹੀ ਖਸਤਾ ਹਾਲਤ ਦਾ ਸ਼ਿਕਾਰ ਹੈ ਜੋ ਕਦੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਇਸ ਖਸਤਾ ਹਾਲਤ ਨੂੰ ਦੇਖਦਿਆਂ ਸਕੂਲ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਮੰਦਿਰ ’ਚ ਪੜ੍ਹਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਹੁਣ ਹਰ ਰੋਜ਼ ਬੱਚੇ ਮੰਦਿਰ ’ਚ ਹੀ ਕਲਾਸਾਂ ਲਗਾਉਂਦੇ ਹਨ।

ਜਾਣਕਾਰੀ ਅਨੁਸਾਰ ਇਸ ਸਕੂਲ ’ਚ ਲਗਭਗ 170 ਬੱਚੇ ਪਹਿਲੀ ਤੋਂ ਪੰਜਵੀਂ ਕਲਾਸ ਤੱਕ ਪੜ੍ਹਦੇ ਹਨ, ਪਰ ਬਿਲਡਿੰਗ ਦੀ ਜਰਜਰ ਹਾਲਤ ਕਾਰਨ ਕਲਾਸਾਂ ਨੂੰ ਮਜ਼ਬੂਰਨ ਇੱਕ ਮੰਦਰ ਵਿੱਚ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਐੱਸਸੀ ਸੈੱਲ ਦੇ ਆਗੂ ਮਲਕੀਤ ਸਿੰਘ ਘੱਗਾ ਤੇ ਜੁਗਰਾਜ ਸਿੰਘ ਨੇ ਦੱਸਿਆ ਕਿ ਸਕੂਲ ਦੀ ਇਹ ਬਿਲਡਿੰਗ ਤਕਰੀਬਨ 40 ਸਾਲ ਪੁਰਾਣੀ ਹੈ। ਲੈਂਟਰ ਦੇ ਟੁਕੜੇ ਨਿੱਤ ਥੱਲੇ ਡਿੱਗ ਰਹੇ ਹਨ ਅਤੇ ਸਰੀਏ ਨੰਗੇ ਹੋ ਚੁੱਕੇ ਹਨ, ਜਿਸ ਕਾਰਨ ਬੱਚਿਆਂ ਅਤੇ ਸਟਾਫ ਦੀ ਸੁਰੱਖਿਆ ’ਤੇ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰਦੀ ਹੈ, ਪਰ ਦੂਜੇ ਪਾਸੇ ਇਸ ਸਕੂਲ ਦੀ ਛੱਤ ਕਦੇ ਵੀ ਡਿੱਗ ਸਕਦੀ ਹੈ ਜਿਸ ’ਤੇ ਸਰਕਾਰ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ।

Punjab School Education

ਇਸ ਸਬੰਧੀ ਉਕਤ ਸਕੂਲ ਦੇ ਅਧਿਆਪਕਾਂ ਵੱਲੋਂ ਕਈ ਵਾਰੀ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ, ਪਰ ਫਿਰ ਵੀ ਉਨ੍ਹਾਂ ਦੀਆਂ ਮੰਗਾਂ ਨੂੰ ਬੂਰ ਨਹੀਂ ਪਿਆ। ਇਸ ਤੋਂ ਇਲਾਵਾ ਪਿੰਡ ਵਾਸੀਆਂ ਵੱਲੋਂ ਸਮੇਂ-ਸਮੇਂ ’ਤੇ ਪਿੰਡ ’ਚ ਆਉਂਦੇ ਲੀਡਰਾਂ ਨੂੰ ਇਸ ਸਬੰਧੀ ਜਾਣੂੰ ਕਰਵਾਇਆ ਜਾ ਚੁੱਕਾ ਹੈ, ਪਰ ਕੋਈ ਵੀ ਗੱਲ ਤਣ-ਪੱਤਣ ਨਹੀਂ ਲੱਗ ਰਹੀ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਜਲਦ ਉਨ੍ਹਾਂ ਦੇ ਪਿੰਡ ਦੀ ਇਹ ਮੁੱਖ ਮੰਗ ਪੂਰੀ ਨਾ ਹੋਈ ਤਾਂ ਉਨ੍ਹਾਂ ਨੂੰ ਮਜ਼ਬੂਰਨ ਸੰਘਰਸ਼ ਦਾ ਰਾਹ ਅਪਣਾਉਣਾ ਪਵੇਗਾ। ਇਸ ਮੌਕੇ ਹਰਮੇਸ਼ ਸਿੰਘ, ਕੁਲਦੀਪ ਸਿੰਘ, ਰਾਮ ਚੰਦ, ਜਸਵੰਤ ਸਿੰਘ, ਜਗਸੀਰ ਸਿੰਘ ਆਦਿ ਵੀ ਹਾਜ਼ਰ ਸਨ।

Read Also : ਕੀ ਨਗਰ ਨਿਗਮ ਦਫਤਰ ਤੇੇ ਸੀਸ ਮਹਿਲ ਦੇ ਨੇੜੇ ਬਣ ਰਿਹੈ ਇੱਕ ਵੱਖਰਾ ਕੂੜਾ ਡੰਪ?, ਕਿਉਂ ਨਹੀਂ ਹੋ ਰਹੀ ਗੌਰ

ਇਸ ਮਾਮਲੇ ਸਬੰਧੀ ਜਦੋਂ ਡੀਈਓ ਐਲੀਮੈਂਟਰੀ ਮੈਡਮ ਸ਼ਾਲੂ ਮਹਿਰਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਤੇ ਜਲਦ ਹੀ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਉਕਤ ਪਿੰਡ ਕੋਲ ਜ਼ਮੀਨ ਬਹੁਤ ਘੱਟ ਹੈ ਜਿਸ ਕਾਰਨ ਨਿਰਮਾਣ ਕਾਰਜਾਂ ’ਚ ਦੇਰੀ ਹੋ ਰਹੀ ਹੈ ਉਹਨਾਂ ਕਿਹਾ ਕਿ ਉਹ ਇਸ ਸਕੂਲ ਨੂੰ ਆਰਜੀ ਤੌਰ ’ਤੇ ਸਿਫਟ ਕਰਨ ਦੀ ਵੀ ਸੋਚ ਰਹੇ ਹਨ ਤਾਂ ਜੋ ਬੱਚਿਆਂ ਨੂੰ ਠੰਢ ਤੋਂ ਬਚਾਇਆ ਜਾ ਸਕੇ ਤੇ ਉਹ ਇਸ ਮਸਲੇ ’ਤੇ ਲਗਾਤਾਰ ਲੱਗੇ ਹੋਏ ਹਨ

ਡੀਈਓ ਦਫਤਰ ਤੱਕ ਕੀਤੀ ਪਹੁੰਚ, ਨਹੀਂ ਹੋਇਆ ਮਸਲਾ ਹੱਲ : ਅਧਿਆਪਕ

ਅਧਿਆਪਕਾਂ ਵੱਲੋਂ ਇਸ ਮਾਮਲੇ ਦੀ ਸੂਚਨਾ ਡੀਈਓ ਦਫਤਰ ਤੱਕ ਕਈ ਵਾਰੀ ਪਹੁੰਚਾਈ ਜਾ ਚੁੱਕੀ ਹੈ, ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਲਾਕਾ ਨਿਵਾਸੀਆਂ ਅਤੇ ਸਥਾਨਕ ਨੇਤਾਵਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਦੀ ਬਿਲਡਿੰਗ ਦੀ ਤੁਰੰਤ ਮੁਰੰਮਤ ਜਾਂ ਨਵੀਂ ਇਮਾਰਤ ਦੀ ਮਨਜ਼ੂਰੀ ਦਿੱਤੀ ਜਾਵੇ।