10 ਮਈ ਨੂੰ ਇੱਕੋ ਗੇੜ ’ਚ ਵੋਟਿੰਗ, 13 ਮਈ ਨੂੰ ਆਉਣਗੇ ਨਤੀਜੇ
ਨਵੀਂ ਦਿੱਲੀ (ਏਜੰਸੀ)। ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਕਰਨਾਟਕ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 2023 ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਕਰਨਾਟਕ ਵਿਧਾਨ ਸਭਾ ਚੋਣਾਂ ਲਈ 10 ਮਈ ਨੂੰ ਵੋਟਿੰਗ ਹੋਵੇਗੀ ਅਤੇ ਨਤੀਜੇ 13 ਮਈ ਨੂੰ ਆਉਣਗੇ। ਕਰਨਾਟਕ ਵਿੱਚ ਸਿਰਫ਼ ਇੱਕੋ ਗੇੜ ਵਿੱਚ ਹੀ ਚੋਣਾਂ ਹੋਣਗੀਆਂ। ਕਰਨਾਟਕ ਵਿਧਾਨ ਸਭਾ ਦਾ ਕਾਰਜਕਾਲ 25 ਮਈ ਨੂੰ ਖਤਮ ਹੋ ਰਿਹਾ ਹੈ।
ਕਰਨਾਟਕ ਵਿੱਚ ਉਮੀਦਵਾਰਾਂ ਦੀ ਨਾਮਜ਼ਦਗੀ ਦੀ ਮਿਤੀ 13 ਅਪਰੈਲ ਤੋਂ ਸ਼ੁਰੂ ਹੈ ਅਤੇ ਆਖ਼ਰੀ ਮਿਤੀ 20 ਅਪਰੈਲ ਹੈ। ਜਦੋਂਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 21 ਅਪਰੈਲ ਤੱਕ ਹੋਵੇਗੀ ਅਤੇ ਉਮੀਦਵਾਰੀ ਵਾਪਸ ਲੈਣ ਦੀ ਆਖ਼ਰੀ ਮਿਤੀ 24 ਅਪਰੈਲ ਹੈ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ ਕਰਨਾਟਕ ਦੀ ਵੋਟਰ ਸੂਚੀ ਵਿੱਚ 9.17 ਲੱਖ ਨਵੇਂ ਵੋਟਰ ਸ਼ਾਮਲ ਕੀਤੇ ਗਏ ਹਨ। ਸੂਬੇ ਵਿੱਚ 58 ਹਜ਼ਾਰ ਤੋਂ ਵੱਧ ਪੋਲਿੰਗ ਬੂਥ ਹਨ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਨਿਰਪੱਖ ਚੋਣਾਂ ਕਰਵਾਉਣਾ ਹੈ।
ਇਸ ਵਾਰ ਕਰਨਾਟਕ ਵਿੱਚ 58 ਹਜ਼ਾਰ ਤੋਂ ਵੱਧ ਪੋਲਿੰਗ ਬੂਥ ਬਣਾਏ ਗਏ ਹਨ। ਦੱਸ ਦੇਈਏ ਕਿ ਆਖਰੀ ਵਾਰ 2018 ਵਿੱਚ ਕਰਨਾਟਕ ਵਿਧਾਨ ਸਭਾ ਚੋਣਾਂ 12 ਮਈ ਨੂੰ ਹੋਈਆਂ ਸਨ। ਇਸ ਦੇ ਨਤੀਜੇ ਤਿੰਨ ਦਿਨਾਂ ਬਾਅਦ 15 ਮਈ ਨੂੰ ਐਲਾਨੇ ਗਏ। ਪਿਛਲੀ ਵਾਰ ਭਾਜਪਾ 104 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਸੀ। ਕਰਨਾਟਕ ਵਿੱਚ ਕੁੱਲ 224 ਸੀਟਾਂ ਹਨ, ਜਿੱਥੇ ਪੂਰਨ ਬਹੁਮਤ ਲਈ ਲਗਭਗ 113 ਸੀਟਾਂ ਜਿੱਤਣੀਆਂ ਜ਼ਰੂਰੀ ਹਨ। ਕਰਨਾਟਕ ਵਿੱਚ ਇਸ ਸਮੇਂ ਕੁੱਲ 5 ਕਰੋੜ 22 ਲੱਖ ਵੋਟਰ ਹਨ।
ਇਸ ਸਮੇਂ ਕਿਸ ਕੋਲ ਕਿੰਨੀਆਂ ਸੀਟਾਂ | Elections
ਕਰਨਾਟਕ ਵਿੱਚ ਭਾਜਪਾ ਕੋਲ ਇਸ ਵੇਲੇ 104 ਸੀਟਾਂ ਹਨ। ਕਾਂਗਰਸ ਕੋਲ 75 ਜਦੋਂਕਿ ਉਸ ਦੀ ਸਹਿਯੋਗੀ ਜਨਤਾ ਦਲ (ਐੱਸ) ਕੋਲ ਕੁੱਲ 28 ਸੀਟਾਂ ਹਨ। ਕਰਨਾਟਕ ’ਚ ਭਾਜਪਾ 224 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਇਸ ਵਾਰ ਆਮ ਆਦਮੀ ਪਾਰਟੀ ਕਰਨਾਟਕ ਵਿੱਚ ਵੀ ਨਵੀਂ ਵਿਰੋਧੀ ਪਾਰਟੀ ਵਜੋਂ ਚੋਣ ਲੜੇਗੀ। ਤੁਹਾਨੂੰ ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਗੁਜਰਾਤ ਵਿੱਚ 5 ਸੀਟਾਂ ਜਿੱਤ ਕੇ ਰਾਸ਼ਟਰੀ ਪਾਰਟੀ ਦਾ ਦਰਜਾ ਹਾਸਲ ਕਰ ਲਿਆ ਹੈ।
ਜਲੰਧਰ ਸਮੇਤ ਕਈ ਸੀਟਾਂ ’ਤੇ ਹੋਣਗੀਆਂ ਜ਼ਿਮਨੀ ਚੋਣਾਂ
ਕਰਨਾਟਕ ਵਿਧਾਨ ਸਭਾ ਚੋਣਾਂ ਦੀ ਤਰੀਕ ਦਾ ਐਲਾਨ ਕਰਦੇ ਹੋਏ ਭਾਰਤੀ ਚੋਣ ਕਮਿਸ਼ਨ ਨੇ ਕੁਝ ਸੂਬਿਆਂ ’ਚ ਖਾਲੀ ਸੀਟਾਂ ’ਤੇ ਜ਼ਿਮਨੀ ਚੋਣਾਂ ਕਰਵਾਉਣ ਦਾ ਵੀ ਐਲਾਨ ਕੀਤਾ ਹੈ। ਚੋਣ ਕਮਿਸ਼ਨ ਅਨੁਸਾਰ ਪੰਜਾਬ ਦੀ ਜਲੰਧਰ ਲੋਕ ਸਭਾ ਸੀਟ, ਓਡੀਸ਼ਾ ਦੀ ਝਾਰਸੁਗੁਡਾ ਵਿਧਾਨ ਸਭਾ ਸੀਟ, ਉੱਤਰ ਪ੍ਰਦੇਸ਼ ਦੀ ਚਾਂਬੇ ਅਤੇ ਸਵਾੜ ਵਿਧਾਨ ਸਭਾ ਸੀਟ ਅਤੇ ਮੇਘਾਲਿਆ ਦੀ ਸੋਹੀਓਂਗ ਵਿਧਾਨ ਸਭਾ ਸੀਟ ਲਈ ਚੋਣਾਂ 10 ਮਈ ਨੂੰ ਹੋਣਗੀਆਂ ਅਤੇ ਨਤੀਜੇ 13 ਮਈ ਨੂੰ ਆਉਣਗੇ। ਇਨ੍ਹਾਂ ਸਾਰੀਆਂ ਸੀਟਾਂ ’ਤੇ 13 ਅਪਰੈਲ ਤੋਂ ਨਾਮਜ਼ਦਗੀਆਂ ਸ਼ੁਰੂ ਹੋ ਜਾਣਗੀਆਂ ਅਤੇ ਉਮੀਦਵਾਰ 20 ਅਪਰੈਲ ਤੱਕ ਨਾਮਜ਼ਦਗੀਆਂ ਭਰ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 21 ਅਪਰੈਲ ਨੂੰ ਹੋਵੇਗੀ। ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ 24 ਅਪਰੈਲ ਤੱਕ ਨਾਮਜ਼ਦਗੀ ਵਾਪਸ ਲਈ ਜਾ ਸਕਦੀ ਹੈ।