ਬਰਨਾਲਾ ‘ਚ ਚੋਰ ਨੇ ਇੱਕ ਘਰ ਨੂੰ ਬਣਾਇਆ ਨਿਸ਼ਾਨਾ

8 ਤੋਲੇ ਸੋਨਾ, 5 ਤੋਲੇ ਚਾਂਦੀ, ਨਗਦੀ ਤੇ ਇੱਕ ਐਕਟਿਵਾ ਸਕੂਟਰੀ ਲੈ ਕੇ ਹੋਏ ਰਫ਼ੂ ਚੱਕਰ

ਬਰਨਾਲਾ, (ਜਸਵੀਰ ਸਿੰਘ ਗਹਿਲ/ ਰਜਿੰਦਰ ਸ਼ਰਮਾ) ਬਰਨਾਲਾ ਦੀ ਗੋਬਿੰਦ ਕਲੋਨੀ ਦੀ ਗਲੀ ਨੰਬਰ 7 ‘ਚੋਂ ਸ਼ਨੀਵਾਰ/ ਐਤਵਾਰ ਦੀ ਦਰਮਿਆਨੀ ਰਾਤ ਇੱਕ ਅਣਪਛਾਤਾ ਇੱਕ ਘਰ ‘ਚੋਂ 8 ਤੋਲੇ ਸੋਨਾ, 5 ਤੋਲੇ ਚਾਂਦੀ, ਨਗਦੀ ਤੇ ਇੱਕ ਐਕਟਿਵਾ ਸਕੂਟਰੀ ਚੋਰੀ ਕਰਕੇ ਰਫੂ ਚੱਕਰ ਹੋ ਗਿਆ। ਪੁਲੀਸ ਫ਼ਿੰਗਰ ਪ੍ਰਿੰਟਜ਼ ਐਕਸਪਰਟ ਤੇ ਡੌਗ ਸੁਕੈਅਡ ਦੀ ਸਹਾਇਤਾ ਨਾਲ ਚੋਰਾਂ ਦੀ ਪੈੜ ਲੱਭਣ ‘ਚ ਜੁਟ ਗਈ ਹੈ।

ਮਕਾਨ ਮਾਲਕ ਧਰਮਪਾਲ ਸ਼ਰਮਾ ਤੇ ਉਨ੍ਹਾਂ ਦੇ ਪਰਿਵਰਕ ਮੈਂਬਰਾਂ ਨੇ ਦੱਸਿਆ  ਕਿ ਉਹ ਸ਼ਨੀਵਾਰ ਰਾਤ ਨੂੰ ਗਿਆਰਾਂ ਕੁ ਵਜੇ ਦੇ ਕਰੀਬ ਸੁੱਤੇ ਸਨ, ਸਵੇਰ ਪੰਜ ਵਜੇ ਉਨ੍ਹਾਂ ਨੂੰ ਉਨ੍ਹਾਂ ਦੇ ਗੁਆਂਢੀ ਨੇ ਆ ਕੇ ਉਠਾਇਆ। ਉੱਠਣ ‘ਤੇ ਉਨ੍ਹਾਂ ਦੇਖਿਆ ਕਿ ਘਰ ਦਾ ਸਾਮਾਨ ਖਿੱਲਰਿਆ ਪਿਆ ਸੀ।

ਜਿਸ ਸਬੰਧੀ ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਤੇ ਆਪ ਘਰ ਵਿਚਲੇ ਜਰੂਰੀ ਸਾਮਾਨ ਦੀ ਪੜਤਾਲ ਕਰਨ ਲੱਗ ਪਏ। ਉਨ੍ਹਾਂ ਦੱਸਿਆ ਕਿ ਚੋਰ ਦੁਆਰਾ ਇੱਕ ਹਾਰ (2 ਤੋਲੇ), ਦੋ ਚੈਨੀਆਂ (2 ਤੋਲੇ), ਦੋ ਜੋੜੇ ਕਾਂਟੇ (2 ਤੋਲੇ), 5 ਛਾਪਾਂ (2 ਤੋਲੇ), ਇੱਕ ਸਿਕੰਦਰੀਆ (5 ਤੋਲੇ ਚਾਂਦੀ), ਇੱਕ ਕੋਕਾ ਸੋਨੇ ਦਾ, ਕੁੱਝ ਨਗਦੀ ਤੋਂ ਇਲਾਵਾ ਘਰ ‘ਚ ਖੜੀ ਇੱਕ ਐਕਟਿਵਾ ਸਕੂਟਰੀ ਵੀ ਚੋਰੀ ਕੀਤੀ ਗਈ ਹੈ। ਜਿਕਰਯੋਗ ਹੈ ਕਿ ਚੋਰਾਂ ਦੁਆਰਾ ਜਿਸ ਕਮਰੇ ਨੂੰ ਨਿਸ਼ਾਨਾ ਬਣਾਇਆ ਗਿਆ ਪਰਿਵਾਰ ਦੇ ਪੰਜ ਮੈਂਬਰ ਉਸੇ ਕਮਰੇ ਵਿੱਚ ਹੀ ਸੁੱਤੇ ਪਏ ਸਨ। ਪਰਿਵਾਰਕ ਮੈਂਬਰਾਂ ਦੁਆਰਾ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਚੋਰ ਨੇ ਕੋਈ ਨਸ਼ੀਲੀ ਚੀਜ਼ ਸੁੰਘਾ ਕੇ ਹੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਸੀਸੀਟੀਵੀ ਕੈਮਰਿਆਂ ਦੀ ਖੰਗਾਲੀ ਗਈ ਫੁਟੇਜ਼ ‘ਚ ਸਿਰਫ਼ ਇੱਕ ਹੀ ਚੋਰ ਦਿਖਾਈ ਦੇ ਰਿਹਾ ਹੈ।

ਇਸ ਸਬੰਧੀ ਘਟਨਾ ਸਥਾਨ ਦਾ ਜਾਇਜ਼ਾ ਲੈਣ ਪੁੱਜੇ ਡੀਐਸਪੀ ਬਲਜੀਤ ਸਿੰਘ ਬਰਾੜ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਜਾਣ ਪਿੱਛੋਂ ਚੋਰੀ ਦਾ ਮਾਮਲਾ ਦਰਜ਼ ਕੀਤਾ ਜਾਵੇਗਾ। ਕਾਰਵਾਈ ਸਬੰਧੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੁਆਰਾ ਡੌਗ ਸੁਕੈਅਡ ਤੇ ਫਿੰਗਰ ਪ੍ਰਿੰਟਜ਼ ਟੀਮ ਨੇ ਮੋਰਚਾ ਸੰਭਾਲ ਲਿਆ ਹੈ ਤੇ ਚੋਰ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।