ਚੋਰਾਂ ਦੇ ਹੌਂਸਲੇ ਬੁਲੰਦ: ਸ਼ੋਅ ਰੂਮ ’ਚੋਂ ਚੋਰਾਂ ਨੇ 12 ਲੱਖ ਰੁਪਏ ਦੇ ਮੋਬਾਇਲ ਉਡਾਏ

Crime News
ਚੋਰਾਂ ਦੇ ਹੌਂਸਲੇ ਬੁਲੰਦ: ਸ਼ੋਅ ਰੂਮ ’ਚੋਂ ਚੋਰਾਂ ਨੇ 12 ਲੱਖ ਰੁਪਏ ਦੇ ਮੋਬਾਇਲ ਉਡਾਏ

ਸਵੇਰੇ ਸ਼ੋਰੂਮ ਖੋਲਣ ’ਤੇ ਲੱਗਾ ਪਤਾ, ਸਮਾਨ ਪਿਆ ਸੀ ਖਿਲਰਿਆ (Crime News)

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਸ਼ਹਿਰ ਅੰਦਰ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹਨ। ਬੀਤੀ ਰਾਤ ਚੋਰਾਂ ਵੱਲੋਂ ਜੋੜੀਆ ਭੱਠੀਆ ਵਿਖੇ ਇੱਕ ਇਲੈਕਟ੍ਰੋਨਿਕ ਦੀ ਦੁਕਾਨ ’ਚੋਂ 50-60 ਮੋਬਾਇਲ ਚੋਰੀ ਕਰਕੇ ਤਿੱਤਰ ਹੋ ਗਏ। ਇੱਧਰ ਪੁਲਿਸ ਵੱਲੋਂ ਘਟਨਾ ਵਾਲੇ ਸਥਾਨ ਦਾ ਦੌਰਾ ਕੀਤਾ ਗਿਆ ਅਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। Crime News

ਇਹ ਵੀ ਪੜ੍ਹੋ: ਜੀਐੱਸਟੀ ਦੀ ਚੋਰੀ ਸਬੰਧੀ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ ਵੱਡਾ ਬਿਆਨ

ਜਾਣਕਾਰੀ ਅਨੁਸਾਰ ਇਹ ਘਟਨਾ ਅੱਧੀ ਰਾਤ ਨੂੰ ਵਾਪਰੀ ਹੈ। ਅੱਜ ਸਵੇਰੇ ਜਦੋਂ ਗਰਗ ਇਲੈਕਟ੍ਰੋਨਿਕ ਸੇਲਜ਼ ’ਚ ਕੰਮ ਕਰਦੇ ਵਿਅਕਤੀਆਂ ਵੱਲੋਂ ਸ਼ੋਅ ਰੂਮ ਖੋਲਿਆ ਗਿਆ ਤਾਂ ਦੇਖਿਆ ਕਿ ਅੰਦਰ ਸਮਾਨ ਖਿਲਰਿਆ ਪਿਆ ਸੀ। ਇਸ ਦੌਰਾਨ ਕਾਫ਼ੀ ਮੋਬਾਇਲਾਂ ਦੇ ਡੱਬੇ ਖੁੱਲ੍ਹੇ ਪਏ ਸਨ। ਇਸ ਦੌਰਾਨ ਉਨ੍ਹਾਂ ਮਾਲਕ ਵਿਪਨ ਕੁਮਾਰ ਗਰਗ ਨੂੰ ਸੂਚਿਤ ਕੀਤਾ ਅਤੇ ਜਦੋਂ ਉਨ੍ਹਾਂ ਦੇਖਿਆ ਤਾ ਉੱਥੋਂ 50-60 ਮੋਬਾਇਲ ਚੋਰੀ ਸਨ। ਗਰਗ ਇਲੈਕਟ੍ਰੋਨਿਕ ਦੇ ਮਾਲਕ ਵਿਪਨ ਗਰਗ ਨੇ ਦੱਸਿਆ ਕਿ ਉਨ੍ਹਾਂ ਦੇ ਸ਼ੋਅ-ਰੂਮ ਵਿੱਚ ਹੋਰ ਵੀ ਸਮਾਨ ਕਾਫ਼ੀ ਸੀ, ਪਰ ਚੋਰਾਂ ਵੱਲੋਂ ਮੋਬਾਇਲਾਂ ਸਮੇਤ ਦੁਕਾਨ ’ਚ ਪਏ ਕੈਸ ਨੂੰ ਹੀ ਚੋਰੀ ਕੀਤਾ ਗਿਆ ਹੈ।

ਪੁਲਿਸ ਨੇ ਜਾਂਚ ਆਰੰਭੀ, ਸੀਸੀਟੀਵੀ ਕੈਮਰਿਆਂ ਦੀ ਫਰੋਲਾ ਫਰੋਲੀ ਸ਼ੁਰੂ

ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ 12 ਲੱਖ ਰੁਪਏ ਦਾ ਚੋਰਾਂ ਵੱਲੋਂ ਸਮਾਨ ਚੋਰੀ ਕੀਤਾ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਥਾਣਾ ਕੋਤਵਾਲੀ ਵਿਖੇ ਘਟਨਾ ਸਬੰਧੀ ਸ਼ਿਕਾਇਤ ਦਰਜ਼ ਕਰਵਾਈ। ਥਾਣਾ ਕੋਤਵਾਲੀ ਦੇ ਐਸਐਸਓ ਹਰਜਿੰਦਰ ਸਿੰਘ ਢਿੱਲੋਂ ਵੱਲੋਂ ਆਪਣੀ ਟੀਮ ਸਮੇਤ ਘਟਨਾ ਵਾਲੇ ਸਥਾਨ ਦਾ ਦੌਰਾ ਕੀਤਾ ਅਤੇ ਉੱਥੇ ਜਾਂਚ ਪੜ੍ਹਤਾਲ ਕੀਤੀ। ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਵੱਖ-ਵੱਖ ਥਾਂਈ ਫੁਟੇਜ਼ ਚੈਕ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਇਸ ਇਲਾਵੇ ਵਿੱਚ ਵੀ ਪੁੱਛਗਿੱਛ ਆਰੰਭੀ ਗਈ ਹੈ। ਉਨ੍ਹਾਂ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਚੋਰੀ ਕਰਨ ਵਾਲੇ ਕਿੰਨੇ ਜਣੇ ਸਨ ਅਤੇ ਕਿੱਧਰੋਂ ਦੀ ਆਏ ਸਨ। ਉਨ੍ਹਾਂ ਦੱਸਿਆ ਕਿ ਚੋਰੀ ਕਰਨ ਵਾਲੇ ਮੁਲਜ਼ਮਾਂ ਨੂੰ ਕਿਸੇ ਵੀ ਹਾਲਤ ਬਖਸਿਆ ਨਹੀਂ ਜਾਵੇਗਾ। Crime News