Bathinda News: ਚੋਰਾਂ ਨੇ ਟਰਾਂਸਫਾਰਮਾਂ ਨੂੰ ਬਣਾਇਆ ਨਿਸ਼ਾਨਾ, ਤਾਂਬਾ ਤੇ ਤੇਲ ਕੀਤਾ ਚੋਰੀ

Bathinda News
ਬਠਿੰਡਾ: ਖੇਤਾਂ ਵਿੱਚ ਭੰਨਤੋੜ ਕੇ ਸੁੱਟੇ ਹੋਏ ਟਰਾਂਸਫਾਰਮਰ।

Bathinda News: ਟਰਾਂਸਫਾਰਮਰਾਂ ਦੀਆਂ ਨਿੱਤ ਦੀਆਂ ਚੋਰੀਆਂ ਨੇ ਕਿਸਾਨ ਤੇ ਬਿਜਲੀ ਮੁਲਾਜ਼ਮ ਤਪਾਏ

Bathinda News: (ਅਸ਼ੋਕ ਗਰਗ) ਬਠਿੰਡਾ। ਬਠਿੰਡਾ ਇਲਾਕੇ ਅੰਦਰ ਚੋਰਾਂ ਵੱਲੋਂ ਆਏ ਦਿਨ ਖੇਤਾਂ ਵਿੱਚ ਲੱਗੇ ਟਰਾਂਸਫਾਰਮਰਾਂ ਅਤੇ ਮੋਬਾਇਲ ਟਾਵਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਪੁਲਿਸ ਅਜੇ ਤੱਕ ਇਨ੍ਹਾਂ ਚੋਰਾਂ ਨੂੰ ਕਾਬੂ ਨਹੀਂ ਕਰ ਸਕੀ। ਹੁਣ ਚੋਰਾਂ ਵੱਲੋਂ ਪਿੰਡ ਕੋਟਫੱਤਾ ਅਤੇ ਪਿੰਡ ਮਹਿਤਾ ਵਿਖੇ ਖੇਤਾਂ ਵਿੱਚ ਲੱਗੇ ਟਰਾਂਸਫਾਰਮਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਟਰਾਂਸਫਾਰਮਰਾਂ ਦੀਆਂ ਨਿੱਤ ਦੀਆਂ ਚੋਰੀਆਂ ਕਾਰਨ ਜਿੱਥੇ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਬਿਜਲੀ ਵਿਭਾਗ ਵਿੱਚ ਘੱਟ ਗਿਣਤੀ ਮੁਲਾਜ਼ਮਾਂ ’ਤੇ ਪਹਿਲਾਂ ਹੀ ਕੰਮ ਦਾ ਕਾਫੀ ਬੋਝ ਹੈ ਤੇ ਉੱਪਰੋਂ ਚੋਰ ਗਿਰੋਹ ਬਿਜਲੀ ਮਹਿਕਮੇ ਦਾ ਹੋਰ ਕੰਮ ਵਧਾ ਰਹੇ ਹਨ।

ਪਿੰਡ ਕੋਟਫੱਤਾ ਦੇ ਰਹਿਣ ਵਾਲੇ ਸਾਬਕਾ ਫੌਜੀ ਜਗਦੀਪ ਸਿੰਘ ਨੇ ਬਿਜਲੀ ਵਿਭਾਗ ਦੇ ਐਸਡੀਓ ਕੋਟਸ਼ਮੀਰ ਨੂੰ ਸ਼ਿਕਾਇਤ ਕੀਤੀ ਕਿ ਉਸ ਦੇ ਖੇਤ ਵਿੱਚ ਟਿਊਬਵੈਲ ਕੁਨੈਕਸ਼ਨ ਲੱਗਿਆ ਹੈ। ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਖੇਤ ਵਿੱਚ ਲੱਗੇ ਟਰਾਂਸਫਾਰਮਰ ਦੀ ਭੰਨ-ਤੋੜ ਕਰਕੇ ਉਸ ਵਿੱਚੋਂ ਤਾਂਬਾ ਅਤੇ ਤੇਲ ਚੋਰੀ ਕਰ ਲਿਆ ਹੈ। ਇਸੇ ਤਰ੍ਹਾਂ ਪਿੰਡ ਮਹਿਤਾ ਦੇ ਕਿਸਾਨ ਜਗਜੀਤ ਸਿੰਘ ਪੁੱਤਰ ਚੰਦ ਸਿੰਘ ਅਤੇ ਜਗਸੀਰ ਸਿੰਘ ਪੁੱਤਰ ਕਰਤਾਰ ਸਿੰਘ ਨੇ ਬਿਜਲੀ ਵਿਭਾਗ ਸੰਗਤ ਨੂੰ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੇ ਖੇਤਾਂ ਵਿੱਚੋਂ ਚੋਰ ਬਿਜਲੀ ਦੇ ਟਰਾਂਸਫਾਰਮਰਾਂ ਦੀ ਭੰਨਤੋੜ ਕਰਕੇ ਤਾਂਬਾਂ ਅਤੇ ਤੇਲ ਚੋਰੀ ਕਰਕੇ ਫਰਾਰ ਹੋ ਗਏ ਅਤੇ ਟਰਾਂਸਫਾਰਮਰਾਂ ਦੇ ਖੋਖੇ ਖੇਤਾਂ ਵਿੱਚ ਸੁੱਟ ਗਏ।

ਇਹ ਵੀ ਪੜ੍ਹੋ: Malaria Day: ਮਲੇਰੀਆ ਦਿਵਸ ‘ਤੇ ਯੰਗ ਫਾਰਮਰਜ਼ ਪਬਲਿਕ ਹਾਈ ਸਕੂਲ ਭਾਦਸੋਂ ’ਚ ਲਗਾਇਆ ਜਾਗਰੂਕਤਾ ਕੈਂਪ

ਸੰਗਤ ਬਿਜਲੀ ਵਿਭਾਗ ਦੇ ਉਪ ਮੰਡਲ ਅਫਸਰ ਇੰਜੀ. ਸਾਜਨ ਗੋਇਲ ਨੇ ਦੱਸਿਆ ਕਿ ਟਰਾਂਸਫਾਰਮਰ ਚੋਰੀ ਦੀਆਂ ਰੋਜਾਨਾਂ ਹੀ ਘਟਨਾਵਾਂ ਵਾਪਰ ਰਹੀਆਂ ਹਨ ਜਿਸ ਕਰਕੇ ਖਪਤਕਾਰ ਅਤੇ ਮੁਲਾਜ਼ਮ ਕਾਫੀ ਪ੍ਰੇਸ਼ਾਨ ਹਨ।  ਉਨ੍ਹਾਂ ਕਿਹਾ ਕਿ ਟਰਾਂਸਫਾਰਮਰਾਂ ਦੀਆਂ ਚੋਰੀਆਂ ਬਾਰੇ ਉਨ੍ਹਾਂ ਨੇ ਸਬੰਧਿਤ ਪੁਲਿਸ ਸਟੇਸ਼ਨ ਨੂੰ ਰਿਪੋਰਟ ਲਿਖਵਾ ਦਿੱਤੀ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿੰਡ ਮਹਿਤਾ ਵਿਖੇ ਚੋਰਾਂ ਨੇ ਏਅਰਟੇਲ ਦੇ ਟਾਵਰ ਦਾ ਹਾਰਡਵੇਅਰ ਚੋਰੀ ਕਰ ਲਿਆ ਸੀ ਜਿਸ ਕਰਕੇ ਅਜੇ ਤੱਕ ਲੋਕ ਹੈਲੋ ਹੈਲੋ ਨੂੰ ਤਰਸ ਰਹੇ ਹਨ। ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਚੋਰ ਗਿਰੋਹ ’ਤੇ ਨੱਥ ਪਾਈ ਜਾਵੇ ਅਤੇ ਇਲਾਕੇ ਵਿੱਚ ਪੁਲਿਸ ਦੀ ਗਸ਼ਤ ਤੇਜ਼ ਕੀਤੀ ਜਾਵੇ ਤਾਂ ਜੋ ਅਜਿਹੇ ਗਿਰੋਹ ਨੂੰ ਕਾਬੂ ਕੀਤਾ ਜਾ ਸਕੇ। ਓਧਰ ਥਾਣਾ ਸੰਗਤ ਦੇ ਥਾਣਾ ਮੁਖੀ ਪਰਮ ਪਾਰਸ ਸਿੰਘ ਚਹਿਲ ਦਾ ਕਹਿਣਾ ਸੀ ਕਿ ਪੁਲਿਸ ਦੀ ਗਸ਼ਤ ਤੇਜ਼ ਕਰਕੇ ਚੋਰਾਂ ਨੂੰ ਜਲਦੀ ਨੱਥ ਪਾ ਕੇ ਲੋਕਾਂ ਨੂੰ ਇਨਸਾਫ ਦਿਵਾਇਆ ਜਾਵੇਗਾ। Bathinda News