Punjab Schools: ਪੰਜਾਬ ’ਚ ਬੰਦ ਹੋਣਗੇ ਇਹ ਸਕੂਲ! ਬੱਚਿਆਂ ਨੂੰ ਦਾਖਲ ਕਰਨ ਤੋਂ ਪਹਿਲਾਂ ਲਵੋ ਪੂਰੀ ਜਾਣਕਾਰੀ

Punjab Schools

Punjab Schools: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਸ਼ਹਿਰਾਂ ਦੇ ਗਲੀ-ਮੁਹੱਲਿਆਂ ਤੇ ਪਿੰਡਾਂ ਵਿੱਚ ਖੁੱਲ੍ਹੇ ਹੋਏ ਪਲੇਅ-ਵੇਅ ਸਕੂਲਾਂ ’ਤੇ ਹੁਣ ਪੰਜਾਬ ਸਰਕਾਰ ਨੇ ਸ਼ਿਕੰਜਾ ਕੱਸਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਸੂਬੇ ਭਰ ਦੇ 20 ਹਜ਼ਾਰ ਤੋਂ ਜ਼ਿਆਦਾ ਪਲੇਅ ਵੇਅ ਸਕੂਲਾਂ ਨੂੰ 6 ਮਹੀਨਿਆਂ ਦਾ ਸਮਾਂ ਦੇ ਦਿੱਤਾ ਗਿਆ ਹੈ। ਇਨ੍ਹਾਂ 6 ਮਹੀਨਿਆਂ ਦੌਰਾਨ ਸਕੂਲ ਨੂੰ ਪੰਜਾਬ ਸਰਕਾਰ ਦੇ ਨਿਯਮਾਂ ਦੀ ਕਸੌਟੀ ਵਿੱਚੋਂ ਗੁਜ਼ਰਨਾ ਪਵੇਗਾ। ਜਿਹੜੇ ਪਲੇਅ-ਵੇਅ ਸਕੂਲ ਨਿਯਮਾਂ ਅਨੁਸਾਰ ਹੋਣਗੇ, ਉਨ੍ਹਾਂ ਸਕੂਲਾਂ ਨੂੰ ਮਾਨਤਾ ਦੇ ਦਿੱਤੀ ਜਾਵੇਗੀ, ਜਦੋਂ ਕਿ ਬਾਕੀ ਸਕੂਲਾਂ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਹੋਣਗੇ। ਜਿਸ ਤੋਂ ਸਾਫ਼ ਹੈ ਕਿ ਹੁਣ ਤੋਂ ਬਾਅਦ ਪੰਜਾਬ ਵਿੱਚ ਮਨਮਰਜ਼ੀ ਨਾਲ ਛੋਟੀ-ਮੋਟੀ ਥਾਂ ’ਤੇ ਇਨ੍ਹਾਂ ਸਕੂਲਾਂ ਨੂੰ ਚਲਾਉਣ ਦੀ ਇਜਾਜ਼ਤ ਨਹੀਂ ਮਿਲੇਗੀ।

Read Also : Patiala News: ਨਗਰ ਨਿਗਮ ਚੋਣਾਂ: ਪਟਿਆਲਾ ‘ਚ ਹੰਗਾਮਾ, ਉਮੀਦਵਾਰਾਂ ਦੇ ਪਾੜੇ ਜਾ ਰਹੇ ਨੇ ਕਾਗਜ਼

ਪੰਜਾਬ ਦੀ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਕਈ ਹਜ਼ਾਰ ਪਲੇਅ ਵੇਅ ਸਕੂਲ ਬਿਨਾਂ ਕਿਸੇ ਨਿਯਮਾਂ ਅਤੇ ਇਜਾਜ਼ਤ ਤੋਂ ਹੀ ਚੱਲ ਰਹੇ ਹਨ, ਜਿਨ੍ਹਾਂ ਵਿੱਚ ਸ਼ੁਰੂਆਤੀ ਪੜ੍ਹਾਈ ਲਈ ਜਾਣ ਵਾਲੇ ਛੋਟੇ ਬੱਚਿਆ ਦੀ ਸਿਹਤ ਤੋਂ ਲੈ ਕੇ ਉਨ੍ਹਾਂ ਦੀ ਸੁਰੱਖਿਆ ਨੂੰ ਵੀ ਵੱਡਾ ਖ਼ਤਰਾ ਹੈ। ਜਿਸ ਕਾਰਨ ਹੀ ਹੁਣ ਪੰਜਾਬ ਵਿੱਚ ਇਨ੍ਹਾਂ ਪਲੇਅ ਵੇਅ ਸਕੂਲਾਂ ਦੇ ਖ਼ਿਲਾਫ਼ ਸਖ਼ਤੀ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ। Punjab Schools

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਚੱਲ ਰਹੇ ਪਲੇਅ ਵੇਅ ਸਕੂਲਾਂ ਨੂੰ ਸਰਕਾਰ ਵੱਲੋਂ 6 ਮਹੀਨਿਆਂ ਦਾ ਸਮਾਂ ਦਿੱਤਾ ਜਾ ਰਿਹਾ ਹੈ, ਇਨ੍ਹਾਂ 6 ਮਹੀਨਿਆਂ ਵਿੱਚ ਸਾਰੇ ਸਕੂਲਾਂ ਨੂੰ ਨਿਯਮਾਂ ਅਨੁਸਾਰ ਆਪਣੇ-ਆਪ ਨੂੰ ਢਾਲਣਾ ਪਵੇਗਾ।

ਨਿਯਮਾਂ ਅਨੁਸਾਰ ਹੋਵੇਗੀ ਇਮਾਰਤ | Punjab Schools

ਡਾ. ਬਲਜੀਤ ਕੌਰ ਨੇ ਦੱਸਿਆ ਕਿ ਹੁਣ ਤੋਂ ਬਾਅਦ ਕੋਈ ਵੀ ਪਲੇਅ ਵੇਅ ਸਕੂਲ ਘਰਾਂ ’ਚੋਂ ਨਹੀਂ ਚੱਲ ਸਕੇਗਾ, ਕਿਉਂਕਿ ਇਸ ਲਈ ਬਕਾਇਦਾ ਨਿਯਮਾਂ ਅਨੁਸਾਰ ਇਮਾਰਤ ਹੋਣੀ ਚਾਹੀਦੀ ਹੈ। ਪਲੇਅ-ਵੇਅ ਸਕੂਲ ਨੂੰ ਚਲਾਉਣ ਲਈ ਸਕੂਲ ਗਰਾਉੁਂਡ ਤੋਂ ਲੈ ਕੇ ਛੋਟੇ ਬੱਚਿਆਂ ਲਈ ਰੈਸਟ ਰੂਮ ਵੀ ਤਿਆਰ ਕਰਨਾ ਪਵੇਗਾ । ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਹਰ ਪਲੇਅ ਵੇਅ ਸਕੂਲ ਵਿੱਚ ਸੀਸੀਟੀਵੀ ਕੈਮਰੇ ਵੀ ਲਾਉਣੇ ਜ਼ਰੂਰੀ ਹੋਣਗੇ। ਇਸ ਤੋਂ ਇਲਾਵਾ ਇੱਕ ਦਰਜਨ ਭਰ ਨਿਯਮ ਤਿਆਰ ਕੀਤੇ ਗਏ ਹਨ, ਜਿਨ੍ਹਾਂ ਨੂੰ ਹਰ ਪਲੇਅ-ਵੇਅ ਸਕੂਲ ਨੂੰ ਲਾਗੂ ਕਰਨਾ ਪਵੇਗਾ। ਇਨ੍ਹਾਂ ਨਿਯਮਾਂ ਨੂੰ ਘਰਾਂ ’ਚ ਲਾਗੂ ਨਹੀਂ ਕੀਤਾ ਜਾ ਸਕਦਾ , ਜਿਸ ਕਾਰਨ ਇੱਕ ਜਾਂ ਫਿਰ 2 ਕਮਰਿਆਂ ਵਾਲੇ ਘਰਾਂ ਵਿੱਚ ਇਹ ਚੱਲ ਰਹੇ ਪਲੇਅ-ਵੇਅ ਸਕੂਲ ਬੰਦ ਹੋਣਗੇ।

ਪੰਜ ਹਜ਼ਾਰ ਰੁ. ਹੋਵੇਗੀ ਰਜਿਸ਼ਟ੍ਰੇਸ਼ਨ ਫੀਸ, ਅਧਿਕਾਰੀ ਕਰਨਗੇ ਦੌਰਾ

ਪਲੇਅ-ਵੇਅ ਸਕੂਲਾਂ ਲਈ 5 ਹਜ਼ਾਰ ਰੁਪਏ ਸਰਕਾਰੀ ਫੀਸ ਭਰ ਰਜਿਸਟ੍ਰੇਸ਼ਨ ਕਰਵਾਈ ਜਾ ਸਕੇਗੀ। ਰਜਿਸਟੇ੍ਰਸ਼ਨ ਮੌਕੇ ਹਰ ਪਲੇਅ-ਵੇਅ ਸਕੂਲ ਨੂੰ ਇੱਕ ਫਾਰਮ ਭਰਨਾ ਪਵੇਗਾ। ਫਾਰਮ ਭਰਨ ਤੋਂ ਬਾਅਦ ਸਕੂਲ ਦੀ ਇਮਾਰਤ ਦੀ ਫੋਟੋ ਵੀ ਅਪਲੋਡ ਕਰਨੀ ਪਵੇਗੀ। ਅਧਿਕਾਰੀ ਇਮਾਰਤ ਤੋਂ ਲੈ ਕੇ ਸੀਸੀਟੀਵੀ ਕੈਮਰੇ ਅਤੇ ਬੱਚਿਆਂ ਦੀ ਸੁਰੱਖਿਆ ਨਾਲ ਜੁੜੇ ਹੋਏ ਹਰ ਮਾਪ-ਦੰਡ ਨੂੰ ਵੇਖਣਗੇ ਅਧਿਕਾਰੀ ਮੌਕੇ ’ਤੇ ਹੀ ਇਮਾਰਤ ਦੇ ਨਾਲ ਆਪਣੀ ਫੋਟੋ ਲੈ ਕੇ ਅਪਲੋਡ ਕਰਨਗੇ ਅਤੇ ਹਲਫ਼ ਬਿਆਨ ਕਰਨਗੇ ਕਿ ਸਰਕਾਰੀ ਨਿਯਮਾਂ ’ਤੇ ਇਹ ਪਲੇਅ-ਵੇਅ ਸਕੂਲ ਖਰਾ ਉੱਤਰਦਾ ਹੈ, ਜਿਸ ਤੋਂ ਬਾਅਦ ਪਲੇਅ-ਵੇਅ ਸਕੂਲ ਨੂੰ ਮਾਨਤਾ ਮਿਲ ਜਾਵੇਗੀ।