ਪ੍ਰਾਈਵੇਟ ਸਕੂਲ ਦੇ ਸਮਾਰੋਹਾਂ ‘ਚ ਸ਼ਾਮਲ ਹੋਣ ਤੋਂ ਪਾਸਾ ਵੱਟਿਆ
ਬਠਿੰਡਾ (ਅਸ਼ੋਕ ਵਰਮਾ)। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਅੱਜ ਇੱਕ ਵਾਰ ਫਿਰ ‘ਕਾਲੇ ਝੰਡਿਆਂ’ ਦੇ ਡਰੋਂ ਸ਼ਹਿਰ ਵਿਚਲੇ ਇੱਕ ਪ੍ਰਾਈਵੇਟ ਸਕੂਲ ਦੇ ਸਮਾਰੋਹਾਂ ‘ਚ ਸ਼ਾਮਲ ਹੋਣ ਤੋਂ ਪਾਸਾ ਵੱਟਣਾ ਪਿਆ ਥਰਮਲ ਨੂੰ ਬੰਦ ਕਰਨ ਦੇ ਵਿਰੋਧ ‘ਚ ਅੱਜ ਸੈਂਕੜੇ ਮੁਲਾਜ਼ਮ ਸਕੂਲ ਨੂੰ ਜਾਣ ਵਾਲੇ ਰਸਤਿਆਂ ‘ਤੇ ਕਾਲੇ ਝੰਡੇ ਲੈ ਕੇ ਪੁੱਜ ਗਏ ਸਨ ਇਸ ਸਕੂਲ ਵੱਲੋਂ ਕਰਵਾਏ ਜਾਣ ਵਾਲੇ ਸਮਾਰੋਹ ‘ਚ ਵਿੱਤ ਮੰਤਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨੀ ਸੀ ਥਰਮਲ ਮੁਲਾਜ਼ਮਾਂ ਖਜਾਨਾ ਮੰਤਰੀ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ।
ਜਿਸ ਕਾਰਨ ਸਕੂਲ ਸਮਾਗਮ ਪ੍ਰਭਾਵਿਤ ਹੋਏ ਸਕੂਲ ਪ੍ਰਬੰਧਕਾਂ ਨੇ ਮੁਲਾਜ਼ਮਾਂ ਨੂੰ ਰਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੇ ਸਕੂਲ ਦਾ ਇਹ ਨਿੱਜੀ ਸਮਾਗਮ ਹੈ ਇਸ ਲਈ ਉਹ ਧਰਨਾ ਚੁੱਕ ਦੇਣ ਤੇ ਰੋਸ ਵਿਖਾਵਾ ਕਿਸੇ ਹੋਰ ਦਿਨ ਕਰ ਲਿਆ ਜਾਵੇ। ਇਸ ਮੌਕੇ ਸ਼ਹਿਰੀ ਕਾਂਗਰਸ ਦੇ ਇੱਕ ਸੀਨੀਅਰ ਆਗੂ ਨੇ ਥਰਮਲ ਮਾਮਲਾ ਮੁੱਖ ਮੰਤਰੀ ਕੋਲ ਉਠਾਉਣ ਦੀ ਪੇਸ਼ਕਸ਼ ਕੀਤੀ ਜਿਸ ਨੂੰ ਗੈਰਸੰਜੀਦਾ ਕਰਾਰ ਦਿੰਦਿਆਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਹੁਣ ਪਿਛਾਂਹ ਹਟਣ ਦੀ ਕੋਈ ਤੁਕ ਨਹੀਂ ਹੈ ਮੁਲਾਜ਼ਮ ਆਗੂਆਂ ਨੇ ਦਲੀਲ ਦਿੱਤੀ ਕਿ ਉਨ੍ਹਾਂ ਨੇ ਆਪਣਾ ਪ੍ਰੋਗਰਾਮ ਪਹਿਲਾਂ ਉਲੀਕਿਆ ਹੋਇਆ ਸੀ, ਜਿਸ ਕਰਕੇ ਉਹ ਧਰਨਾ ਚੁੱਕਣ ਤੋਂ ਅਸਮਰੱਥ ਹਨ।
ਇਹ ਵੀ ਪੜ੍ਹੋ : Weather Update Today : ਦੋ ਦਿਨ ਝੁਲਸਾ ਦੇਵੇਗੀ ਗਰਮੀ, 10 ਤੱਕ ਮੌਸਮ ਖੁਸ਼ਕ
ਸਕੂਲ ਮੈਨੇਜਮੈਂਟ ਦੇ ਕਹਿਣ ਦੇ ਬਾਵਜ਼ੂਦ ਮੁਲਾਜ਼ਮ ਆਗੂ ਟੱਸ ਤੋਂ ਮੱਸ ਨਾ ਹੋਏ ਤੇ ਧਰਨਾ ਪ੍ਰਦਰਸ਼ਨ ਖਤਮ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਵਿੱਤ ਮੰਤਰੀ ਵੱਲੋਂ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਪਤਾ ਲੱਗਾ ਹੈ ਕਿ ਵਿੱਤ ਮੰਤਰੀ ਨੇ ਸਕੂਲ ਪ੍ਰਬੰਧਕਾਂ ਕੋਲ ਧਰਨਾ ਚੁਕਵਾਉਣ ਦੀ ਸੂਰਤ ‘ਚ ਪੁੱਜਣ ਦੀ ਸ਼ਰਤ ਰੱਖੀ ਸੀ, ਜਿਸ ਦਾ ਵਿੱਤ ਮੰਤਰੀ ਦੇ ਮੀਡੀਆ ਕੋਆਰਡੀਨੇਟਰ ਨੇ ਖੰਡਨ ਕੀਤਾ ਹੈ। ਜਾਣਕਾਰੀ ਮੁਤਾਬਿਕ ਇੰਪਲਾਈਜ਼ ਤਾਲਮੇਲ ਕਮੇਟੀ ਦੀ ਅਗਵਾਈ ‘ਚ ਮੁਲਾਜ਼ਮਾਂ ਨੂੰ ਅੱਜ ਦੇ ਪ੍ਰੋਗਰਾਮ ਦੀ ਭਿਣਕ ਪੈ ਗਈ ਸੀ, ਜਿਸ ਕਰਕੇ ਉਹ ਕਾਲੇ ਝੰਡੇ ਲੈ ਕੇ ਸਕੂਲ ਕੈਂਪਸ ਦੇ ਮੁੱਖ ਗੇਟ ਕੋਲ ਪੁੱਜ ਗਏ ਸਨ ਦੂਜੇ ਪਾਸੇ ਮਿੰਨੀ ਸਕੱਤਰੇਤ ਦੇ ਅੱਗੇ ਪੱਕੇ ਮੋਰਚੇ ‘ਤੇ ਬੈਠੇ ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਵੀ ਸਕੂਲ ਵੱਲ ਆਉਣ ਵਾਲੇ ਰਸਤਿਆਂ ‘ਤੇ ਕਾਲੇ ਝੰਡਿਆਂ ਨਾਲ ਕਬਜ਼ਾ ਜਮਾਇਆ ਹੋਇਆ ਸੀ।
ਜਦੋਂ ਮੁਲਾਜ਼ਮਾਂ ਨੇ ਅਗਾਂਹ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਲਾਏ ਬੈਰੀਕੇਡਾਂ ‘ਤੇ ਮਾੜੀ ਮੋਟੀ ਧੱਕਾ-ਮੁੱਕੀ ਵੀ ਹੋਈ ਮੁਲਾਜ਼ਮ ਆਗੂ ਪ੍ਰਕਾਸ਼ ਸਿੰਘ ਨੇ ਆਖਿਆ ਕਿ ਚੋਣਾਂ ਤੋਂ ਪਹਿਲਾਂ ਵਿੱਤ ਮੰਤਰੀ ਮਨ ਉਦਾਸ ਰਹਿਣ ਦੀ ਦਲੀਲ ਦੇਕੇ ਥਰਮਲ ਚਲਾਉਣ ਲਈ ਕਾਹਲੇ ਸਨ ਤੇ ਗੱਦੀ ‘ਤੇ ਬੈਠਣ ਮਗਰੋਂ ਬੰਦ ਕਰਨ ਦੀ ਕਾਹਲੀ ਵੀ ਮਨਪ੍ਰੀਤ ਨੂੰ ਪਈ ਹੋਈ ਹੈ ਉਨ੍ਹਾਂ ਆਖਿਆ ਕਿ ਅਸਲ ‘ਚ ਸਰਕਾਰ ਦੀ ਅੱਖ ਥਰਮਲ ਦੀ 2200 ਏਕੜ ਜ਼ਮੀਨ ‘ਤੇ ਹੈ ਮੁਲਾਜ਼ਮ ਆਗੂ ਸੁਖਵਿੰਦਰ ਸਿੰਘ, ਰਘਬੀਰ ਸਿੰਘ ਆਦਿ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਅੱਜ ਦਾ ਪ੍ਰੋਗਰਾਮ ਸਫਲ ਰਿਹਾ ਹੈ।
ਥਰਮਲ ਦੀਆਂ ਜੜ੍ਹਾਂ ਪੁੱਟਣ ਦੀ ਤਿਆਰੀ
ਇੰਪਲਾਈਜ਼ ਤਾਲਮੇਲ ਕਮੇਟੀ ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਸੰਧੂ ਨੇ ਦੋਸ਼ ਲਾਇਆ ਕਿ ਇੱਕ ਪਾਸੇ ਮਨਪ੍ਰੀਤ ਬਾਦਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਕੇਂਦਰ ਤੋਂ ਗਰਾਂਟ ਮੰਗ ਰਹੇ ਹਨ ਜਦੋਂਕਿ ਇਸੇ ਗੁਰੂ ਸਾਹਿਬ ਦੇ ਪੰਜ ਸੌ ਸਾਲਾ ਪ੍ਰਗਟ ਦਿਵਸ ਮੌਕੇ ਸਥਾਪਿਤ ਯਾਦਗਾਰ ਬਠਿੰਡਾ ਥਰਮਲ ਦੀਆਂ ਜੜ੍ਹਾਂ ਪੁੱਟਣ ਦੀ ਤਿਆਰੀ ਹੈ ਉਨ੍ਹਾਂ ਕਿਹਾ ਕਿ ਜਦੋਂ ਵੀ ਖ਼ਜ਼ਾਨਾ ਮੰਤਰੀ ਸ਼ਹਿਰ ‘ਚ ਦਾਖਲ ਹੋਣਗੇ, ਮੁਲਾਜ਼ਮਾਂ ਵੱਲੋਂ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ ਤੇ ਕਾਲੇ ਝੰਡੇ ਦਿਖਾਏ ਜਾਣਗੇ।
ਵੱਡੇ ਐਕਸ਼ਨ ਦੀ ਰਣਨੀਤੀ ਘੜੀ
ਥਰਮਲਜ਼ ਕੰਟਰੈਕਟ ਵਰਕਰਜ਼ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਵਿੱਤ ਮੰਤਰੀ ਦੀਆਂ ਚਾਲਾਂ ਖਿਲਾਫ ਉਹ 23 ਜਨਵਰੀ ਨੂੰ ਵੱਡਾ ਐਕਸ਼ਨ ਕਰਨਗੇ ਉਨ੍ਹਾਂ ਦੱਸਿਆ ਕਿ ਅੱਜ ਭਰਾਤਰੀ ਧਿਰਾਂ ਨਾਲ ਮੀਟਿੰਗ ਕਰਕੇ ਇਸ ਐਕਸ਼ਨ ਦੀ ਤਿਆਰੀ ਦਾ ਜਾਇਜ਼ਾ ਲਿਆ ਗਿਆ ਹੈ ਸ੍ਰੀ ਢਿੱਲੋਂ ਆਖਿਆ ਕਿ ਵਿੱਤ ਮੰਤਰੀ ਇਹ ਸਮਝ ਲੈਣ ਕਿ ਉਹ ਸਿਰਾਂ ‘ਤੇ ਕਫਨ ਬੰਨ੍ਹ ਕੇ ਤੁਰੇ ਹਨ ਤੇ ਆਪਣੇ ਘਰਾਂ ਨੂੰ ਖਾਲੀ ਹੱਥ ਨਹੀਂ ਪਰਤਣਗੇ।