ਥਰਮਲ ਮਾਮਲਾ : ਆਪ ਨੇ ਕੀਤਾ ਪ੍ਰਦਰਸ਼ਨ, ਪੁਲਿਸ ਨੇ ਅਸਫਲ ਕੀਤਾ ਵਿੱਤ ਮੰਤਰੀ ਦੇ ਦਫ਼ਤਰ ਦਾ ਘਿਰਾਓ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਰਹੇ ਖਾਸ ਨਿਸ਼ਾਨੇ ‘ਤੇ

ਬਠਿੰਡਾ (ਸੁਖਜੀਤ ਮਾਨ) | ਬਠਿੰਡਾ ਦਾ ਥਰਮਲ ਪਲਾਂਟ ਬੰਦ ਕਰਨ ਮਗਰੋਂ ਹੁਣ ਇਸ ਨੂੰ ਵੇਚਣ ਦਾ ਫੈਸਲਾ ਹੋ ਗਿਆ ਪਰ ਇਸਦਾ ਮਾਮਲਾ ਭਖਣ ਲੱਗਿਆ ਹੈ ਅੱਜ ਸਰਕਾਰ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਇਸੇ ਮਸਲੇ ‘ਤੇ ਇੱਥੇ ਗੋਲ ਡਿੱਗੀ ਕੋਲ ਰੋਸ ਪ੍ਰਦਰਸ਼ਨ ਕੀਤਾ ਆਪ ਦੇ ਕਰੀਬ ਅੱਧੀ ਦਰਜ਼ਨ ਵਿਧਾਇਕਾਂ ਅਤੇ ਵਰਕਰਾਂ ਵੱਲੋਂ ਪ੍ਰਦਰਸ਼ਨ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਬਠਿੰਡਾ ਸਥਿੱਤ ਦਫ਼ਤਰ ਦੇ ਘਿਰਾਓ ਦਾ ਪ੍ਰੋਗਰਾਮ ਵੀ ਸੀ ਜੋ ਪਹਿਲਾਂ ਤੋਂ ਹੀ ਮੁਸਤੈਦ ਪੁਲਿਸ ਨੇ ਅਸਫ਼ਲ ਕਰ ਦਿੱਤਾ

ਪੁਲਿਸ ਨੇ ਵਿੱਤ ਮੰਤਰੀ ਦੇ ਦਫ਼ਤਰ ਵੱਲ ਜਾਣ ਵਾਲੇ ਸਾਰੇ ਰਸਤਿਆਂ ਨੂੰ ਬੈਰੀਕੇਡ ਲਗਾ ਕੇ ਬੰਦ ਕੀਤਾ ਹੋਇਆ ਸੀ ਲੋੜ ਪੈਣ ‘ਤੇ ਵਰਤਣ ਲਈ ਪੁਲਿਸ ਨੇ ਪਾਣੀ ਦੀਆਂ ਬੋਛਾੜਾਂ ਮਾਰਨ ਵਾਲੀਆਂ ਗੱਡੀਆਂ ਵੀ ਤਿਆਰ ਰੱਖੀਆਂ ਸਨ ਧਰਨੇ ਵਾਲੀ ਥਾਂ ਤੋਂ ਘਿਰਾਓ ਲਈ ਤੁਰੇ ਵਿਧਾਇਕਾਂ ਤੇ ਵਰਕਰਾਂ ਨੂੰ ਪੁਲਿਸ ਨੇ ਉੱਥੇ ਨੇੜੇ ਹੀ ਫਾਇਰ ਬ੍ਰਿਗੇਡ ਚੌਂਕ ‘ਚ ਰੋਕ ਲਿਆ ਇਸ ਮੌਕੇ ਪੁਲਿਸ ਅਤੇ ਵਰਕਰਾਂ ‘ਚ ਆਪਸੀ ਖਿੱਚਧੂਹ ਵੀ ਹੋਈ ਅੱਗੇ ਨਾ ਜਾਣ ਦੇਣ ਤੋਂ ਰੋਹ ‘ਚ ਆਏ ਵਿਧਾਇਕਾਂ ਤੇ ਵਰਕਰਾਂ ਨੇ ਉੱਥੇ ਹੀ ਨਾਅਰੇਬਾਜ਼ੀ ਸ਼ੁਰੂ ਕਰਕੇ ਸੜਕ ‘ਤੇ ਧਰਨਾ ਲਗਾ ਦਿੱਤਾ

ਵੇਰਵਿਆਂ ਮੁਤਾਬਿਕ ਬਠਿੰਡਾ ਥਰਮਲ ਵੇਚਣ ਦੇ ਫੈਸਲੇ ਖਿਲਾਫ਼ ਅੱਜ ਆਮ ਆਦਮੀ ਪਾਰਟੀ ਵੱਲੋਂ ਇੱਥੇ ਰੋਸ ਪ੍ਰਦਰਸ਼ਨ ਕੀਤਾ ਗਿਆ ਰੋਸ ਪ੍ਰਦਰਸ਼ਨ ਦੌਰਾਨ ਧਰਨਾਕਾਰੀਆਂ ਨੇ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ ਧਰਨੇ ਦੌਰਾਨ ਬੁਲਾਰਿਆਂ ਨੇ ਸਰਕਾਰ ਪ੍ਰਤੀ ਕਾਫੀ ਤਿੱਖੀ ਸੁਰ ਰੱਖੀ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਖਾਸ ਨਿਸ਼ਾਨੇ ‘ਤੇ ਲਿਆ ਸੰਬੋਧਨ ਦੌਰਾਨ ਪੰਜਾਬ ਦੇ ਬਿਜਲੀ ਮੋਰਚੇ ਦੇ ਇੰਚਾਰਜ ਤੇ ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਜਿਸ ਬਿਜਲੀ ਅਤੇ ਲੈਂਡ ਮਾਫ਼ੀਏ ਦੀ ਕਮਾਨ ਪਹਿਲਾਂ ਸੁਖਬੀਰ ਸਿੰਘ ਬਾਦਲ ਕੋਲ ਸੀ

ਉਹ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥ ‘ਚ ਆ ਗਈ ਹੈ। ਉਨ੍ਹਾਂ ਕਿਹਾ ਕਿ ਵੋਟਾਂ ਵੇਲੇ ਮਨਪ੍ਰੀਤ ਬਾਦਲ ਕਹਿੰਦੇ ਰਹੇ ਕਿ ਉਹ ਇਸ ਥਰਮਲ ਦੀਆਂ ਚਿਮਨੀਆਂ ‘ਚੋਂ ਧੂੰਆਂ ਨਿੱਕਲਦਾ ਵੇਖਣਾ ਚਾਹੁੰਦੇ ਹਨ ਪਰ ਹੁਣ ਕਹਿ ਰਹੇ ਨੇ ਕਿ ਥਰਮਲ ਪੁਰਾਣਾ ਹੋ ਗਿਆ ਕੋਰ ਕਮੇਟੀ ਮੈਂਬਰ ਅਤੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਵੋਟਾਂ ਤੋਂ ਪਹਿਲਾਂ ਸ਼ਾਇਰਾਨਾ ਅੰਦਾਜ਼ ਵਿੱਚ ਗੱਲ ਕਰਨ ਵਾਲੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਇਸ ਗੱਲ ਦਾ ਵੀ ਖਿਆਲ ਰੱਖਣ ਕਿ ਜਿੰਨਾਂ ਬਠਿੰਡਾ ਦੇ ਲੋਕਾਂ ਨੇ ਤੁਹਾਨੂੰ ਜਿਤਾ ਕੇ ਵਿਧਾਨ ਸਭਾ ਭੇਜਿਆ,

ਉਨ੍ਹਾਂ ਦੀ ਬਦੌਲਤ ਤੁਸੀਂ ਵਿੱਤ ਮੰਤਰੀ ਬਣੇ ਅਤੇ ਉਨ੍ਹਾਂ ਲੋਕਾਂ ਨਾਲ ਥਰਮਲ ਨਾ ਬੰਦ ਕਰਨ ਦੇ ਕੀਤੇ ਵਾਅਦੇ ਤੋਂ ਭੱਜ ਰਹੇ ਹੋ ਅਤੇ ਬਠਿੰਡਾ ਦੀ ਸੰਪਤੀ ਅਤੇ ਪਹਿਚਾਣ ਨੂੰ ਖ਼ਤਮ ਕਰਨ ਜਾ ਰਹੇ ਹੋ । ‘ਆਪ’ ਆਗੂਆਂ ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਵਿਧਾਇਕ ਰੁਪਿੰਦਰ ਕੌਰ ਰੂਬੀ ਅਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਮੰਗ ਕੀਤੀ ਕਿ ਸਰਕਾਰ ਨੇ ਜੇਕਰ ਥਰਮਲ ਪਲਾਂਟ ਪੱਕੇ ਤੌਰ ‘ਤੇ ਬੰਦ ਕਰਨ ਵਾਲਾ ਮੰਦਭਾਗਾ ਫ਼ੈਸਲਾ ਲੈ ਹੀ ਲਿਆ ਹੈ ਤਾਂ ਇਹ ਜ਼ਮੀਨਾਂ ਉਨ੍ਹਾਂ ਕਿਸਾਨਾਂ ਨੂੰ ਵਾਪਸ ਕੀਤੀਆਂ ਜਾਣ, ਜਿੰਨਾ ਤੋਂ 1969 ‘ਚ ਥਰਮਲ ਪਲਾਂਟ ਲਈ ਲਈਆਂ ਗਈਆਂ ਸਨ।

ਸੜਕ ਤੋਂ ਲੈ ਕੇ ਸਦਨ ਤੱਕ ਹੋਵੇਗਾ ਵਿਰੋਧ : ਆਗੂ

ਇਸ ਮੌਕੇ ‘ਆਪ’ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਇਸ ਥਰਮਲ ਪਲਾਂਟ ਨੂੰ ਡਿਸਮੈਂਟਲ ਕਰਨ ਦਾ ਫ਼ੈਸਲਾ ਨਾ ਲਵੇ ਕਿਉਂਕਿ 2022 ‘ਚ ਆਪ ਦੀ ਸਰਕਾਰ ਬਣਨ ‘ਤੇ ਬਠਿੰਡਾ ਥਰਮਲ ਪਲਾਂਟ ਨੂੰ ਫਿਰ ਚਲਾਇਆ ਜਾਵੇਗਾ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਸਾਰੇ ਸਮਝੌਤੇ ਰੱਦ ਕੀਤੇ ਜਾਣਗੇ।

ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਪੰਜਾਬ ਇਸ ਦਾ ਸੜਕ ਤੋਂ ਲੈ ਕੇ ਸਦਨ ਤੱਕ ਵਿਰੋਧ ਕਰੇਗੀ, ਇਨ੍ਹਾਂ ਹੀ ਨਹੀਂ 2022 ਵਿੱਚ ‘ਆਪ’ ਦੀ ਸਰਕਾਰ ਬਣਨ ਉਪਰੰਤ ਅਜਿਹੇ ਸਾਰੇ ਮਾਮਲਿਆਂ ਦੀ ਜਾਂਚ ਲਈ ਇੱਕ ਸਪੈਸ਼ਲ ਜੁਡੀਸ਼ੀਅਲ ਜਾਂਚ ਕਮਿਸ਼ਨ ਗਠਿਤ ਕਰਕੇ ਇਸ ‘ਚ ਸ਼ਾਮਲ ਸਾਰੀਆਂ ਧਿਰਾਂ ਨੂੰ ਕਾਨੂੰਨ ਦੇ ਕਟਹਿਰੇ ‘ਚ ਖੜ੍ਹਾ ਕਰੇਗੀ ਅਤੇ ਸਾਰੀਆਂ ਸੰਪਤੀਆਂ ਵਾਪਿਸ ਸਰਕਾਰ ਦੇ ਅਧੀਨ ਲੈ ਕੇ ਆਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।